ਬੇਅਦਬੀ ਕਾਂਡ : ਡੇਰਾ ਸਿਰਸਾ ਨਿਕਲਿਆ ਮੁੱਖ ਸਾਜ਼ਿਸ਼ਘਾੜਾ

ਬੇਅਦਬੀ ਕਾਂਡ : ਡੇਰਾ ਸਿਰਸਾ ਨਿਕਲਿਆ ਮੁੱਖ ਸਾਜ਼ਿਸ਼ਘਾੜਾ

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਮਹਿੰਦਰਪਾਲ ਬਿੱਟੂ ਬਣਿਆਂ ਸੀ ਇਸ ਗੁਨਾਹ ਦਾ ਸੂਤਰਧਾਰ
ਸਿਰਸਾ ਸਾਧ ਦੀ ਕੋਰ ਕਮੇਟੀ ਨੇ ਬਕਾਇਦਾ ਰਣਨੀਤੀ ਘੜ ਕੇ ਤੇ ਉਕਤ ਕੰਮ ਨੂੰ ਨੇਪਰੇ ਚਾੜ੍ਹਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਬਰਗਾੜੀ ਵਿਖੇ ਜੂਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਬਰਗਾੜੀ ਕਾਂਡ ਨੂੰ ਅੰਜਾਮ ਦੇਣ ਲਈ ਸੌਦਾ ਸਾਧ ਦੇ ਪ੍ਰੇਮੀਆਂ ਦੀ ਵਿਉਂਤਬੰਦੀ ਸੀ। ਡੇਰਾ ਪ੍ਰੇਮੀਆਂ ਨੂੰ ਕਿਸ ਸਿਆਸਤਦਾਨ ਜਾਂ ਅਫ਼ਸਰ ਦਾ ਥਾਪੜਾ ਸੀ, ਇਸ ਬਾਰੇ ਅਜੇ ਪੁਲਿਸ ਚੁੱਪ ਹੈ। ਸਿਰਸਾ ਸਾਧ ਦੀ ਕੋਰ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘਟਾਉਣ ਦੀ ਘਿਨਾਉਣੀ ਸੋਚ ਅਨੁਸਾਰ ਬਕਾਇਦਾ ਰਣਨੀਤੀ ਘੜ ਕੇ ਤੇ ਉਕਤ ਕੰਮ ਨੂੰ ਨੇਪਰੇ ਚਾੜ੍ਹਿਆ। ਸੂਤਰਾਂ ਅਨੁਸਾਰ ਜੋ ਪੁਲੀਸ ਨੇ ਡੇਰਾ ਆਗੂ ਪਾਲਮਪੁਰ ਤੋਂ ਚੁੱਕਿਆ ਹੈ, ਉਹ ਕੁਝ ਅਰਸਾ ਪਹਿਲਾਂ ਪਰਿਵਾਰ ਸਮੇਤ ਪਾਲਮਪੁਰ ਚਲਾ ਗਿਆ ਸੀ ਅਤੇ ਉੱਥੇ ਕਰਿਆਨਾ ਸਟੋਰ ਚਲਾਉਣ ਲੱਗਾ ਸੀ। ਪੁਲੀਸ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਦੋ ਹਫ਼ਤੇ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਇਹ ਡੇਰਾ ਆਗੂ ਆਇਆ ਸੀ ਪਰ ਉਦੋਂ ਪੁਲੀਸ ਨੂੰ ਕੋਈ ਭਿਣਕ ਨਹੀਂ ਲੱਗੀ ਸੀ। ਦੱਸਦੇ ਹਨ ਕਿ ਇਸ ਡੇਰਾ ਆਗੂ ਉੱਤੇ ਕੋਟਕਪੂਰਾ, ਸੰਗਰੂਰ ਤੇ ਪੰਚਕੂਲਾ ਵਿਚ ਵੀ ਕੇਸ ਦਰਜ ਹਨ।
