ਬੰਬੀਹਾ ਗੈਂਗ ਦੇ ਚਾਰ ਗੈਂਗਸਟਰ ਹਥਿਆਰਾਂ ਸਣੇ ਕਾਬੂ

ਬੰਬੀਹਾ ਗੈਂਗ ਦੇ ਚਾਰ ਗੈਂਗਸਟਰ ਹਥਿਆਰਾਂ ਸਣੇ ਕਾਬੂ

ਮੋਗਾ ਵਿੱਚ ਗੈਂਗਸਟਰ ਗਰੋਹ ਤੋਂ ਬਰਾਮਦ ਹਥਿਆਰ ਬਾਰੇ ਜਾਣਕਾਰੀ ਦਿੰਦੇ ਐੱਸਪੀ (ਆਈ) ਵਜ਼ੀਰ ਸਿੰਘ ਖਹਿਰਾ ਤੇ ਹੋਰ ਪੁਲੀਸ ਅਧਿਕਾਰੀ।

ਮੋਗਾ/ਬਿਊਰੋ ਨਿਊਜ਼ :
ਇੱਥੇ ਸੀਆਈਏ ਸਟਾਫ ਪੁਲੀਸ ਨੇ ਛੇ ਮੈਂਬਰੀ ਗੈਂਗਸਟਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਤਿੰਨ ਪਿਸਤੌਲਾਂ ਅਤੇ ਸਵਾ ਕਿੱਲੋ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਠਿੰਡਾ ਪੁਲੀਸ ਨਾਲ ਮੁਠਭੇੜ ਵਿਚ ਮਾਰੇ ਜਾ ਚੁੱਕੇ  ਗੈਂਗਸਟਰ ਦੇਵਿੰਦਰ ਬੰਬੀਹਾ ਗਰੋਹ ਦੇ ਮੈਂਬਰ ਹਨ।
ਇੱਥੇ ਪ੍ਰੈੱਸ ਕਾਨਫਰੰਸ ਵਿੱਚ ਐੱਸਪੀ (ਆਈ) ਵਜ਼ੀਰ ਸਿੰਘ ਖਹਿਰਾ, ਡੀਐੱਸਪੀ (ਆਈ) ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਬਾਘਾਪੁਰਾਣਾ ਸੁਖਦੀਪ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਬਾਘਾਪੁਰਾਣਾ-ਭਗਤਾ ਭਾਈ ਲਿੰਕ ਰੋਡ ‘ਤੇ ਲਾਏ ਨਾਕੇ ਦੌਰਾਨ ਜਸਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਫ਼ਰੀਦਕੋਟ, ਰਾਕੇਸ਼ ਕੁਮਾਰ ਉਰਫ਼ ਕਾਕੂ ਵਾਸੀ ਬਠਿੰਡਾ, ਅਜੇ ਕੁਮਾਰ ਵਾਸੀ  ਫ਼ਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਗੰਗਾ ਅਬਲੂ ਖੂਹ, ਬਠਿੰਡਾ ਨੂੰ ਦੋ ਮੋਟਰਸਾਈਕਲਾਂ ਅਤੇ 1300 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਤਿੰਨ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ  ਹਨ।  ਪੁਲੀਸ ਮੁਤਾਬਕ ਇਸ ਗ੍ਰਿਫ਼ਤਾਰੀ ਨਾਲ  ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ  ਅਹਿਮ ਤਸਕਰ ਨੂੰ ਛੁਡਾਉਣ ਅਤੇ ਦੋ ਗੈਂਗਸਟਰਾਂ ਤੇ  ਸਹਿਕਾਰੀ ਸਭਾ, ਕਾਹਨੇਕੇ (ਬਰਨਾਲਾ) ਦੇ ਸਕੱਤਰ ਦੇ ਕਤਲ ਦੀ ਯੋਜਨਾ ਨਾਕਾਮ ਬਣਾ ਦਿੱਤੀ  ਹੈ। ਇਸ ਗਰੋਹ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਸਹਿਕਾਰੀ ਸਭਾ, ਕਾਹਨੇਕੇ (ਬਰਨਾਲਾ) ਦੇ ਸਕੱਤਰ ਸਾਗਰ ਸਿੰਘ ਨੂੰ ਪਰਿਵਾਰਕ ਝਗੜੇ ਦੀ ਰੰਜ਼ਿਸ ਤਹਿਤ ਕਤਲ ਕਰਨ, ਗੈਂਗਸਟਰ ਹਰਜੀਤ ਸਿੰਘ ਉਰਫ਼ ਪਿੰਟਾ ਵਾਸੀ ਮਾੜੀ ਮੁਸਤਫ਼ਾ (ਬਾਘਾਪੁਰਾਣਾ) ਅਤੇ ਗੈਂਗਸਟਰ ਮਨਜਿੰਦਰ ਸਿੰਘ ਉਰਫ਼ ਕਾਲਾ ਸੇਖੋਂ (ਫ਼ਰੀਦਕੋਟ) ਨੂੰ ਧੜੇਬੰਦੀ ਕਾਰਨ ਕਤਲ ਕਰਨ ਅਤੇ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਸਕਰ ਹਰਭਜਨ ਸਿੰਘ ਵਾਸੀ ਫ਼ਿਰੋਜ਼ਪੁਰ ਨੂੰ ਪੇਸ਼ੀ ਦੌਰਾਨ ਛੁਡਾਉਣ ਦੀ ਯੋਜਨਾ ਸੀ। ਮੁਲਜ਼ਮਾਂ ਨੇ ਥਾਣਾ ਬਾਜਾਖਾਨਾ ਨੇੜੇ ਬੀਤੀ 22 ਮਈ ਨੂੰ ਇੱਕ ਸਰਪੰਚ ਨੂੰ ਗੋਲੀ ਮਾਰਨ ਤੋਂ ਇਲਾਵਾ ਥਾਣਾ ਥਰਮਲ (ਬਠਿੰਡਾ) ਅਧੀਨ  ਖੇਤੀ ਬਸਤੀ ਵਿਚ ਇੱਕ ਵਿਅਕਤੀ ਉੱਤੇ  ਇਸ ਵਰ੍ਹੇ ਫਰਵਰੀ ਵਿੱਚ ਜਾਨਲੇਵਾ ਹਮਲਾ ਕਰਨ ਦੀ ਗੱਲ ਮੰਨੀ ਹੈ।
ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਗੈਂਗਸਟਰ ਦੇਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ  ਲਖਵਿੰਦਰ ਸਿੰਘ ਉਰਫ਼ ਲੱਖਾ ਬਾਬਾ ਵਾਸੀ ਪਿੰਡ ਮੀਰਾਂ ਕੋਟ (ਅੰਮ੍ਰਿਤਸਰ) ਅਤੇ ਅਮਨ ਉਰਫ਼ ਅਮਨਾ ਵਾਸੀ ਜੈਤੋ (ਫ਼ਰੀਦਕੋਟ) ਨੇ ਉਕਤ ਮੁਲਜ਼ਮਾਂ ਸਮੇਤ ਆਪਣਾ ਗਰੋਹ ਬਣਾ ਲਿਆ ਸੀ। ਉਨ੍ਹਾਂ ਦੱਸਿਆ ਕਿ ਲੱਖਾ ਬਾਬਾ ਤੇ ਅਮਨਾ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।