ਸ੍ਰੀਨਗਰ : ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਦੀ ਹੱਤਿਆ

ਸ੍ਰੀਨਗਰ : ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਦੀ ਹੱਤਿਆ

ਸ੍ਰੀਨਗਰ/ਬਿਊਰੋ ਨਿਊਜ਼ :

 

 

ਉੱਘੇ ਪੱਤਰਕਾਰ ਤੇ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਤੇ ਉਨ੍ਹਾਂ ਦੇ ਦੋ ਨਿੱਜੀ ਅੰਗ ਰੱਖਿਅਕਾਂ ਦੀ ਸ੍ਰੀਨਗਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੌਰਾਨ,ਬਾਂਦੀਪੁਰਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਵਿੱਚ ਦੋ ਅਤਿਵਾਦੀ ਤੇ ਇਕ ਫ਼ੌਜੀ ਜਵਾਨ ਮਾਰੇ ਗਏ ਹਨ। ਰੱਖਿਆ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਬਾਂਦੀਪੋਰਾ ਦੇ ਪਨਾਰ ਜੰਗਲੀ ਇਲਾਕੇ ਵਿੱਚ ਮੁਕਾਬਲਾ ਜਾਰੀ ਸੀ।
ਪੁਲੀਸ ਨੇ ਦੱਸਿਆ ਕਿ ਸ੍ਰੀ ਬੁਖਾਰੀ ਕਿਸੇ ਇਫ਼ਤਾਰ ਦਾਅਵਤ ਵਿੱਚ ਸ਼ਾਮਲ ਹੋਣ ਲਾਲ ਚੌਕ ਵਿਚਲੇ ਪ੍ਰੈਸ ਐਨਕਲੇਵ ਵਿਚਲੇ ਆਪਣੇ ਦਫ਼ਤਰ ’ਚੋਂ ਨਿਕਲੇ ਹੀ ਸਨ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਹਮਲੇ ’ਚ ਉਨ੍ਹਾਂ ਦੇ ਅੰਗ ਰੱਖਿਅਕ ਦੀ ਵੀ ਮੌਤ ਹੋ ਗਈ ਜਦਕਿ ਇਕ ਹੋਰ ਪੁਲੀਸ ਕਰਮੀ ਤੇ ਇਕ ਸਿਵਲੀਅਨ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਇੱਕ ਪੀਐਸਓ ਦੀ ਇਲਾਜ ਦੌਰਾਨ ਮੌਤ ਹੋ ਗਈ। ਬੁਖਾਰੀ ਪਹਿਲਾਂ ਦਿ ਹਿੰਦੂ ਦੇ ਸੰਵਾਦਦਾਤਾ ਰਹੇ ਹਨ ਤੇ ਉਨ੍ਹਾਂ ਕਸ਼ਮੀਰ ਵਾਦੀ ਵਿੱਚ ਅਮਨ ਲਈ ਕਈ ਕਾਨਫਰੰਸਾਂ ਕਰਾਉਣ ’ਚ ਮੋਹਰੀ ਭੂਮਿਕਾ ਨਿਭਾਈ ਸੀ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਬੁਖਾਰੀ ਦੀ ਹੱਤਿਆ ਨੂੰ ਕਾਇਰਤਾਪੂਰਨ ਕਾਰਵਾਈ ਕਰਾਰ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀ ਬੁਖਾਰੀ ਦੇ ਪਰਿਵਾਰ ਨਾਲ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਰਾਜ ਵਿੱਚ ਅਮਨ ਲਈ ਬੇਖੌਫ਼ ਹੋ ਕੇ ਲੜਾਈ ਲੜ ਰਹੇ ਸਨ।
ਕਸ਼ਮੀਰ ਵਿੱਚ ਮੀਰਵਾਈਜ਼ ਉਮਰ ਫਾਰੂਖ਼ ਦੀ ਅਗਵਾਈ ਵਾਲੇ ਹੁਰੀਅਤ ਦੇ ਧੜੇ ਨੇ ਪੱਤਰਕਾਰ ਸੁਜਾਤ ਬੁਖਾਰੀ ਦੀ ਹੱਤਿਆ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੁਖਾਰੀ ਦੀ ਹੱਤਿਆ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ।     
ਉਧਰ ਸ਼ੱਕੀ ਅਤਿਵਾਦੀਆਂ ਨੇ ਅਨੰਤਨਾਗ ਜ਼ਿਲੇ ਵਿੱਚ ਸਦੂਰਾ ਰੇਲਵੇ ਸਟੇਸ਼ਨ ਨੇੜੇ ਜੀਆਰਪੀ ਬੈਰਕਾਂ ਵਿੱਚ ਸੀਆਰਪੀਐਫ ਦੇ ਇਕ ਸਿਪਾਹੀ ਤੋਂ ਰਾਈਫਲ ਖੋਹ ਲਈ। ਅਤਿਵਾਦੀਆਂ ਨੇ ਪੁਲਵਾਮਾ ਜ਼ਿਲੇ ਵਿੱਚ ਸੀਆਰਪੀਐਫ ਦੀ ਇਕ ਟੁਕੜੀ ’ਤੇ ਹਮਲਾ ਕੀਤਾ। ਉਂਜ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਓ ਰਿਹਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੀ ਪੈੜ ਨੱਪੀ ਜਾ ਰਹੀ ਹੈ।

ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਲਈ ਸੁਰੱਖਿਆ ਬੰਦੋਬਸਤ ਵਧਾ ਦਿੱਤੇ ਗਏ ਹਨ। ਸ਼ਰਧਾਲੂਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਵਿੱਚ ਰੇਡੀਓ ਫ੍ਰੈਕੁਐਂਸੀ ਇੰਡੈਂਟੀਫਿਕੇਸ਼ਨ ਆਰਐਫਆਈਡੀ ਬਿੱਲੇ ਲਾਏ ਜਾਣਗੇ। ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਤੇ 26 ਅਗਸਤ ਤੱਕ ਚੱਲੇਗੀ। ਆਰਐਫਆਈਡੀ ਬਿੱਲੇ ਨਾਲ ਗੱਡੀ ਦੀ ਨਕਲੋ ਹਰਕਤ ਤੇ ਲੋਕੇਸ਼ਨ ’ਤੇ ਨਜ਼ਰ ਰੱਖੀ ਜਾ ਸਕੇਗੀ।
ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਤਾਇਨਾਤ ਜੇ ਕੇ ਲਾਈਟ ਇਨਫੈਂਟਰੀ ਦੇ ਇਕ ਫ਼ੌਜੀ ਜਵਾਨ ਔਰੰਗਜ਼ੇਬ ਜਿਸ ਨੂੰ  ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ ਦੀ ਗੋਲੀਆਂ ਵਿੰਨ੍ਹੀ ਲਾਸ਼ ਪੁਲਵਾਮਾ ’ਚੋਂ ਬਰਾਮਦ ਹੋ ਗਈ। ਅਧਿਕਾਰੀਆਂ ਮੁਤਾਬਕ ਉਹ ਈਦ ਦੀ ਛੁੱਟੀ ਲੈ ਕੇ ਜਾ ਰਿਹਾ ਸੀ ਜਦੋਂ ਉਸ ਨੂੰ ਪੁਲਵਾਮਾ ਦੇ ਕਲਾਮਪੁਰਾ ਖੇਤਰ ’ਚੋਂ ਚੁੱਕ ਲਿਆ ਗਿਆ।