ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਸਿੰਘਾਂ ਦਾ ਮੋਰਚਾ ਜਾਰੀ

ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਸਿੰਘਾਂ ਦਾ ਮੋਰਚਾ ਜਾਰੀ

ਫ਼ਰੀਦਕੋਟ/ਬਰਗਾੜੀ/ਬਿਊਰੋ ਨਿਊਜ਼ :
ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਅਤੇ ਬੰਦੀ ਸਿੰਘ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆ ਨੂੰ ਲੈ ਕੇ ਕਸਬਾ ਬਰਗਾੜੀ ਵਿਖੇ ਲਾਇਆ ਗਿਆ ਇੰਨਸਾਫ ਮੋਰਚਾ ਸੱਤਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਸਿੱਖ ਮਸਲਿਆ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਦਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨਾਲ ਅਸੀਂ ਹਰ ਗੱਲ ਕਰਨ ਲਈ ਤਿਆਰ ਹਾਂ ਕਿਉਂਕਿ ਅਸੀ ਹਰ ਮਸਲੇ ਦਾ ਹੱਲ ਗੱਲਬਾਤ ਅਤੇ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਅਤੇ ਇਸ  ਤਹਿਤ ਹੀ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਗੱਲਬਾਤ ਲਈ ਬੁਲਾਇਆ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਲਈ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ‘ਚ ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸੁਹਾਲੀ , ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ  ਅਤੇ ਸਮੇਤ ਸਾਡਾ ਇਕ ਛੇ ਮੈਂਬਰੀ ਕਮੇਟੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਚੰਡੀਗੜ੍ਹ ਗਈ ਸੀ। ਉਨ੍ਹਾਂ ਨੇ ਵਾਪਿਸ ਆ ਕੇ ਸਾਰੀ ਗੱਲ ਦੀ ਸਿੱਖ ਸੰਗਤਾਂ ਨੂੰ ਜਾਣਕਾਰੀ ਦੇ ਦਿੱਤੀ ਗਈ।
ਇਸ ਸਬੰਧੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਸਿੱਖ ਮਸਲਿਆ ਸਬੰਧੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੱਗਪਗ ਇਕ ਘੰਟਾ ਗੱਲਬਾਤ ਹੋਈ। ਉਨ੍ਹਾਂ ਸਾਰੇ ਸਿੱਖ ਮਸਲਿਆਂ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆਂ ਹੈ। ਉਨ੍ਹਾਂ ਕਿਹਾ ਕਿ ਮੁੱਖ ਦਾ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਪੰਥਕ ਮਸਲਿਆ ਦੇ ਹੱਲ ਲਈ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਜੋ ਗੱਲਬਾਤ ਹੋਈ ਹੈ ਉਸ ਤੋਂ ਉੁਨ੍ਹਾਂ ਨੂੰ ਕੁਝ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਜੇਕਰ ਸਰਕਾਰ ਸੁਹਿਰਦ ਹੋਈ ਤਾਂ ਇਨ੍ਹਾਂ ਮਸਲਿਆ ਦਾ ਹੱਲ ਜਰੂਰ ਨਿਕਲ ਆਵੇਗਾ ਅਤੇ ਜੇਕਰ ਦੋ ਚਾਰ ਦਿਨਾ ਵਿੱਚ ਇਨ੍ਹਾਂ ਮਸਲਿਆ ਦਾ ਹੱਲ ਨਹੀ ਹੁੰਦਾ ਤਾਂ ਸੰਘਰਸ ਤਿੱਖਾ ਕੀਤਾ ਜਾਵੇਗਾ ਕਿਉਂਕਿ ਕਲ੍ਹ ਤੋਂ ਵੱਖ-ਵੱਖ ਪਿੰਡਾਂ ਸ਼ਹਿਰ ‘ਚ ਵੱਡੇ ਕਾਫਲੇ ਇਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਪ੍ਰੰਤੂ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਪ੍ਰਸ਼ਾਸਨ ਦੇ ਰੱਵਈਆ ‘ਚ ਕੁਝ ਤਬਦੀਲੀ ਆਈ ਹੈ ਉਸ ਤੋਂ ਜਾਪਦਾ ਹੈ ਕਿ ਜਲਦੀ ਹੀ ਸਿੱਖ ਸੰਘਰਸ ਦੀ ਜਿੱਤ ਹੋਵੇਗੀ।