ਪਹਿਲੀ ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 110 ਪੱਤਰੇ ਪਾੜੇ ਹੋਏ ਮਿਲੇ ਸਨ। ਉਦੋਂ ਬਰਗਾੜੀ ਵਿਚ ਪੋਸਟਰ ਵੀ ਲੱਗੇ ਸਨ, ਜਿਨ੍ਹਾਂ ਵਿਚ ਡੇਰਾ ਸਿਰਸਾ ਦਾ ਜ਼ਿਕਰ ਸੀ। ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿਚ ਪੰਥਕ ਧਿਰਾਂ ਨੇ ਹੁਣ ਜਦੋਂ 1 ਜੂਨ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ ਦਿੱਤਾ ਹੋਇਆ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਕਾਂਡ ਦੇ ਮਾਮਲੇ ‘ਚ ਸਿਰਸਾ ਸਾਧ ਦੇ ਇਕ ਪ੍ਰੇਮੀ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪਾਲਮਪੁਰ ਤੋਂ ਪੁਲਿਸ ਵੱਲੋਂ ਕਾਬੂ ਕਰ ਲੈਣ ਦੀਆਂ ਖਬਰਾਂ ਆਈਆਂ ਹਨ। ਪ੍ਰੈਸ ਦੇ ਵੱਡੇ ਹਿੱਸੇ ‘ਚ ਪ੍ਰਕਾਸ਼ਿਤ ਹੋਈਆਂ ਇਨ੍ਹਾਂ ਖਬਰਾਂ ਬਾਰੇ ਭਾਵੇਂ ਅਧਿਕਾਰਤ ਤੌਰ ‘ਤੇ ਪੰਜਾਬ ਪੁਲਿਸ ਨੇ ਮੁੰਹ ਨਹੀਂ ਵੀ ਖੋਲਿਆ ਪਰ ਤਾਂ ਵੀ ਇਸ ਮਾਮਲੇ ਨਾਲ ਸਬੰਧਤ ਹੋਰ ਡੇਰਾ ਪ੍ਰੇਮੀਆਂ ‘ਚ ਹੜਕੰਪ ਮਚਣਾ ਸੁਭਾਵਿਕ ਸੀ।
ਪੁਲੀਸ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਉਰਫ਼ ਬਿੱਟੂ ਬਾਈ ਨੇ ਇਹ ਯੋਜਨਾ ਉਲੀਕੀ ਸੀ। ਬਿੱਟੂ ਨੇ ਆਪਣੇ ਨੇੜਲਿਆਂ ਦੀ ਟੀਮ ਤਿਆਰ ਕੀਤੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ‘ਚੋਂ ਸਰੂਪ ਚੋਰੀ ਕਰਨ ਤੋਂ ਪਹਿਲਾਂ ਤਿੰਨ-ਚਾਰ ਪਿੰਡਾਂ ਦੇ ਗੁਰੂ ਘਰਾਂ ਵਿਚ ਰੇਕੀ ਕੀਤੀ। ਅਖੀਰ ਦੋ ਮੋਟਰਸਾਈਕਲ ਸਵਾਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ‘ਚੋਂ ਸਰੂਪ ਚੋਰੀ ਕੀਤਾ। ਸੂਤਰਾਂ ਅਨੁਸਾਰ ਚੋਰੀ ਕੀਤੇ ਸਰੂਪ ਦੇ ਅੱਧੇ ਪੱਤਰੇ ਖਿਲਾਰਨ ਲਈ ਸ਼ਨੀ ਅਤੇ ਸ਼ਕਤੀ ਦੀ ਡਿਊਟੀ ਲਗਾਈ ਗਈ। ਇਕ ਮਹਿਲਾ ਪੁਲੀਸ ਮੁਲਾਜ਼ਮ ਦੇ ਪਤੀ ਨੇ ਪੋਸਟਰ ਲਿਖੇ ਅਤੇ ਬਰਗਾੜੀ ਵਿਚ ਰਾਤੋਂ ਰਾਤ ਲਗਾ ਦਿੱਤੇ।
