ਛਾਤੀ ਪਿੱਟਣ ‘ਚ ਕਾਹਦੀ ਸੰਗ!!

ਛਾਤੀ ਪਿੱਟਣ ‘ਚ ਕਾਹਦੀ ਸੰਗ!!

ਲਓ! ਕਰ ਲੋ ਗੱਲ!!
ਕਮਲ ਦੁਸਾਂਝ

ਛਾਤੀ ਪਿੱਟਣ ‘ਚ ਕਾਹਦੀ ਸੰਗ!!
ਸਰਜੀਕਲ ਸਟਰਾਈਕ ਮੋਦੀ ਸਰਕਾਰ ਦਾ ਅਜਿਹਾ ਜਿੰਨ ਹੈ ਜੋ ਆਪਣੇ ਆਕਾ ਮੁਤਾਬਕ ਸ਼ਕਲੋ-ਸੂਰਤ ਬਦਲ ਰਿਹੈ ਪਰ ਤੁਹਾਨੂੰ ਗੁੱਸਾ ਕਿਉਂ ਆ ਰਿਹੈ। ਅਗਲੇ ਦਾ ਜਿੰਨ ਐ…ਜੋ ਮਰਜ਼ੀ ਕਰੇ। ਜੇ ਤੁਸੀਂ ਕੁਝ ਬੋਲੇ ਤਾਂ ਖ਼ਬਰਦਾਰ …ਇਹ ਸਾਡੀ ਫ਼ੌਜ ਦਾ ਅਪਮਾਨ ਹੋਵੇਗਾ…ਭਾਰਤ ਦਾ ਅਪਮਾਨ ਹੋਵੇਗਾ…ਰਾਸ਼ਟਰ ਵਿਰੋਧੀ ਗੱਲਾਂ ਨਾ ਕਰੋ ਤੁਸੀਂ…ਤੁਹਾਨੂੰ ਬੋਲਣ ਦਾ ਹੱਕ ਭਲਾ ਕਿਹਨੇ ਦਿੱਤਾ। ਇਕ ‘ਜਿੰਨ’ ਮਨੋਹਰ ਪਰੀਕਰ ਨਿਤ ਮੋਦੀ ਸਰਕਾਰ ਦਾ ਗੁਣਗਾਣ ਕਰ ਰਿਹੈ, ਅਖੇ-ਸਰਜੀਕਲ ਸਟਰਾਈਕ ਕਰਨ ਲਈ ਮੋਦੀ ਵਰਗੀ ਚੋੜੀ ਛਾਤੀ ਚਾਹੀਦੀ ਐ…ਇਹ ਤਾਂ ਮੋਦੀ ਜੀ ਹੀ ਸਨ ਜਿਨ੍ਹਾਂ ਨੇ ਏਡਾ ਵੱਡਾ ਫ਼ੈਸਲਾ ਲਿਆ…ਨਾਲੇ ਇਹਦੇ ਪਿਛੇ ਸੰਘ ਪਰਿਵਾਰ ਸ਼ਾਮਲ ਦੀ ਸਿੱਖਿਆ ਐ ਜੀ…ਜੇ ਉਹ ਨਾ ਉਕਸਾਉਂਦੀ ਤਾਂ ਮੋਦੀ ਜੀ ਨੇ ਵੀ ‘ਕੱਲਿਆਂ ਏਨੀ ਹਿੰਮਤ ਕਿਵੇਂ ਕਰਨੀ ਸੀ…। ਭਾਈ ਗੱਲ ਤਾਂ ਥੋਡੀ ਠੀਕ ਆ ਪਰ ਲਗਦੈ ਭਾਰਤੀ ਫ਼ੌਜ ਤਾਂ ਛੁਣਛੁਣਾ ਲੈ ਕੇ ਬੈਠੀ ਐ…ਬਈ ਜਦੋਂ ਮੋਦੀ ਜੀ ਦਾ ਤੇ ਸੰਘ ਪਰਿਵਾਰ ਦਾ ਹੁਕਮ ਹੋਊ ਤਾਂ ਸਰਹੱਦ ਪਾਰ ਕਰਕੇ ਹਮਲਾ ਕਰ ਆਵਾਂਗੇ…ਸਾਡੇ ਵਿਚ ਏਨਾ ਦਮ ਕਿੱਥੇ?!!
