ਛੱਤੀਸਗੜ ‘ਚ ਨਕਸਲੀਆਂ ਵੱਲੋਂ ਬਰੂਦੀ ਸੁਰੰਗ ਰਾਹੀਂ ਪੁਲਿਸ ‘ਤੇ ਹਮਲਾ, ਸੱਤ ਦੀ ਮੌਤ

ਛੱਤੀਸਗੜ ‘ਚ ਨਕਸਲੀਆਂ ਵੱਲੋਂ ਬਰੂਦੀ ਸੁਰੰਗ ਰਾਹੀਂ ਪੁਲਿਸ ‘ਤੇ ਹਮਲਾ, ਸੱਤ ਦੀ ਮੌਤ

ਰਾਏਪੁਰ/ਬਿਊਰੋ ਨਿਊਜ਼ :
ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਵਲੋਂ ਵਿਛਾਈ ਬਾਰੂਦੀ ਸੁਰੰਗ ਦੀ ਲਪੇਟ ‘ਚ ਆਉਣ ਨਾਲ ਪੁਲਿਸ ਦੇ 7 ਜਵਾਨ ਮਾਰੇ ਗਏ। ਇਨ੍ਹਾਂ ‘ਚ ਪੰਜ ਛੱਤੀਸਗੜ੍ਹ ਹਥਿਆਰਬੰਦ ਪੁਲਿਸ ਦੇ ਅਤੇ ਇਕ ਜ਼ਿਲ੍ਹਾ ਪੁਲਿਸ ਦਾ ਜਵਾਨ ਹੈ। ਇਕ ਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਰਾਏਪੁਰ ਭੇਜ ਦਿੱਤਾ ਗਿਆ ਹੈ। ਦਾਂਤੇਵਾੜਾ ਰੇਂਜ ਦੇ ਡੀ.ਜੀ. ਰਤਨ ਲਾਲ ਡਾਂਗੀ ਨੇ ਦੱਸਿਆ ਕਿ ਕਿਰਨਦੂਲ ਚੌਲਨਾਰ ਮਾਰਗ ‘ਤੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿੱਥੇ ਮਜ਼ਦੂਰਾਂ ਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਲਈ ਛੱਤੀਸਗੜ੍ਹ ਹਥਿਆਰਬੰਦ ਪੁਲਿਸ ਤੇ ਜ਼ਿਲ੍ਹਾ ਪੁਲਿਸ ਦਾ ਸਾਂਝਾ ਦਸਤਾ ਕਿਰਨਦੁਲ ਤੋਂ ਕੰਮ ਵਾਲੇ ਸਥਾਨ ਵੱਲ ਰਵਾਨਾ ਹੋਇਆ ਸੀ। ਚੋਲਨਾਰ ਦੇ ਜੰਗਲਾਂ ‘ਚ ਨਕਸਲੀਆਂ ਨੇ ਜਵਾਨਾਂ ਦੇ ਰਸਤੇ ‘ਚ ਬਾਰੂਦੀ ਸੁਰੰਗ ਲਗਾ ਦਿੱਤੀ, ਜਿਸ ਦੀ ਲਪੇਟ ਵਿਚ ਜਵਾਨਾਂ ਦਾ ਵਾਹਨ ਆ ਗਿਆ। ਪੰਜ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਏ 2 ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਹੋਰ ਜਵਾਨ ਨੇ ਦਮ ਤੋੜ ਦਿੱਤਾ, ਜਦੋਂ ਕਿ ਇਕ ਜਵਾਨ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਲ੍ਹਾ ਪੁਲਿਸ ਦੇ ਰਾਮ ਕੁਮਾਰ ਯਾਦਵ, ਕਾਂਸਟੇਬਲ ਤਿਕੇਸ਼ਵਰ ਧਰੁਵ ਤੇ ਸਹਾਇਕ ਕਾਂਸਟੇਬਲ ਸ਼ਾਲਿਕ ਰਾਮ ਸਿਨਹਾ ਸ਼ਾਮਿਲ ਹਨ ਜਦੋਂ ਕਿ ਛੱਤੀਸਗੜ੍ਹ ਹਥਿਆਰਬੰਦ ਪੁਲਿਸ ਦੇ ਮ੍ਰਿਤਕ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਵਿਕਰਮ ਯਾਦਵ ਅਤੇ ਕਾਂਸਟੇਬਲ ਰਾਜੇਸ਼ ਕੁਮਾਰ ਸਿੰਘ, ਰਵੀਨਾਥ ਪਟੇਲ ਅਤੇ ਅਰਜੁਨ ਰਾਜਭਰ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਵਾਹਨ ਦੇ ਚੀਥੜੇ ਉੱਡ ਗਏ ਅਤੇ ਜ਼ਮੀਨ ‘ਚ 10 ਫੁੱਟ ਡੂੰਘਾ ਟੋਆ ਪੈ ਗਿਆ। ਵਾਹਨ ਵਿਚ ਕੁੱਲ 7 ਜਵਾਨ ਸਵਾਰ ਸਨ। ਨਕਸਲੀ ਜਵਾਨਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ, ਜਿਨ੍ਹਾਂ ਵਿਚ ਦੋ ਏਕੇ. 47, ਦੋ ਇੰਸਾਸ ਤੇ ਦੋ ਐਸ.ਐਲ.ਆਰ. ਰਾਈਫਲਾਂ ਸ਼ਾਮਿਲ ਹਨ।
ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇਸ ਘਟਨਾ ਦਾ ਮੂੰਹਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਦਾਂਤੇਵਾੜਾ ਜ਼ਿਲ੍ਹੇ ਵਿਚ ਆਈਈਡੀ. ਲਗਾ ਕੇ ਜਵਾਨਾਂ ‘ਤੇ ਹਮਲੇ ਨੂੰ ਜਿੱਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਾਇਰਤਾਪੂਰਨ ਕੰਮ ਦੱਸਿਆ ਹੈ, ਉੱਥੇ ਰਮਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰੱਖਿਆ ਬਲ ਜਲਦ ਹੀ ਇਸ ਹਮਲੇ ਦਾ ਮੂੰਹਤੋੜ ਜਵਾਬ ਦੇਣਗੇ।