ਪਿਛਲੇ ਦਿਨਾਂ ਤੋਂ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਮੌਜੂਦ ਰਹੇ ਅਤੇ ਉਨ੍ਹਾਂ ਦਾ ਕੇਂਦਰ ਵੀ ਕੋਟਕਪੂਰਾ ਹੀ ਬਣਿਆ ਰਿਹਾ ਪਰ ਹਰ ਅਧਿਕਾਰੀ ਨੇ ਕੋਈ ਟਿਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ। ਵਿਸ਼ੇਸ਼ ਜਾਂਚ ਟੀਮ ਨੇ ਪੂਰੀ ਜਾਂਚ ਨੂੰ ਸਮੇਟਦਿਆਂ ਬੇਕਸੂਰ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਰਿਹਾਅ ਵੀ ਕਰ ਦਿੱਤਾ ਹੈ।ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਵਿਚ ਕਰੀਬ 12 ਡੇਰਾ ਪੈਰੋਕਾਰਾਂ ਦੀ ਸ਼ਨਾਖ਼ਤ ਕਰ ਲਈ ਹੈ।ਸੂਤਰ ਦੱਸਦੇ ਹਨ ਕਿ ਸੀਬੀਆਈ ਟੀਮ ਵੱਲੋਂ ਬਾਜਾਖਾਨਾ ਵਿੱਚ ਦਰਜ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਕੰਮਲ ਹੋਣ ਮਗਰੋਂ ਇਨ੍ਹਾਂ ਡੇਰਾ ਪੈਰੋਕਾਰਾਂ ਨੂੰ ਸੀਬੀਆਈ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾਵੇਗੀ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਸ ਮਾਮਲੇ ‘ਚ ਪੁਲਿਸ ਨੂੰ ਬੇਅਦਬੀ ਦੀਆਂ ਉਕਤ ਘਟਨਾਵਾਂ ਵਿਚ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦਾ ਅਹਿਮ ਸੁਰਾਗ ਮਿਲ ਗਿਆ ਹੈ। ਉਕਤ ਮਾਮਲੇ ਦਾ ਵਿਚਾਰਣਯੋਗ ਪਹਿਲੂ ਇਹ ਵੀ ਹੈ ਕਿ ਜਦੋਂ 1 ਜੂਨ 2015 ਨੂੰ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ ‘ਚੋਂ ਦਿਨ ਦਿਹਾੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋਇਆ ਤਾਂ ਸੰਘਰਸ਼ ‘ਤੇ ਉੱਤਰ ਆਈਆਂ ਪੰਥਕ ਜਥੇਬੰਦੀਆਂ ਨੇ ਚੀਕ-ਚੀਕ ਕੇ ਰੌਲਾ ਪਾਉਂਦਿਆਂ ਦੋਸ਼ ਲਾਇਆ ਸੀ ਕਿ ਇਸ ਵਿਚ ਡੇਰਾ ਸਿਰਸਾ ਦੇ ਚੇਲਿਆਂ ਦਾ ਹੱਥ ਹੋ ਸਕਦਾ ਹੈ।