ਨਈਂ…ਨਈਂ…ਤੁਸੀਂ ਗ਼ਲਤ ਸੁਣਦੇ ਓ, ਗ਼ਲਤ ਬੋਲਦੇ, ਗ਼ਲਤ ਸਮਝਦੇ ਓ…ਜੇ ਮੋਦੀ ਤੇ ਸੰਘ ਆਪਣੀ ਛਾਤੀ ਠੋਕਦੇ ਆ ਤਾਂ ਉਹ ਫ਼ੌਜ ਦਾ ਅਪਮਾਨ ਨਹੀਂ ਕਰਦੇ, ਇਹ ਤਾਂ ਵਿਰੋਧੀਆਂ ਨੂੰ ਐਵੇਂ ਬੋਲਣ ਦੀ ਆਦਤ ਐ…ਕਿ ਸਰਜੀਕਲ ਸਟਰਾਈਕ ਹੋਇਆ ਈ ਨਹੀਂ…। ਜ਼ਰਾ ਪਰੀਕਰ ਸਾਹਿਬ ਨੂੰ ਪੁਛ ਕੇ ਦੇਖੋ! ਇੰਜ ਰੋਜ਼ ਉੱਚੀ ਉੱਚੀ ਸੰਘ ਪਾੜ ਕੇ ਦੱਸ ਰਹੇ ਨੇ ਜਿਵੇਂ ਫ਼ੌਜ ਨਹੀਂ…ਉਹੀ ਸਰਹੱਦ ਪਾਰ ਕਰਕੇ ਸਰਜੀਕਲ ਹਮਲੇ ਕਰਕੇ ਆਏ ਹੋਣ। ਮੋਦੀ, ਪਰੀਕਰ, ਸੰਘ ਸਾਰੇ ‘ਸੰਗ-ਸੰਗ’ ਫੇਰ ਭਲਾ ਛਾਤੀ ਪਿੱਟਣ ਵਿਚ ਕਾਹਦੀ ‘ਸੰਗ’!!!
ਪਤੰਜਲੀ ਪਟਾਕੇ!!!
ਖ਼ਬਰਦਾਰ ਜੇ ਤੁਸੀਂ ਚੀਨੀ ਪਟਾਕਿਆਂ ਦਾ ਨਾਂ ਵੀ ਲਿਆ। ਤੁਸੀਂ ਸ਼ੁੱਧ ਭਾਰਤੀ ਹੋ…ਚੀਨੀ ਪਟਾਕੇ ਵਜਾ ਕੇ ਦੇਸ਼ ਨਾਲ ਗ਼ੱਦਾਰੀ ਕਰਦੇ ਹੋ…ਸ਼ਰਮ ਕਰੋ…। ਖਾਓ ਕਸਮ ਕਿ ਤੁਸੀਂ ਇਸ ਵਾਰ ਸਿਰਫ਼ ਦੇਸ਼ ਵਿਚ ਬਣੇ ਪਟਾਕੇ ਹੀ ਵਜਾਓਗੇ…ਚੀਨ ਨੂੰ ਠੁੱਸ ਕਰੋਗੇ…।
”ਇਹੋ ਜਿਹਾ ਕੀ ਹੋ ਗਿਆ ਜਨਾਬ?”
ਲਓ! ਥੋਨੂੰ ਨਹੀਂ ਪਤਾ…ਆਹ ਚੀਨ ਸਾਡੇ ‘ਦੁਸ਼ਮਣ ਗਵਾਂਢੀ’ ਪਾਕਿਸਤਾਨ ਨਾਲ ਜਾ ਕੇ ਰਲ਼ ਗਿਐ…ਬਾਈਕਾਟ ਕਰੋ ਇਹਦਾ।
”ਜੀ, ਚੀਨ ਦੇ ਪਟਾਕੇ ਸਸਤੇ ਆ…ਆਹ ਭਾਰਤ ਦੇ ਮਹਿੰਗੇ…”
ਸਸਤੇ-ਸੁਸਤੇ ਨੂੰ ਮਾਰੋ ਗੋਲੀ…ਤੁਸੀਂ ਦੇਸ਼ ਨਾਲ ਗ਼ੱਦਾਰੀ ਨਹੀਂ ਕਰ ਸਕਦੇ। ਮੋਦੀ ਜੀ ਨੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਸਰਜੀਕਲ ਸਟਰਾਈਕ ਕੀਤੇ ਆ, ਤੁਸੀਂ ਦੁਸ਼ਮਣ ਦੇ ਸਾਥੀ ਦਾ ਸਾਥ ਦਿਓਂਗੇ…ਸ਼ਰਮ ਨਹੀਂ ਆਉਂਦੀ ਤੁਹਾਨੂੰ ਭਲਾ?
