ਵਿਸਾਖੀ ਮੌਕੇ ਕਾਨਫਰੰਸਾਂ ‘ਚ ਅਕਾਲੀਆਂ ਤੇ ਕਾਂਗਰਸੀਆਂ ‘ਚ ਸਿਆਸੀ ਯੁੱਧ

ਵਿਸਾਖੀ ਮੌਕੇ ਕਾਨਫਰੰਸਾਂ ‘ਚ ਅਕਾਲੀਆਂ ਤੇ ਕਾਂਗਰਸੀਆਂ ‘ਚ ਸਿਆਸੀ ਯੁੱਧ

ਤਲਵੰਡੀ ਸਾਬੋ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ।

ਤਲਵੰਡੀ ਸਾਬੋ/ਬਿਊਰੋ ਨਿਊਜ਼:
ਦਮਦਮਾ ਸਾਹਿਬ ਵਿਖੇ ਵਿਸਾਖੀ ਦਿਹਾੜੇ ਮੌਕੇ ਹੋਈ ਕਾਂਗਰਸ ਸਰਕਾਰ ਦੀ ਕਾਨਫ਼ਰੰਸ ਖ਼ੁਸ਼ਕ ਰਹੀ। ਇਸ ‘ਚ ਨਾ ਕੋਈ ਏਜੰਡਾ, ਨਾ ਕੋਈ ਨਾਅਰਾ, ਨਾ ਕੋਈ ਜੋਸ਼ ਤੇ ਨਾ ਕੋਈ ਉਤਸ਼ਾਹ ਦਿਖਾਈ ਦਿੱਤਾ। ਅਫ਼ਸਰ ਆਪਣੀ ਡਿਊਟੀ ਵਜਾਉਂਦੇ ਰਹੇ ਤੇ ਲੀਡਰ ਸੁਸਤਾਉਂਦੇ ਰਹੇ। ਹਲਕਿਆਂ ਵਿੱਚੋਂ ਵਰਕਰ ਲਿਆਉਣ ਲਈ ਵੀ ਕੋਈ ਤਾਣ ਨਹੀਂ ਲੱਗਾ। ਕਾਨਫ਼ਰੰਸ ‘ਚ ਨਾ ਕੋਈ ਨਾਅਰਾ ਗੂੰਜਿਆ ਤੇ ਨਾ ਹੀ ਲੋਕਾਂ ਨੇ ਲੀਡਰਾਂ ਦੇ ਭਾਸ਼ਣਾਂ ਦਾ ਹੁੰਗਾਰਾ ਭਰਿਆ। ਕਾਂਗਰਸ ਹਕੂਮਤ ਬਣਨ ਮਗਰੋਂ ਦੂਜੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸਾਖੀ ਦਿਹਾੜੇ ਉੱਤੇ ਨਾ ਪੁੱਜੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਿਸਾਖੀ ਕਾਨਫ਼ਰੰਸ ਦੇ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਇੱਕ ਵਰ੍ਹੇ ਦੀ ਕਾਰਗੁਜ਼ਾਰੀ ‘ਤੇ ਸਫ਼ਾਈ ਪੇਸ਼ ਕੀਤੀ। ਰਾਜ ਪੱਧਰੀ ਸਮਾਗਮਾਂ ‘ਚ ਪੰਚਾਇਤੀ ਚੋਣਾਂ ਦੇ ਚਰਚੇ ਹੋਏ ਅਤੇ ਲੰਗਰ ਤੇ ਰਾਜ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਮੁਆਫ਼ ਕੀਤੇ ਜੀਐਸਟੀ ਨੂੰ ਪ੍ਰਾਪਤੀ ਵਜੋਂ ਉਭਾਰਿਆ ਗਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਭਾਸ਼ਣ ‘ਚ ਖ਼ਾਲਸਾ ਸਾਜਣਾ ਦਿਵਸ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਕਾਂਗਰਸ ਸਰਕਾਰ ਤਰਫ਼ੋਂ ਸਤੰਬਰ 2018 ਤੱਕ 10 ਲੱਖ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ, ਜਿਸ ਲਈ ਸਰਕਾਰ ਨੇ ਖ਼ੁਦ ਕਰਜ਼ਾ ਚੁੱਕਿਆ ਹੈ। ਕਰਜ਼ਾ ਮੁਆਫ਼ੀ ਦੇ ਚਾਰ ਪੜਾਅ ਮੁਕੰਮਲ ਹੋ ਗਏ ਹਨ। ਇਸੇ ਤਰ੍ਹਾਂ ਦਲਿਤ ਪਰਿਵਾਰਾਂ ਵੱਲੋਂ ਐੱਸ ਸੀ/ਬੀ ਸੀ ਕਾਰਪੋਰੇਸ਼ਨ ਤੋਂ ਲਿਆ ਗਿਆ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਵੀ ਸੂਬਾ ਸਰਕਾਰ ਵੱਲੋਂ ਮੁਆਫ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਆਖਿਆ ਕਿ ਸਰਕਾਰ ਨੇ ਇੱਕ ਵਰ੍ਹੇ ਵਿੱਚ ਆਪਣੇ ਖ਼ਰਚੇ 102 ਫ਼ੀਸਦੀ ਤੋਂ ਘਟਾ ਕੇ 88 ਫ਼ੀਸਦੀ ਕਰ ਲਏ ਹਨ ਅਤੇ ਜਲਦੀ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਦੋ ਮਹੀਨੇ ਹਕੂਮਤ ਦੇ ਮੰਗਣ ਵਾਲੇ ਸੁਖਬੀਰ ਬਾਦਲ ਦਾ ਢਿੱਡ 10 ਵਰ੍ਹਿਆਂ ‘ਚ ਭਰਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਭਾਗ-ਦੂਜਾ ਦੇ ਮੁਕੰਮਲ ਹੋਣ ਨਾਲ ਪੰਜਾਬ ਨੂੰ 200 ਮੈਗਾਵਾਟ ਸਸਤੀ ਅਤੇ ਪ੍ਰਦੂਸ਼ਣ ਰਹਿਤ ਵਾਧੂ ਬਿਜਲੀ ਮਿਲੇਗੀ। ਇਸ ਪ੍ਰਾਜੈਕਟ ਤੋਂ 75000 ਏਕੜ ਰਕਬੇ ਨੂੰ ਸਿੰਜਾਈ ਲਈ ਪਾਣੀ ਦਿੱਤਾ ਜਾਵੇਗਾ।

