ਦਿਆਲ ਸਿੰਘ ਕਾਲਜ ਦੇ ਮਾਮਲੇ ‘ਚ ਦਖ਼ਲ ਨਹੀਂ ਦੇ ਸਕਦੀ ਸਰਕਾਰ : ਸਿਨਹਾ

ਦਿਆਲ ਸਿੰਘ ਕਾਲਜ ਦੇ ਮਾਮਲੇ ‘ਚ ਦਖ਼ਲ ਨਹੀਂ ਦੇ ਸਕਦੀ ਸਰਕਾਰ : ਸਿਨਹਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿਆਲ ਸਿੰਘ (ਈਵਨਿੰਗ) ਕਾਲਜ ਦਾ ਨਾਮ ਵੰਦੇਮਾਤਰਮ ਦਿਆਲ ਸਿੰਘ ਕਾਲਜ ਰੱਖੇ ਜਾਣ ਤੋਂ ਪੈਦਾ ਹੋਏ ਵਿਵਾਦ ਦੌਰਾਨ ਸੰਸਥਾ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਖੁਦਮੁਖਤਿਆਰ ਸੰਸਥਾ ਹੈ ਅਤੇ ਸਰਕਾਰ ਉਸ ਦੇ ਪ੍ਰਸ਼ਾਸਕੀ ਮਾਮਲਿਆਂ ਚ ਦਖ਼ਲ ਨਹੀਂ ਦੇ ਸਕਦੀ। ਉਨ੍ਹਾਂ ਸਿੱਧੇ ਤੌਰ ‘ਤੇ ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨਾਲ ਆਢਾ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਵੰਗਾਰਿਆ ਹੈ। ਸ੍ਰੀ ਜਾਵੜੇਕਰ ਨੇ ਕਿਹਾ ਸੀ ਕਿ ਸਰਕਾਰ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਮੰਤਰਾਲੇ ਦੀ ਸਹਿਮਤੀ ਤੋਂ ਬਿਨਾਂ ਕਾਲਜ ਦਾ ਨਾਮ ਬਦਲੇ ਜਾਣ ਕਰਕੇ ਉਹ ਪ੍ਰਬੰਧਕ ਕਮੇਟੀ ਖ਼ਿਲਾਫ਼ ਕਾਰਵਾਈ ਕਰਨਗੇ।
ਵੀਰਵਾਰ ਨੂੰ ਇਥੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸਿਨਹਾ ਨੇ ਕਿਹਾ, ”ਐਚਆਰਡੀ ਮੰਤਰੀ ਨੂੰ ਕੋਈ ਬਿਆਨ ਦੇਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ।” ਸਿਨਹਾ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਉਸ ਨੇ ਜਾਵੜੇਕਰ ਨਾਲ ਮੁਲਾਕਾਤ ਕੀਤੀ ਸੀ ਤਾਂ ਜ਼ੋਰ ਦਿੱਤਾ ਸੀ ਕਿ ਮਾਮਲਾ ਵਾਈਸ ਚਾਂਸਲਰ ਅਤੇ ਗਵਰਨਿੰਗ ਬਾਡੀ ਵੱਲੋਂ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ (ਜਾਵੜੇਕਰ) ਨੇ ਇਸ ਚ ਦਿਲਚਸਪੀ ਦਿਖਾਈ ਸੀ। ਉਸ ਨੇ ਕਿਹਾ, ”ਅਸੀਂ ਵਿਚਕਾਰਲਾ ਰਾਹ ਲੱਭਦਿਆਂ ਕਾਲਜ ਦਾ ਨਾਮ ਵੰਦੇਮਾਤਰਮ ਦਿਆਲ ਸਿੰਘ ਕਾਲਜ ਰੱਖ ਦਿੱਤਾ। ਮੈਂ ਨਹੀਂ ਜਾਣਦਾ ਕਿ ਉਹ (ਜਾਵੜੇਕਰ) ਕਿਸੇ ਦਬਾਅ ਹੇਠ ਹਨ ਜਾਂ ਜ਼ੋਰ ਦਿਖਾਉਣ ਦੀ ਰਣਨੀਤੀ ਹੈ।”
ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਕਾਲਜ ਦਾ ਨਾਮ ਬਦਲ ਕੇ ਪ੍ਰਸ਼ਾਸਨ ਨੇ ਕੁਝ ਵੀ ਗਲਤ ਜਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੁਝ ਵੀ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਜੋ ਕੁਝ ਲੋੜੀਂਦਾ ਸੀ, ਉਹ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਸਾਲਾਨਾ ਸਮਾਗਮ ਚ ਨਵੇਂ ਨਾਮ ਵਾਲਾ ਬੈਨਰ ਲਗਾਇਆ ਸੀ। ਉਂਜ ਦਿੱਲੀ ਯੂਨੀਵਰਸਿਟੀ ਨੇ ਅਜੇ ਅੰਤਮ ਫ਼ੈਸਲਾ ਲੈਣਾ ਹੈ ਪਰ ਗਵਰਨਿੰਗ ਬਾਡੀ ਪ੍ਰਸ਼ਾਸਕੀ ਫਰਜ਼ਾਂ ਨੂੰ ਦੇਖਣ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਜੇਕਰ ਐਚਆਰਡੀ ਮੰਤਰੀ ਇਸ ਲਈ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ ਰੱਖਦੇ ਹਨ ਤਾਂ ਅਜਿਹੇ ਕਦਮ ਦਾ ਸਵਾਗਤ ਹੈ।ਜ਼ਿਕਰਯੋਗ ਹੈ ਕਿ ਸ੍ਰੀ ਜਾਵੜੇਕਰ ਨੇ ਕਿਹਾ ਸੀ ਕਿ ਦਿਆਲ ਸਿੰਘ ਕਾਲਜ ਦਾ ਨਾਮ ਨਹੀਂ ਬਦਲਿਆ ਜਾ ਸਕਦਾ ਹੈ।