ਉਦੋਂ ਨਾ ਤਾਂ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਨੂੰ ਪ੍ਰਵਾਨ ਕੀਤਾ ਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਦੀ ਜਰੂਰਤ ਸਮਝੀ। ਇਹ ਵੀ ਯਾਦ ਕਰਾਉਣਾ ਜਰੂਰੀ ਹੈ ਕਿ ਪਾਵਨ ਸਰੂਪ ਦੇ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਜਦੋਂ ਡੇਰਾ ਪ੍ਰੇਮੀਆਂ ਨੇ ਰਾਮ ਰਹੀਮ ਦੀ ਫਿਲਮ ਰਿਲੀਜ਼ ਨਾ ਹੋਣ ਦੇ ਰੋਸ ਵਜੋਂ ਪੰਜਾਬ ਭਰ ‘ਚ ਰੋਸ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੀ ਕੰਧ ‘ਤੇ 24 ਅਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਲੱਗੇ ਦੋ ਹੱਥ ਲਿਖਤ ਵੱਡੇ ਪੋਸਟਰ ਪੁਲਿਸ ਨੇ ਬਰਾਮਦ ਕੀਤੇ ਸਨ,ਜਿਨਾਂ ਉੱਪਰ ਧਨ-ਧਨ ਸਤਿਗੁਰੂ ਤੋਂ ਸ਼ੁਰੂ ਕਰਕੇ ਇਸੇ ਸ਼ਬਦਾਵਲੀ ‘ਚ ਸਮਾਪਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਨੂੰ ਗੰਦੀਆਂ ਗਾਲਾਂ ਨਾਲ ਸੰਬੋਧਨ ਕਰਦਿਆਂ ਸ਼ਰੇਆਮ ਮੰਨਿਆ ਸੀ ਕਿ ਤੁਸੀ ਸਾਡੇ ਬਾਬੇ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਤੇ ਅਸੀਂ ਤੁਹਾਡਾ ਵੱਡਾ ਗੁਰੂ ਅਪਣੇ ਕਬਜ਼ੇ ‘ਚ ਲੈ ਲਿਆ, ਚੋਰੀ ਹੋਇਆ ਪਾਵਨ ਸਰੂਪ ਹੁਣ ਵੀ ਸਾਡੇ ਕਬਜ਼ੇ ‘ਚ ਅਤੇ ਬਰਗਾੜੀ ਵਿਚ ਹੀ ਹੈ, ਲੱਭਣ ਵਾਲੇ ਨੂੰ ਅਸੀਂ ਸਲਾਬਤਪੁਰੇ ਦੇ ਡੇਰੇ ‘ਚ 10 ਲੱਖ ਰੁਪਿਆ ਇਨਾਮ ਦੇ ਕੇ ਸਨਮਾਨਿਤ ਕਰਾਂਗੇ।
ਉਸ ਸਮੇਂ ਪੰਥ ਦਰਦੀਆਂ ਦੇ ਰੋਸ ਦੇ ਬਾਵਜੂਦ ਪੁਲਿਸ ਨੇ ਕਿਸੇ ਡੇਰਾ ਪ੍ਰੇਮੀ ਨੂੰ ਪੁਛਗਿਛ ਲਈ ਹਿਰਾਸਤ ‘ਚ ਲੈਣ ਦੀ ਜਰੂਰਤ ਹੀ ਨਾ ਸਮਝੀ। ਜਦਕਿ ਉਕਤ ਹੱਥ ਲਿਖਤ ਪੋਸਟਰਾਂ ਦੀਆਂ ਤਸਵੀਰਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਪੱਤਰਕਾਰਾਂ ਨੇ ਆਪਣੇ ਕੈਮਰਿਆਂ ‘ਚ ਕੈਦ ਕਰ ਲਈਆਂ ਸਨ ਜੋ ਅੱਜ ਵੀ ਪੱਤਰਕਾਰਾਂ ਕੋਲ ਮਹਿਫੂਜ਼ ਪਈਆਂ ਹਨ।
