ਪੰਜਾਬ ਸਮੇਤ ਉਤਰੀ ਰਾਜਾਂ ‘ਚ ਛਾਇਆ ਧੂੜ ਦਾ ਗੁਬਾਰ ਹਵਾਈ ਉਡਾਣਾਂ ਬੰਦ, ਸਾਹ ਲੈਣਾ ਹੋਇਆ ਮੁਸ਼ਕਿਲ ਦੇਰ ਰਾਤ ਹੋਈ ਬਾਰਿਸ਼ ਨਾਲ ਮਾਮੂਲੀ ਰਾਹਤ

ਪੰਜਾਬ ਸਮੇਤ ਉਤਰੀ ਰਾਜਾਂ ‘ਚ ਛਾਇਆ ਧੂੜ ਦਾ ਗੁਬਾਰ ਹਵਾਈ ਉਡਾਣਾਂ ਬੰਦ, ਸਾਹ ਲੈਣਾ ਹੋਇਆ ਮੁਸ਼ਕਿਲ ਦੇਰ ਰਾਤ ਹੋਈ ਬਾਰਿਸ਼ ਨਾਲ ਮਾਮੂਲੀ ਰਾਹਤ

 

ਦਿੱਲੀ ‘ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪੁੱਜਾ 
ਚੰਡੀਗੜ੍ਹ/ਨਵੀਂ ਦਿੱਲੀ/ਬਿਊਰੋ ਨਿਊਜ਼ :

ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਸਣੇ ਉੱਤਰ ਭਾਰਤ ‘ਚ  ਆਸਮਾਨ ‘ਚ ਧੂੜ-ਮਿੱਟੀ ਦਾ ਗੁਬਾਰ ਫੈਲਿਆ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਰਿਹਾ ਹੈ | ਹਵਾ ‘ਚ ਧੂੜ ਅਤੇ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣਾ ਔਖਾ ਹੋਇਆ ਹੈ |ਦੂਜੇ ਪਾਸੇ ਦੇਰ ਰਾਤ ਪੰਜਾਬ ‘ਚ ਕਈ ਥਾਈਾ ਹੋਈ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਹੈ ਪਰ ਦਿਨ ਸਮੇਂ ਆਸਮਾਨ ‘ਚ ਛਾਈ ਧੂੜ ਨਾਲ ਲੋਕਾਂ ਦਾ ਬੁਰਾ ਹਾਲ ਸੀ | ਇਸ ਦਾ ਸਭ ਤੋਂ ਵੱਧ ਅਸਰ ਚੰਡੀਗੜ੍ਹ ‘ਚ ਪਿਆ, ਜਿੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਇਕਦਮ ਰੁਕ ਗਈ | ਜਾਣਕਾਰੀ ਅਨੁਸਾਰ ਧੂੜ-ਮਿੱਟੀ ਕਾਰਨ ਹਵਾ ਦੀ ਗੁਣਵੱਤਾ ਅਤੇ ਦਿ੍ਸ਼ਟਤਾ ਦਾ ਪੱਧਰ ਕਾਫ਼ੀ ਪ੍ਰਭਾਵਿਤ ਹੋਇਆ ਹੈ | ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ‘ਚ ਧੂੜ ਭਰੇ ਝੱਖੜ, ਹਵਾਵਾਂ ਚੱਲਣ ਕਾਰਨ ਪੰਜਾਬ ਸਣੇ ਉੱਤਰ ਭਾਰਤ ‘ਚ ਹਵਾ ਰਾਹੀਂ ਆਸਮਾਨ ‘ਚ ਧੂੜ-ਮਿੱਟੀ ਦੇ ਪੱਧਰ ‘ਚ ਵਾਧਾ ਹੋਇਆ ਹੈ | ਮੌਸਮ ਵਿਭਾਗ ਦੇ ਨਿਰਦੇਸ਼ਕ ਐਸ. ਪਾਲ ਨੇ ਕਿਹਾ ਕਿ ਅਜੇ ਮੌਨਸੂਨ ਵੀ ਕਮਜ਼ੋਰ ਦਿਖ ਰਹੀ ਹੈ ਤੇ ਇਸ ਦੇ ਜੂਨ ਦੇ ਅੰਤ ਤੱਕ ਖੇਤਰ ‘ਚ ਪਹੁੰਚਣ ਦੀ ਸੰਭਾਵਨਾ ਹੈ | ਕੇਂਦਰੀ ਵਾਤਾਵਰਨ ਮੰਤਰਾਲੇ ਨੇ ਵੀ ਦਿੱਲੀ ‘ਚ ਛਾਏ ਧੂੜ ਭਰੇ ਗੁਬਾਰ ਲਈ ਰਾਜਸਥਾਨ ‘ਚ ਆਏ ਧੂੜ ਭਰੇ ਝੱਖੜ ਨੂੰ ਮੁੱਖ ਕਾਰਨ ਦੱਸਿਆ |

