ਅਖੌਤੀ ਸਾਧ ਨਰਾਇਣ ਦਾਸ ਨੇ ਸਿੱਖ ਕੌਮ ਕੋਲੋਂ ਮੰਗੀ ਮੁਆਫੀ

ਅਖੌਤੀ ਸਾਧ ਨਰਾਇਣ ਦਾਸ ਨੇ ਸਿੱਖ ਕੌਮ ਕੋਲੋਂ ਮੰਗੀ ਮੁਆਫੀ

ਸ੍ਰੀ ਅਕਾਲ ਤਖਤ ਸਾਹਿਬ ਨੂੰ ਈ-ਮੇਲ ਰਾਹੀਂ ਭੇਜਿਆ ਮੁਆਫੀਨਾਮਾ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਬਾਰੇ ਗ਼ਲਤ ਟਿੱਪਣੀ ਕਰਨ ਵਾਲੇ ਸੰਤ ਨਰਾਇਣ ਦਾਸ ਨੇ ਆਪਣੀ ਗ਼ਲਤੀ ਲਈ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ। ਉਸ ਨੇ ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਪੱਤਰ ਈ-ਮੇਲ ਕੀਤਾ ਹੈ, ਜਿਸ ਦੀਆਂ ਕਾਪੀਆਂ ਮੀਡੀਆ ਵਿਚ ਆ ਗਈਆਂ ਹਨ। ਜਥੇਦਾਰ ਸ੍ਰੀ ਅਕਾਲ ਤਖਤ ਨੇ ਆਖਿਆ ਹੈ ਕਿ ਉਹ ਪੰਜ ਸਿੰੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਸ ਬਾਰੇ ਵਿਚਾਰ ਕਰਨਗੇ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨਰਾਇਣ ਦਾਸ ਵੱਲੋਂ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਟਿੱਪਣੀ ਕੀਤੀ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਦਮਦਮੀ ਟਕਸਾਲ ਸਮੇਤ ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਸਾਧ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
ਨਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ਼ (ਉਤਰਾਖੰਡ) ਦੇ ਆਗੂ  ਨਰਾਇਣ ਦਾਸ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਮ ਪੰਜਾਬੀ ਵਿੱਚ ਹੱਥ ਨਾਲ  ਲਿਖਿਆ ਇਕ ਪੱਤਰ ਈ-ਮੇਲ ਕੀਤਾ ਹੈ। ਇਹ ਪੱਤਰ ਇਕ ਸਾਦੇ ਕਾਗਜ਼ ‘ਤੇ ਹੈ। ਇਸ ਉਪਰ ਉਸ ਦਾ ਪਤਾ ਅਤੇ ਮੋਬਾਈਲ ਨੰਬਰ ਹੈ। ਇਸ ਪੱਤਰ ਦੀਆਂ ਕਾਪੀਆਂ ਦੂਜੇ ਜਥੇਦਾਰਾਂ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀਆਂ ਗਈਆਂ ਹਨ।  ਟਕਸਾਲ ਆਗੂ ਸਰਚਾਂਦ ਸਿੰਘ ਵੱਲੋਂ ਇਸ ਦੀ ਕਾਪੀ ਮੀਡੀਆ ਨੂੰ ਵੀ ਭੇਜੀ ਗਈ ਹੈ। ਇਸ ਪੱਤਰ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੀ ਬਾਣੀ ਬਾਰੇ ਉਸ ਕੋਲੋਂ ਬੋਲੇ ਗ਼ਲਤ ਸ਼ਬਦਾਂ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਖਿਮਾ ਯਾਚਨਾ ਕਰ ਕੇ ਆਪਣੀ ਭੁੱਲ ਬਖ਼ਸ਼ਾਉਣੀ ਚਾਹੁੰਦਾ ਹੈ। ਉਸ ਨੇ ਲਿਖਿਆ ਕਿ ਸਮੂਹ ਸਿੱਖ ਜਥੇਬੰਦੀਆਂ ਉਸ ਦੀ ਭੁੱਲ ਨੂੰ ਅਣਜਾਣ ਸਮਝ ਕੇ ਮੁਆਫ਼ ਕਰ ਦੇਣ। ਉਸ ਨੇ ਸਿੱਖ ਪੰਥ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਕੋਈ ਵੀ ਅਜਿਹੀ ਗ਼ਲਤੀ ਨਹੀਂ ਹੋਵੇਗੀ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੇ। ਉਹ ਮਹਿਸੂਸ ਕਰਦਾ ਹੈ ਕਿ ਕੋਈ ਕਾਲ ਦਾ ਹੀ ਅਜਿਹਾ ਚੱਕਰ ਸੀ, ਜਿਸ ਕਰਕੇ ਉਸ ਕੋਲੋਂ ਅਜਿਹੀ ਭੁੱਲ ਹੋ ਗਈ ਤੇ ਉਸ ਨੂੰ ਆਪਣੀ ਗ਼ਲਤੀ ‘ਤੇ ਬਹੁਤ ਪਛਤਾਵਾ ਹੈ। ਉਸ ਨੇ ਆਸ ਪ੍ਰਗਟ ਕੀਤੀ ਕਿ ਪੰਥ ਉਸ ਨੂੰ ਮੁਆਫ਼ ਕਰ ਦੇਵੇਗਾ।