ਆਸਟਰੇਲੀਆਂ ਦੇ ਸਿਡਨੀ ਗੁਰੂ ਘਰ ‘ਚ ਕੁਰਸੀਆਂ ‘ਤੇ ਬੈਠ ਕੇ ਲੰਗਰ ਛਕਣ ਦਾ ਅਕਾਲ ਤਖ਼ਤ ਨੇ ਲਿਆ ਸਖਤ ਨੋਟਿਸ

ਆਸਟਰੇਲੀਆਂ ਦੇ ਸਿਡਨੀ ਗੁਰੂ ਘਰ ‘ਚ ਕੁਰਸੀਆਂ ‘ਤੇ ਬੈਠ ਕੇ ਲੰਗਰ ਛਕਣ ਦਾ ਅਕਾਲ ਤਖ਼ਤ ਨੇ ਲਿਆ ਸਖਤ ਨੋਟਿਸ

ਅੰਮ੍ਰਿਤਸਰ ਬਿਊਰੋ ਨਿਊਜ਼ :
ਆਸਟਰੇਲੀਆ ਦੇ ਸ਼ਹਿਰ ਸਿਡਨੀ ‘ਚ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਲੰਗਰ ਘਰ ਵਿੱਚ ਕੁਰਸੀਆਂ ‘ਤੇ ਬਿਠਾ ਕੇ ਲੰਗਰ ਛਕਾਉਣ ਦੀ ਸ਼ੁਰੂ ਕੀਤੀ ਪ੍ਰਥਾ ਦਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਏ ਗਏ ਨੋਟਿਸ ਨੂੰ ਤੁਰੰਤ ਹਟਾਇਆ ਜਾਵੇ। ਇਸ ਦੌਰਾਨ ਸਿੱਖ ਸੰਗਤ ਨੂੰ ਵੀ ਇਸ ਸਿੱਖ ਵਿਰੋਧੀ ਸਿਧਾਂਤ ਪ੍ਰਤੀ ਸੁਚੇਤ ਕੀਤਾ ਹੈ।
ਇਸ ਸਬੰਧੀ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿਡਨੀ ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਗੁਰੂ ਕਾਲ ਤੋਂ ਚੱਲੀ ਆ ਰਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਢਾਹ ਲਾਈ ਜਾ ਰਹੀ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਗੁਰਦੁਆਰੇ ਦੇ ਨੋਟਿਸ ਬੋਰਡ ‘ਤੇ ਲਿਖ ਕੇ ਲਾਇਆ ਗਿਆ ਹੈ ਕਿ ਲੰਗਰ ਸਿਰਫ਼ ਕੁਰਸੀਆਂ ‘ਤੇ ਬੈਠ ਕੇ ਹੀ ਛਕਿਆ ਜਾਵੇ। ਉਨ੍ਹਾਂ ਆਖਿਆ ਕਿ ਇਹ ਢੰਗ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਗੁਰੂ ਕਾਲ ਦੇ ਵੇਲੇ ਬਾਦਸ਼ਾਹ ਅਕਬਰ ਨੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਵੱਲੋਂ ਪਹਿਲਾਂ ਵੀ ਇਸ ਸਬੰਧੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਲੰਗਰ ਸਿਰਫ ਪੰਗਤ ਵਿੱਚ ਬੈਠ ਕੇ ਹੀ  ਛਕਿਆ ਜਾਵੇ ਪਰ ਜੇਕਰ ਕੋਈ ਅਪਹਾਜ ਹੈ ਜਾਂ ਬੈਠਣ ਤੋਂ ਅਸਮਰਥ ਹੈ ਤਾਂ ਉਸ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਉਨ੍ਹਾਂ ਆਖਿਆ ਕਿ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਲਾਇਆ ਗਿਆ ਨੋਟਿਸ ਪੂਰੀ ਤਰ੍ਹਾਂ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਗੁਰੂ ਪ੍ਰੰਪਰਾ ਨੂੰ ਕਿਸੇ ਵੀ ਤਰ੍ਹਾਂ ਢਾਹ ਲਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਆਦੇਸ਼ ਰਾਹੀਂ ਕੁਝ ਲੋਕ ਸਿੱਖ ਭਾਈਚਾਰੇ ਨੂੰ ਇਸ ਪ੍ਰੰਪਰਾ ਤੋਂ ਦੂਰ ਹੋਣ ਲਈ ਆਖ ਰਹੇ ਹਨ। ਉਨ੍ਹਾਂ ਸਬੰਧਤ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਬੋਰਡ ‘ਤੇ ਲਾਏ ਨੋਟਿਸ ਨੂੰ ਤੁੰਰਤ ਹਟਾਇਆ ਜਾਵੇ। ਉਨ੍ਹਾਂ ਸੰਗਤ ਨੂੰ ਵੀ ਸੁਚੇਤ ਕੀਤਾ ਹੈ ਕਿ ਗੁਰ ਮਰਿਆਦਾ ਅਨੁਸਾਰ ਪ੍ਰਸ਼ਾਦਾ ਪੰਗਤ ਵਿੱਚ ਬੈਠ ਕੇ ਹੀ ਛਕਿਆ ਜਾਵੇ।
ਗੁਰੂ ਘਰ ਦੀ ਰਵਾਇਤ ਬਦਲਣ ਦਾ ਕਿਸੇ ਨੂੰ ਹੱਕ ਨਹੀ ਂ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਡਨੀ ਦੇ ਗੁਰਦੁਆਰੇ ਦੇ ਕਮੇਟੀ ਦੇ ਫ਼ੈਸਲੇ ਨੂੰ ਨਕਾਰਦਿਆਂ ਕਿਹਾ ਪੰਥਕ ਰਵਾਇਤਾਂ ਨੂੰ ਬਦਲਣ ਦੀ ਇਹ ਹਰਕਤ ਪੰਥ ਅੰਦਰ ਦੁਬਿਧਾ ਪਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਅੰਦਰ ਲੰਗਰ ਦੀ ਪ੍ਰਥਾ ਪੰਗਤ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਜਵਾਬ ਤਲਬੀ ਕਰਨ।