ਮੇਰੀ ਡੋਰ ਪ੍ਰਮਾਤਮਾ ਦੇ ਹੱਥ- ਨਵਜੋਤ ਸਿੱਧੂ

ਮੇਰੀ ਡੋਰ ਪ੍ਰਮਾਤਮਾ ਦੇ ਹੱਥ- ਨਵਜੋਤ ਸਿੱਧੂ

‘ਅਪਣਾ ਭਾਰ ਮੈਂ ਅਪਣੇ ਮੋਢਿਆਂ ‘ਤੇ ਚੁਕਣ ਦੇ ਸਮਰੱਥ’
ਚੰਡੀਗੜ੍ਹ/ਨਿਊਜ਼ ਬਿਊਰੋ:
ਪੰਜਾਬ ਦੇ ਚਰਚਿਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, ”ਮੈਂ ਦੇਸ਼ ਦੀ ਨਿਆਂਪਾਲਿਕਾ ਨੂੰ ਸਮਰਪਿਤ ਹਾਂ ਤੇ ਅਦਾਲਤ ਜੋ ਵੀ ਫੈਸਲਾ ਕਰੇਗੀ, ਉਸ ਦੀ ਪਾਲਣਾ ਕਰਾਂਗਾ। ਮੈਂ ਸਾਰਾ ਕੁਝ ਪ੍ਰਮਾਤਮਾ ‘ਤੇ ਛੱਡਿਆ ਹੋਇਆ ਹੈ ਤੇ ਮੈਨੂੰ ਭਰੋਸਾ ਹੈ ਕਿ ਸਾਰਾ ਕੁਝ ਸਹੀ ਹੋਵੇਗਾ। ਮੇਰੇ ਮੋਢੇ ਮੇਰਾ ਭਾਰ ਚੁੱਕਣ ਲਈ ਕਾਫੀ ਮਜ਼ਬੂਤ ਹਨ।”
ਆਪਣੇ ਵਿਰੁੱਧ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਵਿੱਚ ਪੰਜਾਬ ਸਰਕਾਰ ਵੱਲੋਂ  ਇਕ ਦਿਨ ਪਹਿਲਾਂ ਲਏ ਗਏ ਸਟੈਂਡ ਤੋਂ ਸ੍ਰੀ ਸਿੱਧੂ ਅੰਦਰੋਂ ਕਾਫ਼ੀ ਨਾਖੁਸ਼ ਜਾਪਦੇ ਸਨ ਪਰ ਉਨ੍ਹਾਂ ਇਹ ਨਾਖੁਸ਼ੀ ਚਿਹਰੇ ‘ਤੇ ਝਲਕਣ ਨਹੀਂ ਦਿੱਤੀ ਤੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਉਹ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਇਨਸਾਨ ਹਨ ਤੇ ਉਹ ਸਹੀ ਮਾਰਗ ‘ਤੇ ਚਲਦੇ ਰਹਿਣਗੇ। ਪੰਜਾਬ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਕੈਬਨਿਟ ਮੰਤਰੀ ਵਿਰੁੱਧ ਕੇਸ ਵਿੱਚ ਪੇਸ਼ ਹੁੰਦਿਆਂ ਕਿਹਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਦੇਣ ਦਾ ਫੈਸਲਾ ਸਹੀ ਸੀ ਤੇ ਸਰਕਾਰ ਆਪਣੇ ਪਹਿਲੇ ਸਟੈਂਡ ‘ਤੇ ਕਾਇਮ ਹੈ। ਸਰਕਾਰ ਦੇ ਇਸ ਸਟੈਂਡ ਕਾਰਨ ਰਾਜਨੀਤਕ ਤੇ ਖਾਸ ਕਰਕੇ ਕਾਂਗਰਸ ਹਲਕਿਆਂ ਵਿੱਚ ਤਿੱਖੀ ਚਰਚਾ ਚੱਲ ਰਹੀ ਹੈ ਤੇ ਹਰ ਕੋਈ ਆਪੋ ਆਪਣੀ ਸਮਝ ਮੁਤਾਬਕ ਵਿਆਖਿਆ ਕਰ ਰਿਹਾ ਹੈ।
ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਸਬੰਧੀ ਵਕੀਲਾਂ ਦੀ ਇਤਫਾਕ ਰਾਏ ਨਹੀਂ ਹੈ । ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ ਨੂੰ ਫੌਜਦਾਰੀ ਕੇਸਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸਹੀ ਸਟੈਂਡ ‘ਤੇ ਕਾਇਮ ਰਹਿਣਾ ਚਾਹੀਦਾ ਹੈ ਰਾਜ ਸਰਕਾਰ ਦਾ ਇਸ ਕੇਸ ਵਿੱਚ ਸਟੈਂਡ ਸਹੀ ਹੈ। ਇਕ ਹੋਰ ਸੀਨੀਅਰ ਵਕੀਲ ਨੇ ਕਿਹਾ ਕਿ ਸਰਕਾਰ ਆਪਣੇ ਸਟੈਂਡ ਨੂੰ ਨਰਮ ਕਰ ਸਕਦੀ ਸੀ ਤੇ ਚੁੱਪ ਵੀ ਰਹਿ ਸਕਦੀ ਸੀ ਤੇ ਕੇਸ ਦੇ ਕਮਜ਼ੋਰ ਪੱਖਾਂ ਤੋਂ ਵੀ ਅਦਾਲਤ ਨੂੰ ਜਾਣੂ ਕਰਵਾ ਸਕਦੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਅਰਸੇ ਵਿੱਚ ਕੇਂਦਰ ਸਰਕਾਰ ਸਮੇਤ ਰਾਜ ਸਰਕਾਰਾਂ ਨੇ ਵੱਖ ਵੱਖ ਕੇਸਾਂ ਵਿੱਚ ਸਟੈਂਡ ਬਦਲੇ ਹਨ।
ਸੀਨੀਅਰ ਵਕੀਲ ਆਰ.ਐਸ. ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਲਏ ਸਟੈਂਡ ਨਾਲੋਂ ਵੱਖਰਾ ਸਟੈਂਡ ਲੈ ਸਕਦੀ ਸੀ। ਇਸ ਮੁੱਦੇ ਨੂੰ ਰਾਜਨੀਤਕ ਹਲਕਿਆਂ ਵਿੱਚ ਵੱਖਰੇ ਹੀ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ 2006 ਵਿੱਚ ਹਾਈ ਕੋਰਟ ਨੇ ਕੇਸ ਦਾ ਫੈਸਲਾ ਸੁਣਾਇਆ ਸੀ, ਉਸ ਸਮੇਂ ਵੀ ਪੰਜਾਬ ਵਿੱਚ ਕੈਪਟਨ ਸਰਕਾਰ ਸੀ ਤੇ ਹੁਣ ਵੀ ਕੈਪਟਨ ਸਰਕਾਰ ਹੈ ਜਿਸ ਨੇ ਆਪਣੇ ਮੰਤਰੀ ਦੇ ਹੱਕ ਵਿਚ ਸਟੈਂਡ ਲੈਣ ਦੀ ਬਜਾਏ ਵਿਰੁੱਧ ਸਟੈਂਡ ਲੈਣ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਨੇ ਕੈਪਟਨ ਵਿਰੁੱਧ ਚਲ ਰਹੇ ਕੇਸ ਵਿਚ ਆਪਣਾ ਫੈਸਲਾ ਬਦਲਿਆ ਸੀ। ਇਸ ਲਈ ਇਸ ਮਾਮਲੇ ਦਾ ਸੂਬੇ ਦੀ ਰਾਜਨੀਤੀ ‘ਤੇ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।