”ਪਰ ਜਨਾਬ…ਆਹ ਗੁਜਰਾਤ ਵਿਚ ਮੋਦੀ ਜੀ ਜਿਹੜਾ ਸਰਦਾਰ ਪਟੇਲ ਦਾ ਉੱਚਾ ਲੰਬਾ ਲੱਖਾਂ ਰੁਪਏ ਦਾ ਬੁੱਤ ਬਣਾ ਰਹੇ ਨੇ, ਉਹ ਵੀ ਤਾਂ ਚੀਨ ਤਿਆਰ ਕਰ ਰਿਹੈ…ਨਾਲੇ ਚੀਨ ਨਾਲ ਪੂਰਾ ਇੰਪੋਰਟ-ਐਕਸਪੋਰਟ ਦਾ ਕਾਰੋਬਾਰ ਹੋ ਰਿਹੈ…ਸਰਕਾਰ ਦੀ ਮਨਜ਼ੂਰੀ ਨਾਲ ਈ ਮਾਲ ਭਾਰਤ ਪੁੱਜਦਾ ਐ…ਸਿੱਧਾ ਇਹੀ ਬੰਦ ਕਰ ਦਿਓ…। ਵੱਡੇ ਕਾਰੋਬਾਰੀਆਂ ਨੇ ਚੀਨ ਦਾ ਮਾਲ ਚੁੱਕ ਕੇ ਮੇਰੇ ਵਰਗੇ ਮਾਤੜ੍ਹ ਦੁਕਾਨਦਾਰਾਂ ਕੋਲ ਸੁੱਟ ਦਿੱਤਾ, ਜਿਨ੍ਹਾਂ ਮਾੜਾ-ਮੋਟਾ ਤਿਓਹਾਰਾਂ ਦਾ ਖੱਟਣਾ ਸੀ…। ਹੁਣ ਉਹ ਵਿਚਾਰੇ ਕਿੱਥੇ ਜਾਣ?”
ਨਾ…ਨਾ…ਇਹ ਹੁਕਮ ਸਿਰਫ਼ ਥੋਡੇ ਲਈ ਐ…ਜੇ ਤੁਸੀਂ ਦੇਸ਼ ਦਾ ਬਣਿਆ ਮਾਲ ਨਹੀਂ ਖਰੀਦੋਗੇ ਤਾਂ ਇਨ੍ਹਾਂ ਦੇਸੀ ਬਾਬਿਆਂ ਦੇ ਅਰਬਾਂ-ਖਰਬਾਂ ਰੁਪਏ ਦੇ ਵਪਾਰ ਦਾ ਕੀ ਬਣੂ? ਉਹ ਵਿਚਾਰੇ ਲੁੱਟੇ ਜਾਣਗੇ!! ਤੁਸੀਂ ਜ਼ਰਾ ਰਾਸ਼ਟਰਵਾਦ, ਰਾਸ਼ਟਰਵਾਦ ਦਾ ਨਾਅਰਾ ਮਾਰੋ…ਮੈਂ ਬਾਬਾ ਰਾਮਦੇਵ ਨੂੰ ਸਲਾਹ ਦੇ ਆਵਾਂ-ਬਈ ਮੰਡੀ ‘ਚ ਥਾਂ ਖਾਲੀ ਐ…ਜ਼ਰਾ ਪਤੰਜਲੀ ਪਟਾਕਾ ਛੱਡ ਦੇ…ਤੇਰੇ ਵਾਰੇ-ਨਿਆਰੇ!!!
