ਮੋਦੀ ਦਾ ਦਾਅਵਾ: ਭਾਰਤ ‘ਚ ਨਹੀਂ ਹੁੰਦਾ ਕਿਸੇ ਵੀ ਧਰਮ ਨਾਲ ਪੱਖਪਾਤ

ਮੋਦੀ ਦਾ ਦਾਅਵਾ: ਭਾਰਤ ‘ਚ ਨਹੀਂ ਹੁੰਦਾ ਕਿਸੇ ਵੀ ਧਰਮ ਨਾਲ ਪੱਖਪਾਤ

ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਧਰਮ ਨਾਲ ਪੱਖ-ਪਾਤ ਨਹੀਂ ਕਰਦਾ ਅਤੇ ਭਾਰਤ ਦਾ ਕਿਸੇ ਵਿਚਾਰਧਾਰਾ ਦੇ ਸਕੂਲ ਜਾਂ ਕਿਸੇ ਹੋਰ ਮੁਲਕ ‘ਤੇ ਹਮਲਾ ਕਰਨ ਦਾ ਕੋਈ ਇਤਿਹਾਸ ਵੀ ਨਹੀਂ ਰਿਹਾ ਹੈ। ਸ੍ਰੀ ਮੋਦੀ ਇੱਥੇ ਬੁੱਧ ਪੂਰਨਿਮਾ ਨੂੰ ਸਮਰਪਿਤ ਕਰਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਮਨੁੱਖਤਾ ‘ਤੇ ਆਧਾਰਤ ਹਨ ਅਤੇ ਦੇਸ਼ ਨੂੰ ਮਾਣ ਹੈ ਕਿ ਫਲਸਫੇ ਦਾ ਜਨਮ ਇੱਥੇ ਹੋਇਆ। ਸੱਭਿਆਚਾਰ ਮੰਤਰਾਲੇ ਵੱਲੋਂ ਕਰਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਕਿਸੇ ਵੀ ਮੁਲਕ ਜਾਂ ਕਿਸੇ ਵੀ ਵਿਚਾਰਧਾਰਾ ‘ਤੇ ਹਮਲਾ ਕਰਨ ਦਾ ਭਾਰਤ ਦਾ ਕੋਈ ਵੀ ਇਤਿਹਾਸ ਜਾਂ ਰਵਾਇਤ ਨਹੀਂ ਹੈ। ਅਸੀਂ ਧਰਮਾਂ ਵਿਚਾਲੇ ਕਿਸੇ ਕਿਸਮ ਦਾ ਕੋਈ ਫਰਕ ਮਹਿਸੂਸ ਨਹੀਂ ਹੁੰਦਾ।’
ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਜਿੰਨੀਆਂ ਵੀ ਵਿਚਾਰਧਾਰਾਵਾਂ ਦਾ ਜਨਮ ਹੋਇਆ ਉਹ ਸਾਰੀਆਂ ਮਨੁੱਖਤਾ ‘ਤੇ ਆਧਾਰਿਤ ਹਨ ਅਤੇ ਅੱਜ ਦੇ ਸਮੇਂ ਦੁਨੀਆ ‘ਚ ਮਨੁੱਖਤਾ ਤੇ ਸੰਵੇਦਨਾ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਇਸ ਮੌਕੇ ਸ੍ਰੀ ਮੋਦੀ ਨੇ ਜਪਾਨ, ਸ੍ਰੀਲੰਕਾ ਤੇ ਵੀਅਤਨਾਮ ਵਰਗੇ ਮੁਲਕਾਂ ਤੋਂ ਆਏ ਹੋਏ ਭਿਕਸ਼ੂਆਂ ਨੂੰ ਸੰਘ ਦਾਨ ਵੀ ਦਿੱਤਾ।