ਸਿੱਖ ਵਿਚਾਰ ਮੰਚ ਵੱਲੋਂ ਭਾਜਪਾ ਦੁਆਰਾ ਬੰਦਾ ਸਿੰਘ ਬਹਾਦਰ ਦੀ ਗ਼ੈਰਸਿੱਖ ਪੇਸ਼ਕਾਰੀ ਦਾ ਤਿੱਖਾ ਵਿਰੋਧ

ਸਿੱਖ ਵਿਚਾਰ ਮੰਚ ਵੱਲੋਂ ਭਾਜਪਾ ਦੁਆਰਾ ਬੰਦਾ ਸਿੰਘ ਬਹਾਦਰ ਦੀ ਗ਼ੈਰਸਿੱਖ ਪੇਸ਼ਕਾਰੀ ਦਾ ਤਿੱਖਾ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼ :

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗ਼ੈਰਸਿੱਖ ਪੇਸ਼ਕਾਰੀ ‘ਤੇ ਸਿੱਖ ਵਿਚਾਰ ਮੰਚ ਦੇ ਚਿੰਤਕਾਂ ਨੇ ਭਾਰੀ ਇਤਰਾਜ਼ ਜ਼ਾਹਿਰ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਸਿੱਖ ਚਿੰਤਕਾਂ ਨੇ ਕਿਹਾ ਕਿ ਹਰਿਆਣੇ ਦੀ ਭਾਜਪਾ ਸਰਕਾਰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਸ ਮਹਾਨ ਸਿੱਖ ਜਰਨੈਲ ਨੂੰ ਸੰਘ ਪਰਵਾਰ ਦੀ ਝੋਲੀ ਵਿਚ ਪਾਉਣ ਲਈ ਯਤਨਸ਼ੀਲ ਹੈ।ਖੱਟੜ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਨਾਂ ਹੇਠ ਕੀਤੇ ਜਾ ਰਹੇ ਕਾਰਜਾਂ ਦੀ ਅਲੋਚਨਾ ਕਰਦੇ ਹੋਏ ਸਿੱਖ ਚਿੰਤਕਾਂ ਨੇ ਆਖਿਆ ਕਿ ਇਸ ਮਹਾਨ ਸਿੱਖ ਜਰਨੈਲ ਨੂੰ ਸ਼ਹੀਦੀ ਉਪਰੰਤ ਹਿੰਦੂ ਸਮਾਜ ਦੇ ਬੈਰਾਗੀ ਵਰਗ ਤਕ ਸੀਮਤ ਕਰਨ ਦੀ ਪੇਸ਼ਕਾਰੀ ਦੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਅਠਾਰਵੀਂ ਸਦੀ ਦੇ ਇਤਿਹਾਸ ਵਿਚ ਪੁਖਤਾ ਤੱਥ ਹਨ ਕਿ ਉਦਾਸੀ ਪਰੰਪਰਾਂ ਨਾਲ ਸਬੰਧਿਤ ਬੰਦਾ ਬੈਰਾਗੀ ਗੁਰੂ ਗੋਬਿੰਦ ਸਿੰਘ ਤੋਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖਾਲਸਾ ਪੰਥ ਵਿਚ ਸ਼ਾਮਲ ਹੋ ਗਏ ਸਨ ਅਤੇ ਦਸ਼ਮੇਸ ਪਿਤਾ ਦੇ ਆਦੇਸ਼ ਨਾਲ ਪੰਜਾਂ ਪਿਆਰਿਆਂ ਦੀ ਸ੍ਰਪਰਸਤੀ ਵਿਚ ਦੱਖਣ ਤੋਂ ਪੰਜਾਬ ਆਏ ਸੀ। ਖਾਲਸਾ ਪੰਥ ਦੇ ਜਰਨੈਲ ਵਜੋਂ ਜੰਗ ਦੀ ਅਗਵਾਈ ਕਰਦਿਆਂ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦਾ ਖਾਤਮਾ ਕਰਕੇ ਖ਼ਾਲਸਾ ਰਾਜ ਦੀ ਲੋਹਗੜ੍ਹ ਵਿਚ ਰਾਜਧਾਨੀ ਸਥਾਪਤ ਕੀਤੀ ਤੇ ਗੁਰੂ ਨਾਨਕ ਦੇ ਨਾਮ ਹੇਠ ਸਿੱਕੇ ਜਾਰੀ ਕੀਤੇ ਸਨ। ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲ ਹਕੂਮਤ ਵਿਰੁਧ ਜੰਗ ਵਿਚ ਆਪਣੇ 700 ਦੇ ਕਰੀਬ ਸਿੱਖ ਸਾਥੀਆਂ ਨਾਲ ਆਪਣੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਸ਼ਹੀਦ ਹੋਏ।

ਇਤਿਹਾਸਕ ਤੱਥਾਂ ਅਨੁਸਾਰ ਇਸ ਸਮੇਂ ਦੌਰਾਨ ਸਿੱਖ ਵਿਰੋਧ ਮੁਹਿੰਮ ਦਾ ਸਾਰਾ ਖ਼ਰਚਾ ਹਿੰਦੂ ਰਾਜਿਆਂ ਨੇ ਦਿੱਲੀ ਸਰਕਾਰ ਨੂੰ ਭੇਟ ਕੀਤਾ ਸੀ ਅਤੇ ਇਸ ਦੇ ਉਲਟ 500 ਮੁਸਲਮਾਨਾਂ ਨੇ ਜੰਗ ਵਿਚ ਬਾਬਾ ਬੰਦਾ ਸਿੰਘ ਦਾ ਸਾਥ ਦਿੱਤਾ ਸੀ।ਭਾਜਪਾ ਸਰਕਾਰ ਵਲੋਂ ਸਿੱਖ ਘੱਟ ਗਿਣਤੀ ਦੇ ਮਾਣਮੱਤੇ ਇਤਿਹਾਸ ਨੂੰ ਆਪਣੇ ਸੌੜੇ ਹਿੰਦੂਤਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਵਿਗਾੜ ਕੇ ਪੇਸ਼ ਕਰਨਾ ਇਕ ਘਿਨਾਉਣੀ ਕਾਰਵਾਈ ਹੈ ਜੋ ਸੰਘ ਪਰਿਵਾਰ ਦੀ ਸਭਿਆਚਾਰਕ ਕੰਗਾਲੀ ਦਾ ਪ੍ਰਤੀਕ ਹੈ। ਇਸ ਬਿਆਨ ਨੂੰ ਜਾਰੀ ਕਰਨ ਲਈ ਗੁਰਤੇਜ ਸਿੰਘ, ਡਾ.ਗਰਦਸ਼ਨ ਸਿੰਘ ਢਿਲੋਂ, ਸੁਖਦੇਵ ਸਿੰਘ ਸਿੱਧੂ, ਜਸਪਾਲ ਸਿੰਘ ਸਿੱਧੂ, ਅਮਰ ਸਿੰਘ ਚਾਹਲ ਸ਼ਾਮਲ ਹੋਏ।