ਦਿੱਲੀ ‘ਚ ਵੀ ਧੂੜ ਭਰਿਆ ਗੁਬਾਰ ਛਾਇਆ ਰਿਹਾ ਅਤੇ ਇੱਥੇ ਮੌਸਮ ਵਿਭਾਗ ਨੇ ਪੂਰੀ ਰਾਜਧਾਨੀ ‘ਚ ਇਸ ਗੁਬਾਰ ਦੇ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ | ਦਿੱਲੀ ਮੌਸਮ ਵਿਭਾਗ ਅਨੁਸਾਰ ਕਈ ਖੇਤਰਾਂ ‘ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚਿਆ ਹੋਇਆ ਸੀ | ਪੀ.ਐਮ.-10 ਦਾ ਆਮ ਪੱਧਰ 100 ਮਾਈਕੋ੍ਰ ਗ੍ਰਾਮ ਕਿਊਬਿਕ ਮੀਟਰ ਹੋਣਾ ਚਾਹੀਦਾ ਹੈ, ਜਦਕਿ ਦਿੱਲੀ ਦੇ ਕੁਝ ਖੇਤਰਾਂ ‘ਚ ਇਹ 1000 ਤੋਂ ਵੀ ਉੱਪਰ ਪਹੁੰਚ ਚੁੱਕਾ ਹੈ, ਜਦਕਿ ਪੀ.ਐਮ.-2.5 ਦਾ ਆਮ ਪੱਧਰ 60 ਮਾਈਕੋ੍ਰ ਗ੍ਰਾਮ ਕਿਊਬਿਕ ਮੀਟਰ ਹੁੰਦਾ ਹੈ, ਜੋ 300 ਤੋਂ 500 ਤੱਕ ਪਹੁੰਚ ਜਾਂਦਾ ਹੈ | ਪ੍ਰਸ਼ਾਸਨ ਨੇ ਰਾਜਧਾਨੀ ‘ਚ ਹਰ ਤਰ੍ਹਾਂ ਦੇ ਨਿਰਮਾਣ ਕਾਰਜ ‘ਤੇ ਰੋਕ ਲਗਾ ਦਿੱਤੀ ਹੈ, ਤਾਂ ਕਿ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਐਤਵਾਰ ਤੱਕ ਮੌਸਮ ‘ਚ ਧੂੜ ਘੱਟ ਹੋ ਸਕਦੀ ਹੈ ਤੇ ਇਸ ਤੋਂ ਪਹਿਲਾਂ ਲੋਕਾਂ ਨੂੰ ਇਸ ਦਾ ਪ੍ਰਕੋਪ ਝੱਲਣਾ ਹੀ ਪਵੇਗਾ | ਇਹ ਵੀ ਦੱਸਿਆ ਗਿਆ ਕਿ ਆਗਾਮੀ ਦਿਨਾਂ ‘ਚ ਇਥੇ ਪ੍ਰੀ-ਮੌਨਸੂਨ ਦੇ ਆਸਾਰ ਵੀ ਨਜ਼ਰ ਨਹੀਂ ਆ ਰਹੇ | ਸਿਹਤ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਬੱਚੇ, ਬਜ਼ੁਰਗ ਅਤੇ ਬਿਮਾਰ ਵਿਅਕਤੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਅਜਿਹੇ ਮੌਸਮ ਦੌਰਾਨ ਬਾਹਰ ਨਹੀਂ ਨਿਕਲਣਾ ਚਾਹੀਦਾ | ਜ਼ਿਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ (ਐਚ.ਐਸ.ਪੀ.ਸੀ.ਬੀ.) ਨੇ ਖ਼ਰਾਬ ਮੌਸਮ ਦੇ ਚਲਦਿਆਂ ਸੂਬੇ ‘ਚ ਅਗਲੇ ਦੋ ਦਿਨਾਂ ਤੱਕ ਹਰ ਤਰ੍ਹਾਂ ਦੇ ਉਸਾਰੀ ਦੇ ਕਾਰਜਾਂ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ |

