ਨਸ਼ਿਆਂ ਬਾਰੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੀ ਕਥਿਤ ਸੂਚੀ ਦਾ ਭੇਦ ਬਰਕਰਾਰ

ਨਸ਼ਿਆਂ ਬਾਰੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੀ ਕਥਿਤ ਸੂਚੀ ਦਾ ਭੇਦ ਬਰਕਰਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਪੁਲੀਸ ਅਫ਼ਸਰਾਂ, ਅਧਿਕਾਰੀਆਂ ਤੇ ਸਿਆਸਤਦਾਨਾਂ  ਬਾਰੇ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਤਿਆਰ ਕੀਤੀ ਕਥਿਤ ਸੂਚੀ ਕਿੱਥੇ ਹੈ? ਹਾਲੇ ਤੱਕ ਇਹ ਸੂਚੀ ਜਨਤਕ ਨਹੀਂ ਹੋ ਸਕੀ।
ਸ੍ਰੀ ਕਾਂਤ ਨੇ ਲੰਘੀ 23 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਹਲਫ਼ਨਾਮਾ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਨਸ਼ਾ ਤਸਕਰੀ ਦਾ ਧੰਦਾ ਬਹੁਤ ਹੀ ਕਮਾਈ ਵਾਲਾ  ਹੈ ਤੇ ਇਸ ਵਿੱਚ ਨਵੇਂ ਖਿਲਾੜੀ ਆਉਂਦੇ ਰਹਿੰਦੇ ਹਨ ਜਿਸ ਕਰ ਕੇ ਸੁਬਾਈ ਤੇ ਕੌਮੀ ਸੁਰੱਖਿਆ ਏਜੰਸੀਆਂ ਨੂੰ ਨਵੀਂ ਸੂਚੀ ਤਿਆਰ ਕਰਨੀ ਚਾਹੀਦੀ ਹੈ, ਕਿਉਂਕਿ ਪਹਿਲੀ ਸੂਚੀ ਕਾਫ਼ੀ ਪੁਰਾਣੀ ਹੋ ਗਈ ਹੈ ਤੇ ਇਸ ਨੂੰ ਨਵਿਆਉਣ ਦੀ ਲੋੜ ਹੈ।
ਸ੍ਰੀ ਕਾਂਤ ਨੇ ਇਹ ਸੂਚੀ ਉਦੋਂ ਤਿਆਰ ਕਰਨ ਦਾ ਦਾਅਵਾ ਕੀਤਾ ਸੀ ਜਦੋਂ ਉਹ ਏਡੀਜੀਪੀ ਇੰਟੈਲੀਜੈਂਸ ਨਿਯੁਕਤ ਕੀਤੇ ਗਏ ਸਨ ਪਰ ਉਨ੍ਹਾਂ ਤੋਂ ਬਿਨਾਂ ਕਿਸੇ ਨੇ ਇਹ ਸੂਚੀ ਨਹੀਂ ਦੇਖੀ। ਹੁਣ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸ੍ਰੀ ਕਾਂਤ ਦੇ ਹਲਫ਼ਨਾਮੇ ਬਾਰੇ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸਤੰਬਰ 2013 ਵਿੱਚ ਸ੍ਰੀ ਕਾਂਤ ਨੇ ਰਿੱਟ ਦਾਇਰ ਕੀਤੀ ਸੀ ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਇਕ ਸੂਚੀ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅਫ਼ਸਰਾਂ ਤੇ ਸਿਆਸਤਦਾਨਾਂ ਦੀ ਸੂਚੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਸੂਚੀ ਮਿਲਣ ਤੋਂ ਇਨਕਾਰ ਕੀਤਾ ਸੀ। ਆਪਣੇ ਹਾਲੀਆ ਹਲਫ਼ਨਾਮੇ ਵਿਚ ਸ੍ਰੀ ਕਾਂਤ ਨੇ ਲਿਖਿਆ ” ਮੈਂ ਇੰਟੈਲੀਜੈਂਸ ਵਿੰਗ ਵੱਲੋਂ 2007 ਵਿੱਚ ਤਿਆਰ ਕੀਤੀ ਨਸ਼ਾ ਤਸਕਰਾਂ ਦੀ ਸੂਚੀ ਵਿਚਲੇ ਨਾਂ ਜਿੰਨੇ ਕੁ ਮੈਨੂੰ ਹਾਲੇ ਤੱਕ ਚੇਤੇ ਹਨ, ਇਕ ਸੀਲਬੰਦ ਲਿਫ਼ਾਫੇ ਵਿੱਚ ਦੇਣ ਲਈ ਤਿਆਰ ਹਾਂ।” ਸ੍ਰੀ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਸਿੰਘ ਬੈਂਸ ਨੇ ਇਸ ਪੱਤਰਕਾਰਾਂ ਨੂੰ ਦੱਸਿਆ ਕਿ ” ਮੈਂ ਇਸ ਮੁੱਦੇ ਬਾਰੇ ਸ੍ਰੀ ਬਾਦਲ ਤੋਂ ਕਈ ਵਾਰ ਪੁੱਛਿਆ ਸੀ ਪਰ ਉਨ੍ਹਾਂ ਸ਼ਸ਼ੀਕਾਂਤ ਤੋਂ ਅਜਿਹੀ ਕੋਈ ਵੀ ਸੂਚੀ ਮਿਲਣ ਬਾਰੇ ਸਾਫ਼ ਇਨਕਾਰ ਕੀਤਾ ਸੀ।”
ਇਸ ਕੇਸ ਵਿੱਚ ਇਕ ਧਿਰ ਬਣੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਸ੍ਰੀ ਸ਼ਸ਼ੀਕਾਂਤ ਤੋਂ ਇਲਾਵਾ ਹੋਰ ਕਿਸੇ ਨੇ ਇਹ ਸੂਚੀ ਨਹੀਂ ਦੇਖੀ। ਸ੍ਰੀ ਕਾਂਤ ਨੇ ਕਿਹਾ ਕਿ ”ਉਨ੍ਹਾਂ ਕੋਲ ਇਸ ਦੀ ਕਾਪੀ ਨਹੀਂ ਸੀ। ਇਹ ਇਕ ਬਹੁਤ ਹੀ ਖੁਫ਼ੀਆ ਦਸਤਾਵੇਜ਼ ਸੀ। ਮੈਂ ਇਸ ਨੂੰ ਅਦਾਲਤ ਵਿਚ ਹੀ ਪੇਸ਼ ਕਰ ਸਕਦਾ ਸਾਂ।” ਇੰਟੈਲੀਜੈਸ ਵਿੰਗ ਵਿਚ ਤਾਇਨਾਤ ਦੋ ਸੀਨੀਅਰ ਅਫ਼ਸਰਾਂ ਨੇ ਵੀ ਇਹ ਸੂਚੀ ਦੇਖਣ ਤੋਂ ਇਨਕਾਰ ਕੀਤਾ।