ਉੱਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਦਾ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨ

ਉੱਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਦਾ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨ

ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਦੀ ਪੂਰਵ-ਸੰਧਿਆ ਉਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਸੁਰਜੀਤ ਪਾਤਰ ਅਤੇ ਡਾ ਲਖਵਿੰਦਰ ਜੌਹਲ। 

ਜਗਰਾਉਂ(ਢੁੱਡੀਕੇ)/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਮੰਨੇ ਜਾਂਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਇਹ ਸੌਵਾਂ ਜਨਮ ਦਿਨ ਹੈ। ਕ੍ਰਿਕਟ ਵਿੱਚ ਸੈਂਕੜਾ ਮਾਰਨਾ ਤਾਂ ਆਮ ਗੱਲ ਹੈ, ਜਦਕਿ ਜ਼ਿੰਦਗੀ ਵਿਚ ਉਮਰ ਦਾ ਸੈਂਕੜਾ ਕੋਈ ਕੋਈ ਹੀ ਮਾਰਦਾ ਹੈ। ਇਹ ਖ਼ੁਸ਼ੀ ਵੀ ਹੁਣ ਤਕ ਦੇ ਛੋਟੇ-ਵੱਡੇ ਸਾਰੇ ਪੰਜਾਬੀ ਲੇਖਕਾਂ ਵਿੱਚੋਂ ਜਸਵੰਤ ਸਿੰਘ ਕੰਵਲ ਦੀ ਝੋਲੀ ਹੀ ਪਈ ਹੈ। ਉਨ੍ਹਾਂ ਅੰਗਰੇਜ਼ ਦੇ ਰਾਜ ਤੋਂ ਲੈ ਕੇ ‘ਆਪਣਿਆਂ’ ਦੇ ਰਾਜ ਦੌਰਾਨ ਕਈ ਰੰਗਾਂ ਦੀਆਂ ਸਰਕਾਰਾਂ ਦੇਖੀਆਂ। ਪੁੱਤ, ਪੋਤਿਆਂ ਤੇ ਪੜਪੋਤੀ ਨੂੰ ਖਿਡਾਉਣ ਅਤੇ ਚਾਰ ਪੀੜ੍ਹੀਆਂ ਦਾ ਸੁੱਖ ਭੋਗਣ ਵਾਲੇ ਇਸ ਲੇਖਕ ਨੇ ਪੰਜਾਬ  ਵਿੱਚ ਕਈ ਦੌਰ ਅਤੇ ਜ਼ਿੰਦਗੀ ਦੇ ਅਨੇਕਾਂ ਰੰਗ ਦੇਖੇ। ਜਦੋਂ ਪੰਜਾਬ ‘ਚ ਰੂਸੀ ਸਾਹਿਤ ਦਾ ਪੰਜਾਬੀ ਅਨੁਵਾਦ ਪੜ੍ਹਨ ਵਾਲਿਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਰਿਹਾ ਸੀ। ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਨੂੰ ਰੂਸੀ ਲੇਖਕਾਂ ਦੇ ਨਾਂ ਰਟ ਗਏ ਸਨ, ਅਜਿਹੇ ਵਿਚ ਪੰਜਾਬੀ ਦੇ ਦੋ ਚਾਰ ਲੇਖਕ ਹੀ ਸਨ ਜਿਹੜੇ ‘ਟੱਕਰ’ ਦੇ ਰਹੇ ਸਨ। ਇਨ੍ਹਾਂ ਵਿੱਚੋਂ ਜਸਵੰਤ ਸਿੰਘ ਕੰਵਲ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਸਾਹਿਤ ਪ੍ਰੇਮੀ ਕੰਵਲ ਦੇ ਹਰ ਨਵੇਂ ਨਾਵਲ ਨੂੰ ਬੇਸਬਰੀ ਨਾਲ ਉਡੀਕਦੇ ਰਹੇ ਹਨ।’ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’ ਸਮੇਤ ਹੋਰਨਾਂ ਕਈ ਨਾਵਲਾਂ ਵਿਚਲੇ ਕਿਰਦਾਰ ਪੰਜਾਬੀਆਂ ਦੇ ਜ਼ਿਹਨ ਵਿਚ ਉੱਕਰੇ ਪਏ ਹਨ।
ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿੱਚ 27 ਜੂਨ 1919  ਨੂੰ ਸ੍ਰੀ ਮਾਹਲਾ ਸਿੰਘ ਦੇ ਘਰ ਜਨਮ ਲੈਣ ਵਾਲੇ ਜਸਵੰਤ ਸਿੰਘ ਕੰਵਲ ਲਗਪਗ 90 ਕਿਤਾਬਾਂ ਲਿਖ ਚੁੱਕੇ ਹਨ। 1997 ਵਿੱਚ ‘ਤੌਸ਼ਾਲੀ ਦੀ ਹੰਸੋ’ ਨਾਵਲ ਉੱਤੇ ਭਾਰਤੀ ਸਹਿਤ ਅਕਾਦਮੀ ਦਾ ਪੁਰਸਕਾਰ ਹਾਸਲ ਕਰਨ ਤੋਂ ਬਿਨਾਂ ਸਾਹਿਤ ਰਤਨ, ਸ਼੍ਰੋਮਣੀ ਸਾਹਿਤਕਾਰ, ਸਰਵਸ੍ਰੇਸ਼ਟ ਸਹਿਤਕਾਰ ਅਤੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਵਰਗੇ ਅਨੇਕਾਂ ਪੁਰਸਕਾਰਾਂ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਜਾ ਚੁੱੱਕਾ ਹੈ। ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਪੂਰਨਮਾਸ਼ੀ, ਲਹੂ ਦੀ ਲੋਅ ਅਤੇ ਐਨਿਆ ‘ਚੋਂ ਉੱਠੋ ਸੂਰਮਾ, ਉਨ੍ਹ੍ਹਾਂ ਦੇ ਚਰਚਿਤ ਨਾਵਲ ਹਨ।