ਵਾਹ ਨੀਂ ਬਾਦਲ ਸਰਕਾਰੇ!!!
ਵਾਹ ਨੀਂ ਬਾਦਲ ਸਰਕਾਰੇ…’ਅਪਣਿਆਂ ਨੂੰ ਚੋਪੜੇ ਪਰੌਂਠੇ ਤੇ ਗ਼ਰੀਬਾਂ ਨੂੰ ਡੰਡੇ ਮਾਰੇ। ਵਿਰੋਧੀ ਧਿਰ ਕਾਂਗਰਸ ਤਾਂ ਭਲਾ ਕੁਰਸੀ ਦੀ ਲੜਾਈ ਲੜ ਰਹੀ ਐ…ਦਸ ਸਾਲ ਹੋ’ਗੇ…ਪਿਛਲੀ ਵਾਰ ਵੀ ਕੁਰਸੀ ਦੀਆਂ ਲੱਤਾਂ ਨੂੰ ਹੱਥ ਪਾਈ ਬੈਠੇ ਸੀ…ਬਹਿ ਫੇਰ ਬਾਦਲ ਸਾਹਿਬ ਗਏ…। ਇਸ ਵਾਰ ਤਾਂ ਪੂਰਾ ਟਿੱਲ ਲਾ ਰਹੀ ਐ…ਮੁੱਦਾ…ਮੁੱਦਿਆਂ ਦੀ ਤਾਂ ਜੀ ਕੋਈ ਕਮੀ ਨਹੀਂ…ਬਾਕੀ ਛੱਡੋ, ਆਹ ਚਿੱਟਾ ਈ ਬਥੇਰਾ ਪੜਥੂ ਪਾਈ ਜਾਂਦੈ…। ਲੁਧਿਆਣੇ ‘ਚ ਕਾਂਗਰਸੀ ਬਹਿ ਗਏ ਚਿੱਟਾ ਰਾਵਣ ਫੂਕਣ…ਅਕਾਲੀਆਂ ਦੀ ਅਣਖ ਨੂੰ ਸਿੱਧਾ ਹੱਥ ਪਾ ਦਿੱਤਾ ਜੀ ਇਨ੍ਹਾਂ ਨੇ…ਲਓ ਹੋ ਗਿਆ ਘਮਸਾਨ ਯੁੱਧ…ਚੱਲਣ ਦੇ ਡਾਂਗਾ…ਜਿੱਥੇ ਪੈਂਦੀਆਂ ਪੈਣਦੇ…ਅੱਧੇ ਕਾਂਗਰਸ ਡੱਕਤੇ ਥਾਣੇ…ਡੱਕਣੇ ਹੀ ਸੀ…ਜਦ ਸਰਕਾਰ ਬਾਦਲ ਸਾਹਿਬ ਦੀ ਐ…। ਕਾਂਗਰਸੀਆਂ ਨੂੰ ਹੋਰ ਤੱਤਾ ਮੁੱਦਾ ਮਿਲ ਗਿਐ…ਬਾਦਲ ਦੇ ਘਰ ਮੂਹਰੇ ਜਾ ਡੇਰੇ ਲਾਏ…। ਬਾਦਲ ਸਾਹਿਬ ਨੇ ਵੀ ਪੂਰੀ ਮਹਿਮਾਨਨਵਾਜ਼ੀ ਕੀਤੀ…ਗਰਮਾ-ਗਰਮ ਪਰੌਂਠੇ…ਚਾਰ ਦਾ ਲੰਗਰ ਤਿਆਰ ਬਰ ਤਿਆਰ ਮਿਲਿਆ। ਨਾਲੇ ਬਾਦਲ ਸਾਹਿਬ ਹੱਥ ਜੋੜ ਕੇ ਖੜ੍ਹੇ-ਭਲੇਓ ਲੋਕੋ…ਤੁਸੀਂ ਮੇਰਾ ਪੁਤਲਾ ਫੂਕ ਲੋ…ਲੜਦੇ ਕਾਹਤੇ ਆਂ।
