ਕਾਲੇ ਹਿਰਨਾਂ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ ਜੋਧਪੁਰ ਅਦਾਲਤ ਨੇ ਬਾਲੀਵੁਡ ਅਦਾਕਾਰ ਸਲਮਾਨ ਨੂੰ ਪੰਜ ਸਾਲ ਦੀ ਕੈਦ ਸੁਣਾਈ

ਕਾਲੇ ਹਿਰਨਾਂ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ ਜੋਧਪੁਰ ਅਦਾਲਤ ਨੇ ਬਾਲੀਵੁਡ ਅਦਾਕਾਰ ਸਲਮਾਨ ਨੂੰ ਪੰਜ ਸਾਲ ਦੀ ਕੈਦ ਸੁਣਾਈ

ਬਾਲੀਵੁਡ ਅਦਾਕਾਰ ਸਲਮਾਨ ਖ਼ਾਨ ਜੋਧਪੁਰ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚਦਾ ਹੋਇਆ।
ਜੋਧਪੁਰ,  ਬਿਊਰੋ ਨਿਊਜ਼।
ਇੱਥੋਂ ਦੀ ਇੱਕ ਅਦਾਲਤ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ(52) ਨੂੰ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸਨੂੰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਸਲਮਾਨ ਤੇ ਹੋਰਨਾਂ ਵਿਰੁੱਧ ਦੋ ਕਾਲੇ ਹਿਰਨਾਂ ਨੂੰ ਮਾਰਨ ਦੇ ਦੋਸ਼ ਵਿੱਚ ਅਕਤੂਬਰ 1998 ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਸਲਮਾਨ ਦੇ ਸਾਥੀਆਂ ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਅਤੇ ਇੱਕ ਸਥਾਨਕ ਵਿਅਕਤੀ ਦੁਸ਼ਿਅੰਤ ਸਿੰਘ ਨੂੰ ਸ਼ੱਕ ਦੇ ਆਧਾਰ ਉੱਤੇ ਬਰੀ ਕਰ ਦਿੱਤਾ ਹੈ। ਸਲਮਾਨ ਚੌਥੀ ਵਾਰ ਜੋਧਪੁਰ ਜੇਲ੍ਹ ਗਿਆ, ਜਿੱਥੇ ਕਿ ਪਹਿਲਾਂ ਹੀ ਕਥਿਤ ਬਾਬਾ ਆਸਾਰਾਮ ਬਾਪੂ ਵੀ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ।
ਜੇਲ੍ਹ ਅਧਿਕਾਰੀਆਂ ਅਨੁਸਾਰ ਸਲਮਾਨ ਖਾਨ ਨੂੰ ਬੇਹੱਦ ਸੁਰੱਖਿਅਤ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਇਸ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਸਲਮਾਨ ਖਾਨ ਨੇ ਇਸ ਤੋਂ ਪਹਿਲਾਂ 1998, 2006 ਅਤੇ ਸਾਲ 2007 ਵਿੱਚ ਕੁਲ 18 ਦਿਨ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਕੱਟੇ ਹਨ। ਸਜ਼ਾ ਤਿੰਨ ਸਾਲ ਤੋਂ ਵੱਧ ਹੋਣ ਕਾਰਨ ਸਲਮਾਨ ਹੁਣ ਉਪਰਲੀ ਅਦਾਲਤ ਵਿੱਚ ਸ਼ਜਾ ਵਿਰੁੱਧ ਅਪੀਲ ਕਰੇਗਾ।
ਇਸ ਮਾਮਲੇ ਵਿੱਚ ਅੰਤਿਮ ਜ਼ਿਰਹਾ 28 ਮਾਰਚ ਨੂੰ ਮੁਕੰਮਲ ਹੋ ਗਈ ਸੀ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਦੱਸਿਆ ਕਿ ਅਦਾਲਤ ਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਲਮਾਨ ਖਾਨ ਵਿਰੁੱਧ ਜੋਧਪੁਰ ਨੇੜੇ ਕਨਕਨੀ ਪਿੰਡ ਵਿੱਚ ਇੱਕ ਅਕਤੂਬਰ 1998 ਨੂੰ ਦੋ ਕਾਲੇ ਹਿਰਨ ਮਾਰਨ ਦੇ ਦੋਸ਼ ਵਿੱਚ ਜੰਗਲੀ ਜੀਵ ਜੰਤੂਆਂ ਦੀ ਰੱਖਿਆ ਸਬੰਧੀ ਕਾਨੂੰਨ ਦੀ ਧਾਰਾ 9/51  ਤਹਿਤ ਕੇਸ ਦਰਜ ਸੀ। ਉਹ ਇੱਥੇ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਕਰਨ ਆਇਆ ਸੀ।
ਅੱਜ ਜਦੋਂ ਅਦਾਲਤ ਨੇ ਫੈਸਲਾ ਸੁਣਾਇਆ ਤਾਂ ਸਾਰੇ ਮੁਲਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਦਾਲਤ ਵਿੱਚ ਹਾਜ਼ਰ ਸਨ।