ਧੂੜ ਭਰੇ ਮੌਸਮ ਦਾ ਅਸਰ ਚੰਡੀਗੜ੍ਹ ‘ਚ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਮੁਹਾਲੀ ਵਿਚਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ  ਰੱਦ ਕਰਨੀਆਂ ਪਈਆਂ | ਦੂਜੇ ਪਾਸੇ ਇਸ ਕੌਮਾਂਤਰੀ ਹਵਾਈ ਅੱਡੇ ਦੇ ਵਿਸਥਾਰ ਲਈ ਕੀਤੇ ਗਏ ਉਪਰਾਲਿਆਂ ਦੇ ਬਾਵਜੂਦ ਅਜੇ ਤੱਕ ਲੈਂਡਿੰਗ ਇੰਸਟਰੂਮੈਂਟ ਸਿਸਟਮ ਕੈਟ-3 ਲਗਾਉਣ ਦਾ ਕੰਮ ਪੂਰਾ ਨਹੀਂ ਹੋਇਆ | ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਦੁਬਈ ਜਾਣ ਵਾਲੇ ਯਾਤਰੀਆਂ ਨੂੰ ਚੰਡੀਗੜ੍ਹ ਤੋਂ ਟੈਕਸੀ ਰਾਹੀਂ ਦਿੱਲੀ ਭੇਜ ਕੇ ਉੱਥੋਂ ਦੁਬਈ ਲਈ ਰਵਾਨਾ ਕੀਤਾ ਜਾ ਰਿਹਾ ਹੈ | ਬੈਂਕਾਕ ਜਾਣ ਵਾਲੀ ਇਕ ਉਡਾਣ 32 ਮਿੰਟ ਦੀ ਦੇਰੀ ਨਾਲ ਗਈ, ਜਦਕਿ ਦੂਜੀ ਉਡਾਣ ਚੰਡੀਗੜ੍ਹ-ਦਿੱਲੀ ਤੋਂ ਹੋ ਕੇ ਬੈਂਕਾਕ ਜਾਵੇਗੀ | ਰੱਦ ਹੋਈਆਂ 26 ਘਰੇਲੂ ਉਡਾਣਾਂ ‘ਚ ਇੰਡੀਗੋ ਦੀਆਂ 7, ਜੈੱਟ ਏਅਰਵੇਜ਼ ਦੀਆਂ 8, ਏਅਰਏਸ਼ੀਆ ਦੀ ਇਕ, ਸਪਾਈਸ ਜੈੱਟ ਦੀ ਇਕ, ਗੋਏਅਰ ਦੀਆਂ ਤਿੰਨ ਅਤੇ ਏਅਰ ਇੰਡੀਆ ਦੀਆਂ 5 ਉਡਾਣਾਂ ਸ਼ਾਮਿਲ ਹਨ |
ਆਸਮਾਨ ‘ਚ ਛਾਈ ਧੂੜ ਕਾਰਨ ਆਦਮਪੁਰ ਦੇ ਹਵਾਈ ਅੱਡੇ ਤੋਂ ਦਿੱਲੀ ਨੂੰ ਜਾਣ ਤੇ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਣ ਰੱਦ ਹੋ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਮੀਂਹ ਪਵੇ ਤੇ ਇਸ ਧੂੜ ਤੋਂ ਛੁਟਕਾਰਾ ਮਿਲੇ | ਇਸ ਧੂੜ ਕਾਰਨ ਦਮੇ ਦੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਮ ਲੋਕਾਂ ਨੂੰ ਵੀ ਇਸ ਕਾਰਨ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ |
ਬਠਿੰਡਾ ਏਅਰਪੋਰਟ ਤੋਂ ਜੰਮੂ ਅਤੇ ਦਿੱਲੀ ਜਾਣ ਵਾਲੀਆਂ ਉਡਾਣਾਂ ਆਸਮਾਨ ‘ਤੇ ਧੂੜ ਭਰੀ ਹਨੇਰੀ ਕਾਰਨ ਲਗਾਤਾਰ ਰੱਦ ਹੋਣ ਕਰਕੇ ਯਾਤਰੀਆਂ ਖੱਜਲ-ਖੁਆਰ ਹੋ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਏਅਰਪੋਰਟ ਤੋਂ ਮੰਗਲਵਾਰ ਤੋਂ ਬਠਿੰਡਾ ਤੋਂ ਜੰਮੂ, ਦਿੱਲੀ ਉਡਾਣਾਂ ਆਸਮਾਨ ‘ਤੇ ਧੂੜ ਭਰੀ ਹਨੇਰੀ ਕਾਰਨ ਏਅਰਲਾਈਨਜ਼ ਨੂੰ ਰੱਦ ਕਰਨੀਆਂ ਪੈ ਰਹੀਆਂ ਹਨ |

ਪੰਜਾਬ ‘ਚ ਛਾਏ ਧੂੜ-ਮਿੱਟੀ ਦੇ ਗੁਬਾਰ ਨਾਲ ਨਜਿੱਠਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਉਸਾਰੀ ਕਾਰਜਾਂ ‘ਤੇ ਰੋਕ ਲਗਾ ਦਿੱਤੀ ਗਈ ਹੈ | ਆਬੋ-ਹਵਾ ਦੀ ਡਿੱਗ ਰਹੀ ਗੁਣਵੱਤਾ ਦੇ ਮਾਰੂ ਪ੍ਰਭਾਵਾਂ ਕਾਰਨ ਹਵਾ ਗੁਣਵੱਤਾ ਮਿਆਰ ਸੂਚਕ ਅੰਕ ਲੁਧਿਆਣਾ 443, ਅੰਮਿ੍ਤਸਰ 454, ਮੰਡੀ ਗੋਬਿੰਦਗੜ੍ਹ 440, ਖੰਨਾ 389, ਪਟਿਆਲਾ 403 ਅਤੇ ਰੂਪਨਗਰ 417 ਤੱਕ ਪਹੁੰਚ ਗਿਆ ਹੈ | ਕੁਦਰਤੀ ਵਰਤਾਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਆਮ ਲੋਕਾਂ ਲਈ ਹਦਾਇਤਾਂ ਜਾਰੀ ਕਰਦਿਆਂ ਉਸਾਰੀ ਕਾਰਜਾਂ ਅਤੇ ਇਸ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ, ਮਿੱਟੀ ਅਤੇ ਰੇਤਾ ਆਦਿ ਖੁੱਲ੍ਹੇ ਟਰੱਕਾਂ, ਟਰਾਲੀਆਂ ਵਿਚ ਨਾ ਲਿਜਾਣ, ਖਿਡਾਰੀਆਂ, ਦੌੜਾਕਾਂ, ਸੈਰ ਕਰਨ ਵਾਲਿਆਂ ਅਤੇ ਬਜ਼ੁਰਗਾਂ ਨੂੰ ਕੋਈ ਕਸਰਤ ਅਤੇ ਸੈਰ ਨਾ ਕਰਨ ਅਤੇ ਸਾਹ, ਦਮੇ, ਦਿਲ, ਅੱਖਾਂ ਤੇ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਨੂੰ ਘਰ ‘ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ | ਬੱਚਿਆਂ ਦੇ ਮਾਤਾ-ਪਿਤਾ ਨੂੰ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬਾਹਰ ਨਾ ਖੇਡਣ ਦਿੱਤਾ ਜਾਵੇ | ਲੋਕਾਂ ਨੂੰ ਖੁੱਲੇ ਟਰੱਕਾਂ, ਟਰਾਲੀਆਂ ਆਦਿ ‘ਚ ਲੰਮੇ ਸਫ਼ਰ ‘ਤੇ ਨਾ ਜਾਣ ਲਈ ਵੀ ਕਿਹਾ ਗਿਆ | ਮੌਸਮ ਵਿਭਾਗ ਅਨੁਸਾਰ ਪੱਛਮੀ ਹਵਾਵਾਂ ਤੇਜ਼ੀ ਨਾਲ ਉੱਤਰੀ ਭਾਰਤ ਵੱਲ ਪਹੁੰਚ ਰਹੀਆਂ ਹਨ ਤੇ ਇਕ-ਦੋ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ | ਵਿਭਾਗ ਅਨੁਸਾਰ ਮੀਂਹ ਤੋਂ ਬਿਨਾਂ ਇਸ ਗਰਦ ‘ਤੇ ਕਾਬੂ ਪਾਉਣਾ ਮੁਸ਼ਕਿਲ ਹੈ |