ਹੁਣ ਬਾਦਲ ਸਾਹਿਬ ਨੂੰ ਭਲਾ ਕੌਣ ਪੁੱਛੇ ਕਿ ਚਿੱਟੇ ਦਾ ਪੁਤਲਾ ਸਾੜਨ ‘ਚ ਕਾਹਦੀ ਤਕਲੀਫ਼ ਸੀ…ਇਹ ਚਿੱਟਾ ਕੋਈ ਖ਼ਾਸ ਆ…ਜਿਹਦਾ ਅਪਮਾਨ ਸਹਿ ਨਹੀਂ ਹੋਇਆ। ਉਂਜ ਬਾਦਲ ਦੀ ਕੋਠੀ ਮੂਹਰੇ ਗ਼ਰੀਬੜਿਆਂ ਦੇ ਧਰਨੇ ਵੀ ਲੱਗੇ ਐ…ਉਨ੍ਹਾਂ ਲਈ ਤਾਂ ਚਾਹ-ਪਕੌੜੇ ਆਏ ਨਹੀਂ…। ਆਹ ਰੋਟੀ ਮੰਗਦੇ ਸੁਵਿਧਾ ਸੈਂਟਰ ਵਾਲਿਆਂ ਨੂੰ ਤਾਂ ਛੱਲੀਆਂ ਵਾਂਗ ਕੁੱਟ ਧਰਿਆ। ਇਥੋਂ ਪਤਾ ਲਗਦੈ ਆਪਣਾ ਕੌਣ, ਪਰਾਇਆ ਕੌਣ।
ਖ਼ੈਰ! ਬਾਦਲ ਸਾਹਿਬ ਨੇ ਤਾਂ ਜੋ ਕੀਤੀ, ਸੋ ਕੀਤੀ। ਕਾਂਗਰਸੀਆਂ ਦੀ ਵੀ ਸੁਣ ਲਓ। ਦੋ ਦਿਨ ਧਰਨਾ ਦੇਣ ਦਾ ਡਰਾਮਾ ਕੀਤਾ, ਤੀਜੇ ਦਿਨ ਪੁਲੀਸ ਅਧਿਕਾਰੀ ਦੀ ਬਦਲੀ ਹੁੰਦਿਆਂ ਈ, ਧਰਨਾ ਖ਼ਤਮ। ਮੁੱਦਾ ਤਾਂ ਚਿੱਟੇ ਦਾ ਸੀ…ਅਧਿਕਾਰੀ ਦੀ ਬਦਲੀ ਨਾਲ ਈ ਰੋਸਾ ਖ਼ਤਮ। ਇਕ ਸੀਨੀਅਰ ਕਾਂਗਰਸੀ ਤਾਂ ਵਿਚਾਰਾ ਰੌਲਾ ਪਾਉਂਦਾ ਰਹਿ ਗਿਆ-ਪਤੰਦਰੋ, ਥੋਡੇ ਕਾਰਕੁਨਾਂ ਖ਼ਿਲਾਫ਼ ਤਾਂ ਸੰਗੀਨ ਧਾਰਾਵਾਂ ਵਾਲੇ ਪਰਚੇ ਹੋਏ ਨੇ…ਉਹ ਤਾਂ ਜੇਲ੍ਹਾਂ ਵਿਚ ਬੈਠੇ ਨੇ ਤੇ ਤੁਸੀਂ ਧਰਨਾ ਚੁੱਕੀ ਜਾਨੇ ਓਂ…ਓਹ ਕੁਸ਼ ਤਾਂ ਅਕਲ ਕਰੋ। ਹੁਣ ਇਸ ਆਗੂ ਨੂੰ ਕੀ ਦੱਸੀਏ, ਬਈ ਸਿਆਸਤ ਵਿਚ ਸਿਆਣਿਆਂ ਦੇ ਓਲੇ ਕੋਈ ਨਹੀਂ ਖਾਂਦਾ…ਕਿਉਂਕਿ ਵਿਰੋਧੀਆਂ ਦੇ ਮਲਾਈਦਾਰ ਤੱਤੇ ਤੱਤੇ ਪਰੌਂਠੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਕੰਮ ਆਉਂਦੇ ਆ!!
