ਸਿੱਖ ਨੌਜਵਾਨਾਂ ਜਗਤਾਰ ਸਿੰਘ ਜੱਗੀ, ਗੁਰਜੰਟ ਸਿੰਘ ਆਸਟ੍ਰੇਲੀਆ ਤੇ ਹੋਰਨਾਂ ਖਿਲਾਫ ਇਕ ਹੋਰ ਚਲਾਨ ਪੇਸ਼

ਸਿੱਖ ਨੌਜਵਾਨਾਂ ਜਗਤਾਰ ਸਿੰਘ ਜੱਗੀ, ਗੁਰਜੰਟ ਸਿੰਘ ਆਸਟ੍ਰੇਲੀਆ ਤੇ ਹੋਰਨਾਂ ਖਿਲਾਫ ਇਕ ਹੋਰ ਚਲਾਨ ਪੇਸ਼

ਚੰਡੀਗੜ੍ਹ/ ਬਿਊਰੋ ਨਿਊਜ਼ :
ਭਾਰਤੀ ਦੀ ਕੌਮੀ ਜਾਂਚ ਏਜੈਂਸੀ (ਐਨ.ਆਈ.ਏ) ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਉਸ ਨੇ ਮੋਹਾਲੀ ਦੀ ਖਾਸ ਐਨ.ਆਈ.ਏ ਅਦਾਲਤ ਵਿਚ ਕੇਸ ਨੰ. ਆਰ.ਸੀ-26/2017/ਐਨ.ਆਈ.ਏ/ਡੀ.ਐਲ.ਆਈ ਵਿਚ 28 ਮਈ, 2018 ਨੂੰ 15 ਵਿਅਕਤੀਆਂ ਖਿਲਾਫ ਚਲਾਨ ਦਾਇਰ ਕੀਤਾ ਹੈ।
ਲੁਧਿਆਣਾ ਦੇ ਕਿਦਵਾਈ ਨਗਰ ਵਿਚ ਆਰ.ਐਸ.ਐਸ ਸ਼ਾਖਾ ਉੱਤੇ ਚੱਲੀ ਗੋਲੀ ਦੀ ਘਟਨਾ ਨਾਲ ਸਬੰਧਿਤ ਕੇਸ ਆਰ.ਸੀ-26/2017/ਐਨ.ਆਈ.ਏ/ਡੀ.ਐਲ.ਆਈ ਦਰਜ ਕੀਤਾ ਗਿਆ ਸੀ। ਐਨ.ਆਈ.ਏ ਦੇ ਪ੍ਰੈਸ ਬਿਆਨ ਅਨੁਸਾਰ ਇਹ ਗੋਲੀ ਆਰ.ਐਸ.ਐਸ ਕਾਰਕੁੰਨ ਨਰੇਸ਼ ਕੁਮਾਰ ਨੂੰ ਮਾਰਨ ਲਈ ਚਲਾਈ ਗਈ ਸੀ। ਜਾਂਚ ਏਜੈਂਸੀ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਦੀ ਘਟਨਾ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ ਜੋ ਵੱਖ-ਵੱਖ ਦੇਸ਼ਾਂ ਜਿਵੇਂ ਪਾਕਿਸਤਾਨ, ਯੂ.ਕੇ, ਆਸਟ੍ਰੇਲੀਆ, ਫਰਾਂਸ, ਇਟਲੀ ਅਤੇ ਯੂ.ਏ.ਈ ਵਿਚ ਬੈਠੇ ਲੋਕਾਂ ਵਲੋਂ ਘੜੀ ਗਈ।
ਐਨ.ਆਈ.ਏ ਨੇ ਚਾਰਜਸ਼ੀਟ ਵਿਚ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 120-ਬੀ, 307, 34, 379, 416; ਯੂ.ਏ.ਪੀ.ਏ ਦੀਆਂ ਧਾਰਾਵਾਂ ਸੈਕਸ਼ਨ 16, 17, 18, 18ਏ, 18ਬੀ, 20, 21 ਅਤੇ 23 ਅਤੇ ਅਸਲਾ ਕਾਨੂੰਨ 1959 ਦੀਆਂ ਧਾਰਾਵਾਂ 25 ਅਤੇ 27 ਸ਼ਾਮਿਲ ਕੀਤੀਆਂ ਹਨ।
ਇਸ ਚਾਰਜਸ਼ੀਟ ਵਿਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਕੈਨੇਡੀਅਨ, ਧਰਮਿੰਦਰ ਸਿੰਘ ਗੁਗਨੀ, ਅਨਿਲ ਕੁਮਾਰ, ਜਗਤਾਰ ਸਿੰਘ ਜੱਗੀ ਜੌਹਲ, ਅਮਨਿੰਦਰ ਸਿੰਘ ਮਿੱਡੂ, ਮਨਪ੍ਰੀਤ ਸਿੰਘ ਮਨੀ, ਰਵੀਪਾਲ ਸਿੰਘ ਭੁੰਡਾ, ਪਹਾੜ ਸਿੰਘ, ਪਰਵੇਜ਼, ਮਲੂਕ ਤੋਮਰ, ਹਰਮੀਤ ਸਿੰਘ ਹੈਪੀ, ਗੁਰਜਿੰਦਰ ਸਿੰਘ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਯੂਕੇ ਅਤੇ ਗੁਰਜੰਟ ਸਿੰਘ ਢਿੱਲੋਂ ਦੇ ਨਾਂ ਸ਼ਾਮਿਲ ਹਨ।
ਇਸੇ ਤਰ੍ਹਾਂ ਐਨ.ਆਈ.ਏ ਵਲੋਂ ਦਾਇਰ ਪਹਿਲੀਆਂ ਚਾਰਜਸ਼ੀਟਾਂ ਵਾਂਗ ਇਸ ਚਾਰਜਸ਼ੀਟ ਵਿਚ ਵੀ ਤਲਜੀਤ ਸਿੰਘ ਜਿੰਮੀ ਦਾ ਨਾਂ ਸ਼ਾਮਿਲ ਨਹੀਂ ਹੈ।

ਸਿੱਖ ਨੌਜਵਾਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਐਨ.ਆਈ.ਏ ਵਲੋਂ ਉਪਰੋਕਤ ਵਿਅਕਤੀਆਂ ਖਿਲਾਫ ਇਹ 6ਵੀਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਉਨ੍ਹਾਂ ਨੂੰ ਆਸ ਹੈ ਕਿ ਚਾਰਜਸ਼ੀਟ ਦੀ ਕਾਪੀ 5 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਮਿਲ ਜਾਵੇਗੀ।