ਜੱਸੀ ਕਤਲ ਕਾਂਡ ਦੇ ਦੋਸ਼ੀਆਂ ਦੀ ਕੈਨੇਡਾ ਤੋਂ ਭਾਰਤ ਹਵਾਲਗੀ ‘ਚ ਨਾਕਾਮੀ ਦੀ ਘੋਖ ਪੜਤਾਲ ਸ਼ੁਰੂ

ਜੱਸੀ ਕਤਲ ਕਾਂਡ ਦੇ ਦੋਸ਼ੀਆਂ ਦੀ ਕੈਨੇਡਾ ਤੋਂ ਭਾਰਤ ਹਵਾਲਗੀ ‘ਚ ਨਾਕਾਮੀ ਦੀ ਘੋਖ ਪੜਤਾਲ ਸ਼ੁਰੂ

ਚੰਡੀਗੜ੍ਹ/ਬਿਊਰੋ ਨਿਊਜ਼ :

ਆਲਮੀ ਤੌਰ ‘ਤੇ ਚਰਚਾ ਦਾ ਵਿਸ਼ਾ ਬਣੇ ਜੱਸੀ ਕਤਲ ਕਾਂਡ ਦੇ ਦੋ ਦੋਸ਼ੀਆਂ ਦੀ ਹਵਾਲਗੀ ਹਾਸਲ ਕਰਨ ‘ਚ ਪੰਜਾਬ ਪੁਲੀਸ ਨਾਕਾਮ ਰਹੀ ਹੈ। ਇਸ ਤੋਂ ਕਰੀਬ ਮਹੀਨਿਆਂ ਬਾਅਦ ਹੁਣ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਨਾਕਾਮੀ ਦੇ ਕਾਰਨਾਂ ਦੀ ਘੋਖ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਨੇ ਖੁਲਾਸਾ ਕੀਤਾ ਕਿ ਮੰਤਰਾਲਾ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਹਵਾਲਗੀ ਦੀ ਕੋਸ਼ਿਸ਼ ‘ਚ ਨਾਕਾਮੀ ਲਈ ਕੋਈ ਪੁਲੀਸ ਅਧਿਕਾਰੀ ਹੀ ਜ਼ਿੰਮੇਵਾਰ ਸੀ। ਕੈਨੇਡਾ ਤੋਂ ਮਿਲੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਨੇ ਨਿਆਂ ਮੰਤਰਾਲੇ ਕੋਈ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਦੋਵੇਂ ਦੋਸ਼ੀਆਂ ਨੂੰ ਭਾਰਤ ਲਿਜਾਣ ਦੀ ਪੇਸ਼ਕਦਮੀ ਬਾਰੇ ਕੋਈ ਇਤਲਾਹ ਨਹੀਂ ਦਿੱਤੀ ਗਈ ਸੀ।
ਪਿਛਲੇ ਸਾਲ ਸਤੰਬਰ ਮਹੀਨੇ ਪੰਜਾਬ ਪੁਲੀਸ ਦੀ ਇਕ ਟੀਮ ਮਕਤੂਲ ਜੱਸੀ ਦੀ ਮਾਂ ਮਲਕੀਅਤ ਕੌਰ ਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੀ ਸਪੁਰਦਗੀ ਹਾਸਲ ਕਰਨ ਲਈ ਕੈਨੇਡਾ ਗਈ ਸੀ ਤਾਂ ਕਿ ਉਨ੍ਹਾਂ ਨੂੰ ਕਤਲ ਦੀ ਸਾਜਿਸ਼ ਦੇ ਦੋਸ਼ਾਂ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਲਿਆਂਦਾ ਜਾ ਸਕੇ। 20 ਸਤੰਬਰ ਨੂੰ ਇਸ ਟੀਮ ਨੇ ਦੋਵਾਂ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਤੇ ਟੀਮ ਜਹਾਜ਼ ਵਿੱਚ ਸਵਾਰ ਵੀ ਹੋ ਗਈ ਸੀ ਪਰ ਭਾਰਤ ਲਈ ਰਵਾਨਾ ਹੋਣ ਤੋਂ ਐਨ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਉਥੋਂ ਦੇ ਨਿਆਂ ਮੰਤਰਾਲੇ ਦੇ ਹੁਕਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਜਹਾਜ਼ ‘ਚੋਂ ਉਤਾਰ ਲਿਆ ਸੀ।
ਪੰਜਾਬ ਪੁਲੀਸ ਦੇ ਇਕ ਅਫ਼ਸਰ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਇਨਵੈਸਟੀਗੇਸ਼ਨ ਜਿਸ ਨੇ ਟੀਮ ਭੇਜੀ ਸੀ, ਵੱਲੋਂ ਇਸ ਮੁੱਦੇ ‘ਤੇ ਇਕ ਤਫ਼ਸੀਲੀ ਜਵਾਬ ਤਿਆਰ ਕੀਤਾ ਗਿਆ ਹੈ। ਅਫ਼ਸਰਾਂ ਦਾ ਕਹਿਣਾ ਹੈ ਕਿ ਟੀਮ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਉਥੋਂ ਦੀ ਪੁਲੀਸ ਨਾਲ ਮਿਲ ਕੇ ਲੋੜੀਂਦੇ ਸਾਰੇ ਕਾਗ਼ਜ਼ਾਤ ਤਿਆਰ ਕੀਤੇ ਸਨ। ਜੇ ਕੋਈ ਗਲਤੀ ਹੋਈ ਸੀ ਤਾਂ ਉਸ ਲਈ ਕੈਨੇਡੀਅਨ ਪੁਲੀਸ ਜ਼ਿੰਮੇਵਾਰ ਹੈ।