ਲੰਗਰ ਤੋਂ ਜੀਐੱਸਟੀ ਹਟਾਉਣ ਦਾ ਮਸਲਾ ਮੋਦੀ 
ਕੋਲ ਉਠਾਉਣ ਤੋਂ ਵੀ ਡਰਦੀ ਹੈ ਹਰਸਿਮਰਤ
ਉਨ੍ਹਾਂ ਆਖਿਆ ਕਿ ਪੰਥਕ ਪਾਰਟੀ ਦੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਕੋਲ ਲੰਗਰ ਤੋਂ ਜੀਐਸਟੀ ਹਟਾਏ ਜਾਣ ਬਾਰੇ ਮੂੰਹ ਨਹੀਂ ਖੋਲ੍ਹਿਆ। ਤੇਲਗੂ ਦੇਸਮ ਦੇ ਦੋ ਵਜ਼ੀਰਾਂ ਨੇ ਆਂਧਰਾ ਪ੍ਰਦੇਸ਼ ਦੇ ਹਿਤਾਂ ਲਈ ਅਸਤੀਫ਼ੇ ਦੇ ਦਿੱਤੇ ਹਨ, ਹਰਸਿਮਰਤ ਨੂੰ ਕੇਂਦਰ ‘ਚ ਬੈਠਣ ਦਾ ਕੀ ਅਧਿਕਾਰ ਹੈ ? ਉਨ੍ਹਾਂ ਕਿਹਾ ਕਿ ਇਸੇ ਵਿੱਦਿਅਕ ਸੈਸ਼ਨ ਤੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਅਤੇ ਮਾਨਸਾ ਬੱਸ ਅੱਡਿਆਂ ਦਾ ਵਿਕਾਸ ਅਤੇ ਸੁੰਦਰੀ-ਕਰਨ ਕੀਤਾ ਜਾਵੇਗਾ। ਉਨ੍ਹਾਂ ਤਲਵੰਡੀ ਸਾਬੋ ਅਤੇ ਰਾਮਾਂ ਵਿੱਚ ਵੱਡੇ ਪਾਰਕ ਵਿਕਸਿਤ ਕਰਨ ਲਈ 1 ਕਰੋੜ ਰੁਪਏ ਦੇ ਫ਼ੰਡ ਦੇਣ ਦਾ ਐਲਾਨ ਕੀਤਾ। ਤਲਵੰਡੀ ਸਾਬੋ ਦੇ ਕਾਂਗਰਸੀ ਇੰਚਾਰਜ ਖੁਸ਼ਬਾਜ਼ ਜਟਾਣਾ ਨੇ ਸਵਾਗਤ ਕਰਦਿਆਂ ਤਲਵੰਡੀ ਸਾਬੋ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਪਹਿਲੀ ਦਫ਼ਾ ਹੋਇਆ ਕਿ ਕਾਨਫ਼ਰੰਸ ਵਿੱਚ ਕੋਈ ਨਾਅਰਾ ਨਹੀਂ ਗੂੰਜਿਆ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਤਾਂ ਸਿਹਤ ਠੀਕ ਨਾ ਹੋਣ ਦੀ ਗੱਲ ਆਖ ਕੇ ਭਾਸ਼ਨ ਦੇਣ ਤੋਂ ਮੁਆਫ਼ੀ ਮੰਗ ਲਈ। ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਅਤੇ ਇੱਕ ਵੀ ਕੇਸ ਵਿਰੋਧੀਆਂ ਉੱਤੇ ਦਰਜ ਨਹੀਂ ਕੀਤਾ। ਉਨ੍ਹਾਂ ਪੰਚਾਇਤੀ ਚੋਣਾਂ ਲਈ ਚੰਗੇ ਉਮੀਦਵਾਰ ਲੱਭਣ ਦੀ ਅਪੀਲ ਕੀਤੀ। ਕਾਨਫ਼ਰੰਸ ਨੂੰ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਕੁਸ਼ਲਦੀਪ ਢਿੱਲੋਂ, ਸਾਬਕਾ ਵਿਧਾਇਕ ਗੁਰਜੰਟ ਕੁੱਤੀਵਾਲ, ਜ਼ਿਲ੍ਹਾ ਪ੍ਰਧਾਨ ਨਰਿੰਦਰ ਭਲੇਰੀਆ, ਵਿਕਰਮ ਮੋਫਰ, ਮੰਜੂ ਬਾਂਸਲ, ਸ਼ਹਿਰੀ ਪ੍ਰਧਾਨ ਮੋਹਨ ਝੁੰਬਾ, ਟਹਿਲ ਸਿੰਘ ਸੰਧੂ, ਡਾ.ਸਤਪਾਲ ਭਠੇਜਾ, ਹਲਕਾ ਇੰਚਾਰਜ ਹਰਵਿੰਦਰ ਲਾਡੀ, ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਐਸ.ਐਸ.ਪੀ.ਨਵੀਨ ਸਿੰਗਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਆਦਿ ਵੀ ਹਾਜ਼ਰ ਸਨ।