ਸੌਵੇਂ ਜਨਮ ਦਿਨ ਮੌਕੇ ਮੋਗਾ ਜ਼ਿਲ੍ਹੇ ਦੇ ਜਗਰਾਉਂ ਨੇੜਲੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ  ੳਨ੍ਹਾਂ ਦੇ ਜਨਮ ਦਿਨ ਨੂੰ ਲੈ ਕੇ ਵਿਆਹ ਵਰਗਾ ਮਾਹੌਲ ਰਿਹਾ। ਪਿੰਡ ਵਾਸੀ ਉਂਜ ਤਾਂ ਕਈ ਸਾਲਾਂ ਤੋਂ ਉਨ੍ਹਾਂ ਦਾ ਜਨਮ ਦਿਨ ਮਨਾਉਂਦੇ ਆ ਰਹੇ ਹਨ ਪਰ ਐਤਕੀਂ ਨਜ਼ਾਰਾ ਕੁਝ ਵੱਖਰਾ ਸੀ। ਕਈ ਲੇਖਕ ਜਥੇਬੰਦੀਆਂ ਕਾਫਲੇ ਬੰਨ੍ਹ ਕੇ ਢੁੱਡੀਕੇ ਪਹੁੰਚੀਆਂ। ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਤੇ ਪੋਤਿਆਂ ਸੁਮੀਤ ਸਿੰਘ ਤੇ ਹਰਮੀਤ ਸਿੰਘ ਦੇ ਖ਼ੁਸ਼ੀ ਦੇ ਇਸ ਮੌਕੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਸਨ।
ਜਸਵੰਤ ਕੰਵਲ ਨੂੰ ‘ਪਦਮ ਵਿਭੂਸ਼ਨ’ ਦੇਣ ਦੀ ਮੰਗ ਹੋ ਰਹੀ ਹੈ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਗਿਆ ਹੈ। 1943 ਵਿੱਚ ‘ਸੱਚ ਨੂੰ ਫਾਂਸੀ’ ਚਾੜ੍ਹਨ ਵਾਲੇ ਕੰਵਲ 98 ਸਾਲ ਦੀ ਉਮਰ ‘ਧੁਰ ਦਰਗਾਹ’ ਦੀ ਬਾਤ ਪਾ ਗਏ। ਸੌਵੇਂ ਜਨਮ ਦਿਨ ਤੋਂ ਕੁਝ ਘੰਟੇ ਪਹਿਲਾਂ ਇਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਕੋਈ ਕਿਤਾਬ ਜਾਂ ਨਾਵਲ ਲਿਖਣ ਦਾ ਰੀਝ ਬਾਕੀ ਨਹੀਂ ਪਰ ਲਿਖਣਾ ਤੇ ਪੜ੍ਹਨਾ ਜਾਰੀ ਹੈ।
ਪਿੰਡ ਢੁੱਡੀਕੇ ਵਿਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਉਨ੍ਹਾਂ ਦਾ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨ ਕੀਤਾ, ਜਿਸ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਦੋਸ਼ਾਲਾ ਤੇ ਸਨਮਾਨ ਪੱਤਰ ਸ਼ਾਮਲ ਹਨ।
ਇਸ ਮੌਕੇ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਲਈ ਇਹ ਖੁਸ਼ੀ ਦਾ ਮੌਕਾ ਹੈ ਜਦੋਂ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਸ੍ਰੀ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਸਾਹਿਤ ਦੀ ਝੋਲੀ ਅਨੇਕਾਂ ਪੁਸਤਕਾਂ ਪਾਉਣ ਵਾਲੇ ਉਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਦੀਆਂ ਖੁਸ਼ੀਆਂ ਉਨ੍ਹਾਂ ਦੇ ਘਰ ਜਾ ਕੇ ਮਨਾਈਆਂ ਜਾਣ।
ਇਸ ਦੌਰਾਨ ਚੰਡੀਗੜ੍ਹ ਵਿਚ ਇੱਕ ਅਹਿਮ ਮੀਟਿੰਗ ਵਿੱਚ ਹਿੱਸਾ ਲੈਣ ਕਾਰਨ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਢੁੱਡੀਕੇ ਵਿਖੇ ਸਮਾਗਮ ਵਿੱਚ ਹਿੱਸਾ ਨਾ ਲੈ ਸਕੇ। ਸ੍ਰੀ ਕੰਵਲ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਤ ਕਰਨ ਦੀ ਮੰਗ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।