ਪੰਜਾਬ ਪੁਲਿਸ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਬਰਗਾੜੀ ਕਾਂਡ ਦੀ ਤਫ਼ਤੀਸ਼ ਨਾਲ ਨੇੜਿਓਂ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਹੁਣ ਵੀ ਕਮਾਂਡ ਸੰਭਾਲੀ ਹੋਈ ਹੈ।ਇਸ ਸਬੰਧੀ ਕੋਈ ਵੀ ਵੱਡਾ ਜਾਂ ਛੋਟਾ ਪੁਲਿਸ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਪਰ ਸੂਤਰਾਂ ਰਾਹੀਂ ਪਤਾ ਲੱਗਾ ਹੈ ਕਿ ਪੁਲਿਸ ਨੇ ਚੋਰੀਸ਼ੁਦਾ ਪਾਵਨ ਸਰੂਪ ਵੀ ਬਰਾਮਦ ਕਰ ਲਿਆ ਹੈ। ਸਾਲ 2015 ਦੀ 1 ਜੂਨ ਨੂੰ ਪਾਵਨ ਸਰੂਪ ਚੋਰੀ ਕਰਨ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾਉਣ ਅਤੇ 12 ਅਕਤੂਬਰ 2015 ਨੂੰ ਪਾਵਨ ਸਰੂਪ ਦੀ ਬੇਅਦਬੀ ਕਰਨ ਨਾਲ ਸਬੰਧਤ ਸਾਰੇ ਡੇਰਾ ਪ੍ਰੇਮੀ ਹੀ ਹਨ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਤੇ ਉਨ੍ਹਾਂ ਅਪਣਾ ਗੁਨਾਹ ਵੀ ਕਬੂਲ ਲਿਆ ਹੈ। ਜ਼ਿਆਦਾਤਰ ਦੋਸ਼ੀਆਂ ਦਾ ਸਬੰਧ ਕੋਟਕਪੂਰਾ ਸ਼ਹਿਰ ਅਤੇ ਨੇੜਲੇ ਪਿੰਡਾਂ ਨਾਲ ਹੈ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਭਾਵੇਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚੋਂ ਦੋ ਦਰਜਨ ਤੋਂ ਵੀ ਜ਼ਿਆਦਾ ਡੇਰਾ ਪ੍ਰੇਮੀਆਂ ਨੂੰ ਹਿਰਾਸਤ ‘ਚ ਲਿਆ ਪਰ ਸਿਰਫ਼ 8 ਪ੍ਰੇਮੀਆਂ ਦੇ ਬੇਅਦਬੀ ਕਾਂਡ ‘ਚ ਪੂਰੀ ਤਰਾਂ ਸ਼ਾਮਲ ਹੋਣ ਦੀ ਖ਼ਬਰ ਹੈ। ਉਕਤ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਬੇਅਦਬੀ ਕਾਂਡ ‘ਚ ਉਹ ਪ੍ਰੇਮੀ ਵੀ ਸ਼ਾਮਲ ਹਨ ਜਿਨ੍ਹਾਂ ਵਿਰੁਧ 25 ਅਗਸਤ ਨੂੰ ਸੌਦਾ ਸਾਧ ਵਿਰੁੱਧ ਅਦਾਲਤੀ ਫ਼ੈਸਲੇ ਤੋਂ ਬਾਅਦ ਅਰਾਜਕਤਾ ਫੈਲਾਉਣ ਦੇ ਦੋਸ਼ ‘ਚ ਮਾਮਲੇ ਦਰਜ ਕੀਤੇ ਗਏ ਸਨ।
ਪਤਾ ਲੱਗਾ ਹੈ ਕਿ ਪਾਵਨ ਸਰੂਪ ਦੀ ਬਰਾਮਦਗੀ ਤੋਂ ਬਾਅਦ ਡੇਰਾ ਪ੍ਰੇਮੀਆਂ ਰਾਹੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਇਕ ਨਵਾਂ ਪ੍ਰਗਟਾਵਾ ਹੋਇਆ ਕਿ ਨੇੜਲੇ ਪਿੰਡ ਮੱਲ ਕੇ ਅਤੇ ਭਗਤਾ ਭਾਈਕਾ ਵਿਖੇ ਵੀ ਇਸ ਪਾਵਨ ਸਰੂਪ ਦੇ ਪੰਨੇ ਸੁੱਟ ਕੇ ਸਿੱਖਾਂ ਦੇ ਹਿਰਦੇ ਵਲੂੰਧਰਣ ਦੀ ਸ਼ਰਮਨਾਕ ਕਰਤੂਤ ਕੀਤੀ ਗਈ ਸੀ।