ਇਸ ਧਰਨੇ ਵਿੱਚ ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਸੁਰਿੰਦਰ ਸਿੰਘ ਸੁਹੋਲੀ ਵਾਲੇ, ਬਾਬਾ ਹਰਪ੍ਰੀਤ ਸਿੰਘ, ਕਮਾਲੂ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰ, ਗੁਰਪ੍ਰੀਤ ਸਿੰਘ ਝੱਬਰ, ਬਲਜੀਤ ਸਿੰਘ, ਸੁਖਦੇਵ ਸਿੰਘ ਪੰਜਗਰਾਂਈ, ਬਾਬਾ ਮੋਹਨ ਦਾਸ ਜਲਾਲ ਵਾਲੇ, ਸੁਖਜੀਤ ਸਿੰਘ ਖੋਸਾ, ਗੁਰਚਰਨ ਸਿੰਘ ਭੁੱਲਰ, ਗੁਰਸੇਵਕ ਸਿੰਘ ਜਵਾਹਰਕੇ, ਗੁਰਦੀਪ ਸਿੰਘ ਢੁੱਡੀ, ਕੁਲਵਿੰਦਰ ਸਿੰਘ ਡੱਗੋਰੁਮਾਣਾ, ਕੁਲਵੰਤ ਸਿੰਘ ਬਾਜਾਖਾਨਾ, ਜਸਵਿੰਦਰ ਸਿੰਘ ਸਾਹੋਕੇ, ਮੰਡ ਬਰਗਾੜੀ, ਰਣਜੀਤ ਸਿੰਘ ਵਾਂਦਰ ਆਦਿ ਨੇ ਸ਼ਮੂਲੀਅਤ ਕੀਤੀ।
ਉਧਰ ਬਰਗਾੜੀ ਨੂੰ ਜਾਣ ਵਾਲੇ ਰਸਤਿਆਂ ਤੇ ਪੁਲਿਸ ਬਲ ਤਾਇਨਾਤ ਹਨ। ਬਰਗਾੜੀ ਦੀ ਧਰਤੀ ਤੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਸਰਕਾਰ ਵਿਰੋਧ ਖੋਲੇ ਗਏ ਮੋਰਚੇ ‘ਚ ਸੰਗਤਾ ਵੱਧ ਚੜ੍ਹ ਕੇ ਪਹੁੰਚ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਬਰਗਾੜੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਉੱਪਰ ਪੁਲਿਸ ਬਲ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਧਰਨੇ ‘ਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾ ਨੂੰ ਰੋਕਿਆ ਜਾ ਸਕੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧਰਨੇ ‘ਤੇ ਸੱਤਵੇਂ ਦਿਨ ਵੀ ਸੂਬਾ ਸਰਕਾਰ ਪੰਥਕ ਜਥੇਬੰਦੀਆਂ ਦੀਆਂ ਮੰਗਾਂ ਵੱਲ ਗੌਰ ਕਰਨ ਦੀ ਬਜਾਏ ਗੱਲੀ ਬਾਤੀ ਸਮਾਂ ਟਪਾ ਰਹੀ ਹੈ, ਇਸ ਕਰਕੇ ਲੋਕਾਂ ਅੰਦਰ ਸੂਬਾ ਸਰਕਾਰ ਵਿਰੋਧ ਰੋਸ਼ ਦਿਨ ਬਾ ਦਿਨ ਵੱਧਦਾ ਹੀ ਜਾ ਰਿਹਾ ਹੈ,ਸੰਗਤਾ ਨੂੰ ਰੋਕਣ ਕਰਕੇ ਕੁਝ ਥਾਂਵਾਂ ‘ਤੇ ਸਥਿਤੀ ਤਨਾਅਪੂਰਨ ਵੀ ਬਣ ਚੁੱਕੀ ਹੈ।
ਭਰੋਸੇਯੋਗ ਸੂਤਰਾ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਅਤੇ ਐਸਐਸਪੀ.ਡਾ. ਨਾਨਕ ਸਿੰਘ ਤੋਂ ਇਲਾਵਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਬਰਗਾੜੀ ਧਰਨੇ ‘ਤੇ ਬੇਠੇ ਭਾਈ ਧਿਆਨ ਸਿੰਘ ਮੰਡ ਸਮੇਤ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਨਾਲ ਬੈਠਕ ਕਰਨ ਕਰਵਾਉਣ ਤੋਂ ਬਾਅਦ ਵੀ ਪੰਥਕ ਜਥੇਬੰਦੀਆਂ ਮੋਰਚੇ ਤੇ ਡੱਟੀਆਂ ਹੋਈਆਂ ਹਨ, ਇਸੇ ਕਰਕੇ ਸਮੁੱਚਾ ਪ੍ਰਸ਼ਾਸਨ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਧਰਨੇ ਨੂੰ ਸਮਾਪਤ ਕਰਵਾਇਆ ਜਾਵੇ ।