ਯੂਬਾ ਸਿਟੀ ‘ਚ ਕਰਵਾਇਆ ਗਿਆ ਵੱਖ-ਵੱਖ ਸਭਿਆਚਾਰਾਂ ਦਾ ਸੁਮੇਲ

ਯੂਬਾ ਸਿਟੀ ‘ਚ ਕਰਵਾਇਆ ਗਿਆ ਵੱਖ-ਵੱਖ ਸਭਿਆਚਾਰਾਂ ਦਾ ਸੁਮੇਲ

ਯੂਬਾ ਸਿਟੀ/ਹੁਸਨ ਲੜੋਆ ਬੰਗਾ :
ਯੂਬਾ ਸਿਟੀ ‘ਚ ਹਰ ਵਰ੍ਹੇ ਕਰਵਾਏ ਜਾਂਦੇ ਵੱਖ ਵੱਖ ਸਭਿਆਚਾਰਾਂ ਦੇ ਨਾਚਾਂ ਨੂੰ ਇਸ ਵਾਰ ਵੀ ਬੀਬੀਆਂ ਨੇ ਬੜੀ ਰੀਝ ਨਾਲ ਮਾਣਿਆ। ਸਿਰਫ਼ ਬੀਬੀਆਂ ਲਈ ਰੱਖੇ ਇਸ ਪ੍ਰੋਗਰਾਮ ਵਿਚ ਨੌਜਵਾਨ ਲੜਕੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਬੱਚੀਆਂ ਤੋਂ ਲੈ ਕੇ ਬਜ਼ੁਰਗ ਬੀਬੀਆਂ ਤਕ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹ ਪ੍ਰੋਗਰਾਮ ਰਿਵਰ ਵੈਲੀ ਹਾਈ ਸਕੂਲ, ਯੂਬਾ ਸਿਟੀ ਦੇ ਆਡੀਟੋਰੀਅਮ ਵਿਚ ਕੀਤਾ ਗਿਆ। ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਰਵਨੀਤ ਕੌਰ ਰੰਧਾਵਾ, ਕਮਲਜੀਤ ਕੌਰ, ਬਖਸ਼ੋ ਬੀਸਲਾ, ਤਜਿੰਦਰ ਕੌਰ ਸੈਣੀ ਅਤੇ ਮਨਜੀਤ ਕੌਰ ਦੀ ਸਖ਼ਤ ਮਿਹਨਤ ਰੰਗ ਲਿਆਈ। ਇਸ ਪ੍ਰੋਗਰਾਮ ਵਿਚ ਤਾਜ ਰੈਸਟੋਰੈਂਟ ਵਾਲੇ ਮਨਜੀਤ ਸਿੰਘ ਅਤੇ ਇੰਦਰਜੀਤ ਕੌਰ ਵਲੋਂ ਮੁਫ਼ਤ ਖਾਣਾ ਦਿੱਤਾ ਗਿਆ ਸੀ। ਇਸ ਵਿਚ ਜਿਥੇ ਪੰਜਾਬਣਾਂ ਨੇ ਆਪਣੇ ਗਿੱਧੇ, ਭੰਗੜੇ ਅਤੇ ਹੋਰ ਵੱਖ ਵੱਖ ਵੰਨਗੀਆਂ ਰਾਹੀਂ ਆਪਣੀ ਕਲਾ ਦਿਖਾਈ ਉਥੇ ਚਾਈਨਾ, ਇੰਡੋਨੇਸ਼ੀਆ, ਫਿਲਪੀਨੋ ਆਦਿ ਭਾਈਚਾਰਿਆਂ ਵਲੋਂ ਵੀ ਆਪਣੇ ਡਾਂਸ ਰਾਹੀਂ ਚੰਗਾ ਪ੍ਰਭਾਵ ਛੱਡਿਆ ਗਿਆ। ਇਹ ਪ੍ਰੋਗਰਾਮ ਸਟਰ ਕਾਊਂਟੀ ਲਾਇਬਰੇਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਜਿਸ ਦੀ ਰਹਿਨੁਮਾਈ ਡਾਇਰੈਕਟਰ ਆਇਲਾ ਐਲਕਿਸ ਨੇ ਕੀਤੀ ਅਤੇ ਇਸ ਮੌਕੇ ਆਪਣੇ ਵਿਚਾਰ ਵੀ ਰੱਖੇ। ਅੰਤ ਵਿਚ ਪ੍ਰਬੰਧਕਾਂ ਵਲੋਂ ਪ੍ਰੋਗਰਾਮ ਦੇ ਸਾਰੇ ਸਪਾਂਸਰਾਂ ਅਤੇ ਭਾਗ ਲੈਣ ਵਾਲੇ ਕਲਾਕਾਰਾਂ ਦਾ ਇਸ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ।