ਹੈ ਤਾਂ ਮੇਰਾ ਈ ਸਾਲਾ…!!

ਹੈ ਤਾਂ ਮੇਰਾ ਈ ਸਾਲਾ…!!

ਲਓ! ਕਰ ਲੋ ਗੱਲ!!
ਕਮਲ ਦੁਸਾਂਝ

ਹੈ ਤਾਂ ਮੇਰਾ ਈ ਸਾਲਾ…!!
ਵੱਡੇ ਬਾਦਲ- ਸੁੱਖਿਆ, ਤੂੰ ਇਹਨੂੰ ਹੁਣ ਕੁਛੜੇ ਚੁੱਕ ਲਿਐ…ਪਹਿਲਾਂ ਕਨ੍ਹੇੜੇ ਚੁੱਕਿਆ ਸੀ ਤਾਂ ਸਾਰੇ ਕਿਤੇ ਓਏ-ਤੋਏ ਹੋ ਗਈ…ਆਪਦੀ ਘਰਆਲੀ ਨੂੰ ਖ਼ੁਸ਼ ਕਰਨ ਦੇ ਚੱਕਰ ‘ਚ ਕਿਧਰੇ ਗੋਡੇ ਨਾ ਤੁੜਵਾ ‘ਲੀਂ।
ਛੋਟੇ ਬਾਦਲ- ਬਾਪੂ ਜੀ ਤੁਸੀਂ ਚੁੱਪ ਰਹੋ…ਮੈਨੂੰ ਪਤੈ ਮੈਂ ਕੀ ਕਰ ਰਿਹਾਂ…ਮੈਂ ਤਾਂ ਇਹਨੂੰ ਸਮਝਾ ਰਿਹਾਂ ਬਈ, ਮੀਡੀਆ ਵਿਚ ਫੋਟੋ ਇਸ ਹਿਸਾਬ ਨਾਲ ਦੇਣੀ ਹੈ ਕਿ ਬੱਸ ਕੇਰਾਂ ਬੱਲੇ ਬੱਲੇ ਹੋ ‘ਜੇ।
ਵੱਡੇ ਬਾਦਲ- ਇਹ ਤਾਂ ਆਪੇ ਮੀਡੀਆ ਵਾਲੇ ਕਰ ਲੈਣਗੇ…ਤੂੰ ਬੱਸ ਇਹਨੂੰ ਕੁਛੜੋਂ ਲਾਹ…ਲੋਕੀ ਗੱਲਾਂ ਕਰਦੇ ਨੇ…ਐਵੇਂ ਜਲੂਸ ਕੱਢਿਐ ਤੂੰ ਮੇਰਾ।
ਛੋਟੇ ਬਾਦਲ- ਓ ਬਾਪੂ, ਜਲੂਸ ਮੈਂ ਨੀਂ ਕੱਢਿਆ, ਆਹ ਥੋਡੇ ਮੀਡੀਆ ਵਾਲਿਆਂ ਨੇ ਕੱਢਿਐ…ਖਾਲੀ ਕੁਰਸੀਆਂ ਦੀਆਂ ਫੋਟੋਆਂ ਦਿਖਾ ਦਿਖਾ ਕੇ ਐਸੀ-ਤੇਸੀ ਫੇਰੀ ਜਾਂਦੇ ਆ ਆਪਣੀ। ਨਾਲੇ ਤੁਸੀਂ ਤਾਂ ਆਪਦੀ ਘਰਆਲੀ ਖ਼ੁਸ਼ ਕੀਤੀ ਨਾ…ਵਿਚਾਰੀ ਮੈਨੂੰ ਮੁੱਖ ਮੰਤਰੀ ਬਣਦਾ ਦੇਖਣ ਲਈ ਕਲਪਦੀ ਰਹੀ…ਹੁਣ ਮੈਂ ਤਾਂ ਆਪਦੀ ਨੂੰ ਖ਼ੁਸ਼ ਕਰਨੈ…। ਥੋਨੂੰ ਚਿੱਟਾ ਦਿਸੇ ਜਾਂ ਕਾਲਾ, ਹੈ ਤਾਂ ਇਹ ਮੇਰਾ ਹੀ ਸਾਲਾ।

ਮਿੱਤਰੋ, ਮੈਨੂੰ ਕੋਈ ਬੋਲਣ ਨੀਂ ਦਿੰਦਾ…!!
ਲਓ ਕਰ ਲੋ ਗੱਲ! ਮੋਦੀ ਸਾਹਿਬ ਕਹਿੰਦੇ, ਮੈਨੂੰ ਸੰਸਦ ਵਿਚ ਕੋਈ ਬੋਲਣ ਨਹੀਂ ਦਿੰਦਾ…। ਮੋਦੀ ਸਾਹਿਬ ਦੇ ਜੁਮਲੇ ਸੁਣ ਸੁਣ ਕੇ ਤਾਂ ਕੇਰਾਂ ਢਿੱਡੀ ਪੀੜਾਂ ਪੈ ਜਾਂਦੀਆਂ ਨੇ। ਨਾ ਉਹ ਟੈਲੀਵਿਜ਼ਨ ਛੱਡਣ, ਨਾ ਰੇਡੂਆ, ਨਾ ਕੋਈ ਰੈਲੀ, ਨਾ ਵਿਦੇਸ਼ੀ ਧਰਤੀ, ਹੋਰ ਤਾਂ ਹੋਰ ਆਹ ਚਾਰ ਦਿਨ ਪਹਿਲਾਂ ਦਾ ਨਜ਼ਾਰਾ ਹੀ ਦੇਖ ਲਓ…। ਬਹਿਰਾਈਚ (ਲਖਨਊ) ਆਉਣਾ ਸੀ ਰੈਲੀ ਸੰਬੋਧਨ ਕਰਨ। ਪਰ ਸੰਘਣੀ ਧੁੰਦ ਕਾਰਨ ਜਹਾਜ਼ ਉਤਰਨ ਦਾ ਨਾਂ ਨਾ ਲਵੇ ਪਰ ਮੋਦੀ ਮੋਦੀ ਸਾਹਿਬ ਚੁੱਪ ਹੋਣ ਦਾ ਨਾਂ ਕਿਵੇਂ ਲੈ ਸਕਦੇ ਨੇ…ਮੋਬਾਈਲ ਫ਼ੋਨ ਨਾਲ ਹੀ ਏਡੀ ਵੱਡੀ ਰੈਲੀ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਪੱਲੇ ਕਿਸੇ ਦੇ ਭਾਵੇਂ ਕੱਖ਼ ਨਾ ਪਵੇ…ਪਰ ਭਗਤਾਂ ਲਈ ਤਸੱਲੀ ਹੈ ਮੋਦੀ ਜੀ ਬੋਲ ਰਹੇ ਨੇ। ਮੋਦੀ ਜੀ ਹਰ ਥਾਂ ਬੋਲਦੇ ਨੇ ਬੱਸ ਸੰਸਦ ਉਨ੍ਹਾਂ ਨੂੰ ਪਸੰਦ ਨਹੀਂ। ਹੁਣ ਕੋਈ ਵਿਰੋਧੀ ਧਿਰ ਦੇ ਆਗੂ ਕਹਿਣ, ਬਈ ਸਾਨੂੰ ਸੰਸਦ ਵਿਚ ਬੋਲਣ ਦਾ ਮੌਕਾ ਨਹੀਂ ਮਿਲਦਾ, ਤਾਂ ਗੱਲ ਹਜਮ ਵੀ ਹੁੰਦੀ ਐ ਪਰ ਰੈਲੀਆਂ ਵਿਚ ਉਂਗਲ ਖੜ੍ਹੀ ਕਰਕੇ ਬੋਲਣ ਵਾਲੇ ਮੋਦੀ ਸਾਹਿਬ ਕਹਿਣ ਕਿ ਮੈਨੂੰ ਸੰਸਦ ਵਿਚ ਕੋਈ ਬੋਲਣ ਨੀਂ ਦਿੰਦਾ ਤਾਂ ਇਹਦੇ ਦੋ ਹੀ ਕਾਰਨ ਹੋ ਸਕਦੇ ਆ-ਇਕ ਤਾਂ ਮੋਦੀ ਜੀ ਕੋਲ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਨਹੀਂ, ਦੂਜਾ ਵਿਰੋਧੀ ਧਿਰ ਜ਼ਿਆਦਾ ਭਾਰੂ ਐ…। ਇਕ ਗੱਲ ਤਾਂ ਮੋਦੀ ਸਾਹਿਬ ਨੂੰ ਸਵੀਕਾਰਨੀ ਹੀ ਪਊ…। ਆਖ਼ਰ ਭਾਰਤ ਦੇ ਪ੍ਰਧਾਨ ਮੰਤਰੀ ਨੇ…ਮੌਨ ਰਹਿਣ ਵਾਲੇ ਮਨਮੋਹਨ ਤੋਂ ਬਾਅਦ ਮਸਾਂ ਤਾਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਿਆ…ਹੁਣ ਤਾਂ ਬੋਲੋ ਪਰ ਸੰਸਦ ਵਿਚ। ਵਿਰੋਧੀਆਂ ਦਾ ਟਾਕਰਾ ਕਰਨ ਤੋਂ ਝਿਜਕਦੇ ਮੋਦੀ ਸਾਹਿਬ ਕਿਤੇ ਜਾਅਲੀ ਲਾਲ ਕਿਲੇ ਵਾਂਗ ਸੰਸਦ ਵੀ ਨਕਲੀ ਨਾ ਬਣਾ ਕੇ ਬੋਲਣਾ ਸ਼ੁਰੂ ਕਰ ਦੇਣ…ਆਪਣੀ ਸੰਸਦ ਵਿਚ ਉਨ੍ਹਾਂ ਨੂੰ ਕਿਹੜਾ ਮਾਈ ਦਾ ਲਾਲ ਰੋਕੂ।

ਹੰਸ ਚਲਾ ਕੋਏ ਕੀ ਚਾਲ…!!
ਕਹਾਵਤ ਐ ਕਿ ‘ਹੰਸ ਚਲਾ ਕੋਏ ਕੀ ਚਾਲ, ਆਪਣੀ ਚਾਲ ਭੂਲਾ’। ਇਹੋ ਹਾਲ ਹੰਸ ਰਾਜ ਹੰਸ ਦਾ ਹੋਇਆ…। ਚੰਗਾ ਭਲਾ ਗੀਤ-ਸੰਗੀਤ ਦੁਨੀਆ ਵਿਚ ਨਾਮਨਾ ਖੱਟ ਰਿਹਾ ਸੀ…ਜਦੋਂ ਦਾ ਸਿਆਸਤ ‘ਚ ਪੈਰ ਧਰਿਆ, ਸਿਆਸੀ ਬੋਲੀ ਬੋਲਦਾ ਬੋਲਦਾ, ਆਪਣਾ ਕਿੱਤਾ ਵੀ ਭੁੱਲ ਗਿਆ। ਕਦੇ ਨੀਲਾ ਰੰਗ, ਕਦੇ ਚਿੱਟਾ ਰੰਗ ਤੇ ਹੁਣ ਭਗਵੇਂ ਰੰਗ ਵਿਚ ਰੰਗਿਆ ਗਿਆ। ਨੀਲੇ, ਚਿੱਟੇ ਤੇ ਕੇਸਰੀ ਰੰਗਾਂ ਵਿਚ ਹੰਸ ਦਾ ਆਪਣਾ ਰੰਗ ਗੁਆਚ ਹੀ ਗਿਆ। ਬੱਸ, ਹੁਣ ਤਾਂ ‘ਝਾੜੂ’ ਤੇ ‘ਟੋਪੀ’ ਦੀ ਕਸਰ ਰਹਿ ਗਈ ਐ…ਜੇ ਕੇਸਰੀ ਰੰਗ ਵਿਚ ਵੀ ਦਾਲ ਨਾ ਗਲੀ ਤਾਂ ਜਲਦੀ ਹੀ ਟੋਪੀ ਪਾ ਕੇ ਝਾੜੂ ਮਾਰਦੇ ਨਜ਼ਰ ਆਉਣਗੇ। ਪਰ ਪੱਲੇ ਉਥੇ ਵੀ ਕੁਝ ਨੀਂ ਪੈਣਾ…ਉਥੇ ਤਾਂ ਪਹਿਲਾਂ ਹੀ ਕੁੱਕੜ-ਖੇਡ ਚੱਲ ਰਹੀ ਹੈ…ਸਾਰੇ ਇਕ-ਦੂਜੇ ਦੀਆਂ ਲੱਤਾਂ ਧੂਹਣ ‘ਤੇ ਹੋਏ ਪਏ ਆ…ਹੰਸ ਸਾਹਿਬ ਜ਼ਰਾ ਬਚ ਕੇ ਮੋੜ ਤੋਂ!!

ਬੱਸ ਪਾਣੀਆਂ ‘ਤੇ ਨਾ ਤੁਸੀਂ ਬੋਲਣਾ…!!
ਬੈਂਸ- ਆਓ, ਕੇਜਰੀਵਾਲ ਸਾਹਿਬ ਥੋਡੇ ਦਸਤਾਰ ਸਜਾ ਦਿਆਂ…ਪੰਜਾਬ ‘ਚ ਆ ਕੇ ਥੋਡੇ ਟੋਪੀ ਜਚਦੀ ਨਹੀਂ…ਨਾਲੇ ਵਿਰੋਧੀ ਧਿਰ ਨੂੰ ਵੀ ਕਹਿਣ ਦਾ ਮੌਕਾ ਮਿਲ ਜਾਂਦੈ ਕਿ ਟੋਪੀ ਵਾਲਾ ਆ ਗਿਆ।
ਕੇਜਰੀਵਾਲ- ਬੈਂਸ ਜੀ, ਇਹ ਤਾਂ ਸਭ ਮੈਨੂੰ ਪਤੈ…ਮੈਂ ਕਿਹਾੜਾ ਪਹਿਲੀ ਵਾਰ ਪੰਜਾਬ ਆਇਆਂ…ਏਦੂੰ ਪਹਿਲਾਂ ਵੀ ਮੈਂ ਪੱਗ ਬੰਨ੍ਹ ਕੇ ਆਉਂਦਾ ਰਿਹਾਂ।
ਬੈਂਸ- ਨਹੀਂ ਜੀ, ਤੁਸੀਂ ਬੰਨ੍ਹੀ-ਬਣਾਈ ਪੱਗ ਸਿਰ ‘ਤੇ ਧਰ ਲੈਂਦੇ ਹੋ, ਮੈਂ ਵਧੀਆ ਬੰਨ੍ਹਾਗਾਂ, ਲੋਕਾਂ ਨੂੰ ਲੱਗਣੈ ਥੋਨੂੰ ਦਸਤਾਰ ਵੀ ਸਜਾਉਣੀ ਆਉਂਦੀ ਐ।
ਕੇਜਰੀਵਾਲ- ਫੇਰ ਠੀਕ ਐ…ਪਰ ਇਹ ਤਾਂ ਦੱਸੋ, ਮੈਂ ਕਹਿਣਾ ਕੀ-ਕੀ ਐ…ਤੁਸੀਂ ਆਪਣੇ ਮਸਲੇ ਵੀ ਗਿਣਾ ਦਿਓ…।
ਬੈਂਸ- ਉਂਜ ਤਾਂ ਜੀ ਤੁਸੀਂ ਬੋਲਣ ‘ਚ ਮਾਹਰ ਹੋ, ਮੈਂ ਥੋਨੂੰ ਕੀ ਦੱਸਣੈ…ਬੱਸ ਤੁਸੀਂ ਪਾਣੀਆਂ ‘ਤੇ ਕੁਝ ਨਾ ਬੋਲਣਾ…। ਜਦੋਂ ਪਾਣੀਆਂ ‘ਤੇ ਬੋਲਣਾ ਹੁੰਦੈ ਤਾਂ ਪਤਾ ਨਹੀਂ ਚਲਦਾ ਕਿ ਤੁਸੀਂ ਪੰਜਾਬੀਆਂ ਦੇ ਹੱਕ ਵਿਚ ਓ ਕਿ ਹਰਿਆਣਵੀਆਂ ਦੇ। ਸੋ, ਬਾਕੀ ਰੇਤ, ਬਜਰੀ ਮਾਫ਼ੀਆ ਵਗੈਰਾ ਵਗੈਰਾ…ਚਿੱਟਾ ਤਾਂ ਥੋਡੇ ਮੂੰਹ ‘ਤੇ ਵੈਸੇ ਈ ਚੜ੍ਹਿਆ ਹੋਇਐ…ਬੱਸ ਪਾਣੀ ਦਾ ਨਾਂ ਨਾ ਲੈਣਾ।