ਡੰਡਿਆਂ ਦੀ ਸੇਵਾ ਦਾ ਸਨਮਾਨ!!
ਲਓ ਅਕਾਲੀ-ਕਾਂਗਰਸੀਆਂ ਦੀ ਲੜਾਈ ਦਾ ਇਕ ਹੋਰ ਕਿੱਸਾ ਵੀ ਸੁਣਦੇ ਜਾਓ। ਜਦੋਂ ਆ ਲੜਾਈ ਚੱਲ ਰਹੀ ਸੀ ਤੇ ਪੁਲੀਸ ਨੇ ਕਾਂਗਰਸੀਆਂ ਨੂੰ ਥਾਣੇ ਡੱਕ ਦਿੱਤਾ ਤਾਂ ਰਵਣੀਤ ਬਿੱਟੂ ਪਹੁੰਚ ਗਏ ਥਾਣੇ ਤੇ ਬੋਰਡ ‘ਤੇ ‘ਪਰਾਊਡ ਟੂ ਬੀ ਅਕਾਲੀ’ ਦਾ ਸਟਿੱਕਰ ਲਾ ਦਿੱਤਾ। ਹਾਸਾ ਤਾਂ ਉਦੋਂ ਪਿਆ ਜਦੋਂ ਕਾਂਗਰਸੀਆਂ ਨੇ ਦਾਖਾ ਦੇ ਡੀ.ਐਸ.ਪੀ. ਅਜੈਰਾਜ ਸਿੰਘ ਨੂੰ ਹੀ ਲਪੇਟੇ ਵਿਚ ਲੈ ਲਿਆ। ਹੋਇਆ ਇੰਜ ਕਿ ਕਾਂਗਰਸੀਆਂ ਨੇ ਅਜੈਰਾਜ ਸਿੰਘ ਨੂੰ ਠੁੰਮਣ੍ਹਾ ਦਿੱਤਾ-ਜੀ ਥੋਡਾ ਸਨਮਾਨ ਕਰਨੈ। ਅਜੈਰਾਜ ਸਿੰਘ ਖ਼ੁਸ਼ ਹੋ ਗਿਆ-ਬਈ ਸਾਡਾ ਵੀ ਸਨਮਾਨ ਹੋਣ ਲੱਗੈ…। ਕਾਂਗਰਸੀਆਂ ਨੇ ਲੋਈ ਕੱਢ ਕੇ ਅਜੈਰਾਜ ਸਿੰਘ ਦੇ ਗਲ਼ ਪਾ ਦਿੱਤੀ…ਫੋਟੋਆਂ ਲਹਾਈਆਂ…ਅਜੈਰਾਜ ਸਿੰਘ ਬਾਗੋ-ਬਾਗ। ਸੋਸ਼ਲ ਮੀਡੀਏ ‘ਤੇ ਫੋਟੋਆਂ ਪੈ ਗਈਆਂ…”ਓ ਤੇਰੀ ਦੀ ਆਹ ਕੀ ਹੋ ਗਿਆ!!!” ਅਜੈਰਾਜ ਸਿੰਘ ਹੱਕਾ ਬੱਕਾ…ਗਲ਼ ਜਿਹੜੀ ਲੋਈ ਪਾਈ ਸੀ, ਉਹਤੇ ‘ਪਰਾਊਡ ਟੂ ਬੀ ਅਕਾਲੀ’ ਦੇ ਸਟਿੱਕਰ। ਚਾਰੇ ਪਾਸੇ ਮੋਜੂ ਬਣ ਗਿਆ। ਵਿਚਾਰਾ ਮੱਥਾ ਫੜ ਕੇ ਪਿੱਟੇ…। ਆਪਣੇ ਅਫ਼ਸਰਾਂ ਕੋਲ ਸ਼ਿਕਾਇਤਾਂ ਕਰੇ…ਹੁਣ ਕੀ ਹੋ ਸਕਦਾ ਸੀ…ਬਾਦਲਾਂ ਦੀ ‘ਰਾਜ ਨਹੀਂ ਡੰਡਿਆਂ ਵਾਲੀ ਸੇਵਾ’ ਦਾ ਸਨਮਾਨ ਹੋ ਚੁੱਕਾ ਸੀ।