ਪੰਜ ਸਿੰਘ ਸਾਹਿਬਾਨ ਵੱਲੋਂ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ

ਪੰਜ ਸਿੰਘ ਸਾਹਿਬਾਨ ਵੱਲੋਂ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖਤ ’ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੂੰ ਪੰਥ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ। ਇਸ ਤੋਂ ਇਲਾਵਾ ਸੰਤ ਨਰਾਇਣ ਦਾਸ ਵਲੋਂ ਭੇਜੀ ਮੁਆਫ਼ੀ ਨੂੰ ਰੱਦ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਦੀ ਹਦਾਇਤ ਕੀਤੀ ਹੈ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਕੀਤੇ ਫ਼ੈਸਲੇ ਵਿੱਚ ਆਖਿਆ ਗਿਆ ਹੈ ਕਿ ਹਰਨੇਕ ਸਿੰਘ ਵੱਲੋਂ ਨਿਊਜ਼ੀਲੈਂਡ ਵਿਚ ਵਿਰਸਾ ਨਾਂ ਦਾ ਰੇਡੀਓ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਇਨ੍ਹਾਂ ਦੋਸ਼ਾਂ ਹੇਠ ਹੀ ਉਸ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਉਸ ਨੂੰ ਤਿੰਨ ਵਾਰ ਸਪੱਸ਼ਟੀਕਰਨ ਦੇਣ ਲਈ ਮੌਕਾ ਦਿੱਤਾ ਗਿਆ ਪਰ ਉਹ ਆਪਣੀ ਹਊਮੈ ਕਾਰਨ ਇਥੇ ਪੇਸ਼ ਨਹੀਂ ਹੋਇਆ।

ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਨੂੰ ਵਿਚਾਰਨ ਉਪਰੰਤ ਉਸ ਨੂੰ ਖਾਲਸਾ ਪੰਥ ਵਿਚੋਂ ਛੇਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਕਿ ਇਸ ਵਿਅਕਤੀ ਨਾਲ ਧਾਰਮਿਕ, ਸਿਆਸੀ, ਸਮਾਜਿਕ ਆਦਿ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ। ਪਹਿਲਾਂ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਹਰਨੇਕ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਆਗੂਆਂ ਦਾ ਇਕ ਵਫਦ ਇਥੇ ਦਿੱਲੀ ਵਿਖੇ ਨਿਊਜ਼ੀਲੈਂਡ ਸਫਾਰਤਖਾਨੇ ਦੀ ਸਫੀਰ ਨੂੰ ਵੀ ਮਿਲ ਚੁੱਕਾ ਹੈ। ਇਸ ਵਫਦ ਵਿਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਸਨ।

ਇਕੱਤਰਤਾ ਵਿਚ ਚਰਚਾ ਕੀਤੀ ਗਈ ਕਿ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਪਰ ਇਸ ਲਈ ਵੱਡੇ ਪਧਰ ਤੇ ਪ੍ਰਚਾਰ ਦੀ ਲੋੜ ਹੈ। ਬੇਅਦਬੀ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਵਧੇਰੇ ਘਟਨਾਵਾਂ ਗ੍ਰੰਥੀ ਜਾਂ ਹੋਰ ਅਮਲੇ ਦੀ ਅਣਗਹਿਲੀ ਕਾਰਨ ਹੋਈਆਂ ਹਨ। ।ਉਨ੍ਹਾਂ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਹੈ ਕਿ ਗੁਰਦੁਆਰੇ ਵਿਚ ਸਪੀਕਰ ਦੀ ਆਵਾਜ਼ ਹਦੂਦ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਉਨ੍ਹਾਂ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਉਹ ਗ੍ਰੰਥੀ ਸਿੰਘਾਂ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਆਰਥਿਕ ਹਾਲਾਤ ਬੇਹਤਰ ਬਣਾਉਣ ਵੱਲ ਵੀ ਧਿਆਨ ਦੇਣ। ਸਮਾਧਾਂ ‘ਤੇ ਅਖੰਡ ਪਾਠ ਕਰਨ ਦੀਆਂ ਸ਼ਿਕਾਇਤਾਂ ਖਿਲਾਫ਼ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੀ ਰਿਪੋਰਟ ‘ਤੇ ਅਗਲੀ ਕਾਰਵਾਈ ਹੋਵੇਗੀ।ਜੋਧਪੁਰ ਨਜ਼ਰਬੰਦ ਸਿੱਖ ਵਿਅਕਤੀਆਂ ਲਈ ਹੇਠਲੀ ਅਦਾਲਤ ਵਲੋਂ ਐਲਾਨੇ ਗਏ ਮੁਆਵਜ਼ੇ ਨੂੰ ਰੋਕਣ ਲਈ ਕੇਂਦਰ ਸਰਕਾਰ ਵਲੋਂ ਉਚ ਅਦਾਲਤ ਵਿਚ ਕੇਸ ਦਾਇਰ ਕੀਤੇ ਜਾਣ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਵਿਅਕਤੀਆਂ ਨੇ ਕੋਈ ਅਪਰਾਧ ਨਹੀਂ ਕੀਤਾ ਸੀ ਪਰ ਇਸ ਦੇ ਬਾਵਜੂਦ ਲੰਮਾ ਸਮਾਂ ਜੋਧਪੁਰ ਜੇਲ ਵਿਚ ਬਿਤਾਇਆ, ਜਿਸ ਲਈ ਉਹ ਮੁਆਵਜ਼ੇ ਦੇ ਹੱਕਦਾਰ ਹਨ। ਮਨੁੱਖਤਾ ਦੇ ਆਧਾਰ ‘ਤੇ ਉਨ੍ਹਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਯੋਗ ਕਾਰਵਾਈ ਲਈ ਆਖਣਗੇ।

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਅਮਰੀਕ ਸਿੰਘ ਚੰਡੀਗੜ੍ਹ ਸਮੇਤ ਹੋਰ ਸਿੱਖ ਪ੍ਰਚਾਰਕਾਂ ਅਤੇ ਕੁਝ ਸਿੱਖ ਜਥੇਬੰਦੀਆਂ ਵਿਚਾਲੇ ਚੱਲ ਰਹੇ ਮਤਭੇਦਾਂ ਨੂੰ ਖਤਮ ਕਰਨ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਯਤਨ ਜਾਰੀ ਹਨ। ਮੀਟਿੰਗ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਮਲਕੀਤ ਸਿੰਘ ਸ਼ਾਮਲ ਸਨ।

ਉਧਰ ਹਰਨੇਕ ਸਿੰਘ ਨੇਕੀ ਨੇ ਸ੍ਰੀ ਅਕਾਲ ਤਖਤ ਵਲੋਂ ਕੀਤੇ ਫੈਸਲੇ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਆਖਿਆ ਕਿ ਉਸ ਨੇ ਜਥੇਦਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਨਿਊਜ਼ੀਲੈਂਡ ਆਉਣ ਅਤੇ ਉਸ ਦੇ ਰੇਡੀਓ ’ਤੇ ਇਸ ਮੁੱਦੇ ਬਾਰੇ ਉਸ ਨਾਲ ਬਹਿਸ ਕਰਨ। ਜਥੇਦਾਰ ਆਪਣਾ ਪੱਖ ਰੱਖਣ, ਉਹ ਆਪਣੀ ਗੱਲ ਰੱਖਣਗੇ ਅਤੇ ਸੰਗਤਾਂ ਖੁਦ ਤੈਅ ਕਰਨਗੀਆਂ ਕਿ ਕੌਣ ਠੀਕ ਹੈ।