ਕ੍ਰਿਸ਼ਨਾ ਮੁਰਾਰੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ

ਕ੍ਰਿਸ਼ਨਾ ਮੁਰਾਰੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ  ਸਹੁੰ ਚੁੱਕੀ

ਚੰਡੀਗੜ੍ਹ/ਬਿਊਰੋ ਨਿਊਜ਼ :
ਅਲਾਹਾਬਾਦ ਹਾਈ ਕੋਰਟ ਦੇ ਸੀਨੀਅਰ ਜੱਜ ਰਹੇ ਜਸਟਿਸ ਕ੍ਰਿਸ਼ਨਾ ਮੁਰਾਰੀ ਨੂੰ ਹਰਿਆਣਾ ਰਾਜ ਭਵਨ ਵਿਚ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਜੋਂ ਸਹੁੰ ਚੁਕਾਈ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਾਈ ਕੋਰਟ ਦੇ ਸਿਟਿੰਗ ਤੇ ਸੇਵਾਮੁਕਤ ਜੱਜ ਤੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਜਸਟਿਸ ਮੁਰਾਰੀ ਦਾ ਜਨਮ 9 ਜੁਲਾਈ 1958 ਨੂੰ ਹੋਇਆ ਸੀ ਤੇ ਜੱਜ ਬਣਨ ਤੋਂ ਪਹਿਲਾਂ ਉਹ ਦੀਵਾਨੀ ਮਾਮਲਿਆਂ ਦੀ ਵਕਾਲਤ ਵੀ ਕਰਦੇ ਰਹੇ ਸਨ।
ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਖਿਆ ਕਿ ਵੱਡੀ ਗਿਣਤੀ ਵਿਚ ਬਕਾਇਆ ਪਏ ਕੇਸਾਂ ਦੀ ਸਮੱਸਿਆ ਨਿਆਂ ਪ੍ਰਣਾਲੀ ਦੀ ‘ਸਭ ਤੋਂ ਵੱਡੀ ਦੁਸ਼ਮਣ’ ਹੈ ਪਰ ਉਨ੍ਹਾਂ ਇਹ ਵੀ ਆਖਿਆ ਕਿ ਇਸ ਨਾਲ ਸਿੱਝਣ ਲਈ ਕੋਈ ਸਿੱਧ-ਪੱਧਰਾ ਫਾਰਮੂਲਾ ਕਾਰਗਰ ਨਹੀਂ ਹੋ ਸਕਦਾ। ਇਸ ਸਬੰਧੀ ਸਾਵੀਂ ਪਹੁੰਚ ਅਪਣਾਉਣ ‘ਤੇ ਜ਼ੋਰ ਦਿੰਦਿਆਂ ਚੀਫ ਜਸਟਿਸ ਮੁਰਾਰੀ ਨੇ ਕਿਹਾ ਕਿ ਕੇਸਾਂ ਦੀ ਵੰਨਗੀ ਤੇ ਮੌਜੂਦਾ ਸਥਿਤੀਆਂ ਨੂੰ ਵੀ ਧਿਆਨ ‘ਚ ਰੱਖਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਉਹ ਬਕਾਇਆ ਕੇਸਾਂ ਦੇ ਮਸਲੇ ਦਾ ਅਧਿਐਨ ਕਰਨ ਤੋਂ ਬਾਅਦ ਇਸ ਸਮੱਸਿਆ ਨਾਲ ਸਿੱਝਣ ਦੇ ਤੌਰ ਤਰੀਕੇ ਤਿਆਰ ਕਰਨਗੇ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਸਮੇਂ 3.40 ਲੱਖ ਕੇਸ ਬਕਾਇਆ ਹਨ। ਕਈ ਕੇਸਾਂ ਵਿੱਚ ਤਾਂ ਪੈਰਵੀ ਕਰਨ ਵਾਲੇ ਪਟੀਸ਼ਨਰ ਵੀ ਫ਼ੌਤ ਹੋ ਚੁੱਕੇ ਹਨ। ਇਸ ਵੇਲੇ ਸਾਲ 2000 ਤੱਕ ਦਾਇਰ ਕੀਤੀਆਂ ਰੈਗੁਲਰ ਸੈਕਿੰਡ ਅਪੀਲਾਂ ਆਰਐਸਏਜ਼ ਤੇ ਸਿਵਿਲ ਰਿੱਟ ਪਟੀਸ਼ਨਾਂ ‘ਤੇ ਨਿਯਮਤ ਸੁਣਵਾਈ ਕੀਤੀ ਜਾ ਰਹੀ ਹੈ। ਚਾਰ ਜੱਜਾਂ ਨੂੰ 2016 ਤੱਕ ਦਾਇਰ ਕੀਤੀਆਂ ਆਰਐਸਏਜ਼ ਉੱਤੇ ਤਰਜੀਹੀ ਤੌਰ ‘ਤੇ ਸੁਣਵਾਈ ਦਾ ਜਿੰਮਾ ਸੌਂਪਿਆ ਗਿਆ ਹੈ।