 

ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੇ ਹਮੇਸ਼ਾ  ਹੀ ਪੰਜਾਬ ਦੇ ਹੱਕਾਂ ਉੱਤੇ ਡਾਕਾ-ਸੁਖਬੀਰ ਬਾਦਲ

‘ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਵਿੱਚੋਂ ਕੱਢਿਆ ਜਾਵੇ’

SAD president Sukhbir singh Badal with senior party leaders during Baisakhi celebration rally at Talwandi sabo on Saturday.- Tribune photo: Pawan sharma
ਤਲਵੰਡੀ ਸਾਬੋ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਮੰਚ ‘ਤੇ ਬੈਠੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ।

ਤਲਵੰਡੀ ਸਾਬੋ/ਬਿਊਰੋ ਨਿਊਜ਼:
ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲ ਰਹੇ ਵਿਸਾਖੀ ਮੇਲੇ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਆਪਣੀ ਕਾਨਫਰੰਸ ਪੁਰਾਣੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਿਆ ਹੈ ਤੇ ਵਿਤਕਰਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪਿਛਲੇ ਦਸ ਸਾਲ ਦੇ ਰਾਜ ਵਿੱਚ ਬਾਦਲ ਪਰਿਵਾਰ ਆਮ ਲੋਕਾਂ ਵਿੱਚ ਰਹਿੰਦਾ ਸੀ, ਜਿਸ ਕਰਕੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਮਿਲੀਆਂ ਅਤੇ ਵਿਕਾਸ ਕਾਰਜ ਹੋਏ ਪਰ ਦੂਜੇ ਪਾਸੇ ਕਾਂਗਰਸ ਦੀ ਸਰਕਾਰ ਦਾ ਇੱਕ ਸਾਲ ਦਾ ਸਮਾਂ ਬੀਤ ਜਾਣ ਉੱਤੇ ਇੱਕ ਵੀ ਪੈਸਾ ਵਿਕਾਸ ‘ਤੇ ਨਹੀਂ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਨੇ ਰਿਪੋਰਟ ਜਲਦੀ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਤੋਂ ਜੀਐਸਟੀ ਹਟਾਉਣ ਦਾ ਭਰੋਸਾ ਵੀ ਦਿੱਤਾ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਸਰਕਾਰ ਉਸ ਨੂੰ ਦੋਸ਼ੀ ਕਹਿ ਚੁੱਕੀ ਹੈ ਤਾਂ ਉਸ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ।
ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਵਿਸਾਖੀ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਚਾਨਣਾ ਪਾਉਂਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਸੰਗਤ ਨੂੰ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਫੂਕ ਨਿੱਕਲ ਚੁੱਕੀ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦਾ ਭੱਠਾ ਬਿਠਾਉਣ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਮਾਰ ਰਿਹਾ ਹੈ। ਕਾਂਗਰਸ ਦੀ ਸਰਕਾਰ ਬਣੀ ਨੂੰ ਚਾਰ ਸੌ ਦਿਨ ਨਹੀਂ ਹੋਏ,ਪਰ ਚਾਰ ਸੌ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾ ਕੇ ਰਹਾਂਗੇ, ਨਹੀਂ ਤਾਂ ਕਾਂਗਰਸੀ ਮੰਤਰੀਆਂ ਨੂੰ ਸੜਕਾਂ ‘ਤੇ ਚੜ੍ਹਨ ਨਹੀਂ ਦੇਵਾਂਗੇ।
ਕਾਨਫਰੰਸ ਨੂੰ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਜੀਤ ਮੁਹਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ। ਇਸ ਮੌਕੇ ਸੰਤ ਟੇਕ ਸਿੰਘ ਧਨੌਲਾ, ਜਗਦੀਪ ਸਿੰਘ ਨਕੱਈ, ਗੁਰਪ੍ਰੀਤ ਸਿੰਘ ਮਲੂਕਾ, ਡਾਇਰੈਕਟਰ ਮੋਹਨ ਸਿੰਘ ਮਿਰਜੇਆਣਾ, ਭਾਗ ਸਿੰਘ ਕਾਕਾ, ਸੁਖਬੀਰ ਸਿੰਘ ਚੱਠਾ ਕੌਮੀ ਯੂਥ ਆਗੂ, ਮੇਜਰ ਸਿੰਘ ਮਿਰਜੇਆਣਾ, ਜਸਪਾਲ ਸਿੰਘ ਲਹਿਰੀ, ਸਰੂਪ ਸਿੰਗਲਾ, ਗੁਰਸੇਵਕ ਸਿੰਘ ਝੁਨੀਰ, ਹਰਪਾਲ ਸਿੰਘ ਗਾਟਵਾਲੀ ਆਦਿ ਆਗੂ ਅਤੇ ਵੱਡੀ ਗਿਣਤੀ ਵਰਕਰ ਸ਼ਾਮਲ ਸਨ।

ਝਲਕੀਆਂ
*    ਦਮਦਮੇ ਦੀ ਵਿਸਾਖੀ ‘ਤੇ ਢਾਡੀ ਜਥੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਸੰਗ ਸੁਣਾਇਆ, ‘ਨਾਲ ਅਰੂਸਾ ਤੁਰ ਜਾਂਦਾ ਉਹ ਪਾਕਿਸਤਾਨ ਕੁੜੇ, ਕੋਈ ਪਤਾ ਨਹੀਂ ਲੱਗਿਆ, ਉਹਦਾ ਵੋਟਾਂ ਤੋਂ ਬਾਅਦ ਕੁੜੇ’।
*    ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਭਾਸ਼ਨ ਵਿੱਚ ਮਨਪ੍ਰੀਤ ਤੇ ਨਵਜੋਤ ਸਿੱਧੂ ਨੂੰ ਲਾਏ ਰਗੜੇ।
*   ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਕਾਨਫਰੰਸ ‘ਚੋਂ  ਗੈਰਹਾਜ਼ਰੀ ਰੜਕੀ।
* ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੂੰ ਸੁਖਬੀਰ ਅਤੇ ਮਜੀਠੀਆ ਨੇ ਨਿਸ਼ਾਨੇ ‘ਤੇ ਰੱਖਿਆ।
* ਕਾਂਗਰਸੀ ਕਾਨਫਰੰਸ ਵਿੱਚ ਮਨਪ੍ਰੀਤ ਬਾਦਲ ਨੇ ਤਾਏ ਦੀ ਤਰਜ਼ ‘ਤੇ ਸੁਣਾਈਆਂ ਪੇਂਡੂ ਕਹਾਣੀਆਂ।
* ਕਾਂਗਰਸ ਦੀ ਕਾਨਫਰੰਸ ‘ਚੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਗੈਰਹਾਜ਼ਰ ਰਹੇ।