ਹਰਦੇਵ ਸਿੰਘ ਲਾਡੀ ਵਲੋਂ ਮੁੱਖ ਮੰਤਰੀ ਦੀ ਮੌਜੂਦਗੀ ‘ਚ ਨਾਮਜ਼ਦਗੀ ਪੱਤਰ ਦਾਖਲ

ਹਰਦੇਵ ਸਿੰਘ ਲਾਡੀ ਵਲੋਂ ਮੁੱਖ ਮੰਤਰੀ ਦੀ ਮੌਜੂਦਗੀ ‘ਚ ਨਾਮਜ਼ਦਗੀ ਪੱਤਰ ਦਾਖਲ

ਰੈਲੀ ‘ਦੌਰਾਨ ਕੈਪਟਨ ਨੇ ਅਕਾਲੀ ਦਲ ਨੂੰ ਪੰਥਕ ਮੁੱਦਿਆਂ ‘ਤੇ ਘੇਰਿਆ
ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਦੇ ਹੋਏ।
ਜਲੰਧਰ/ਬਿਊਰੋ ਨਿਊਜ਼:
ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ‘ਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਸ਼ਾਹਕੋਟ ਦੀ ਦਾਣਾ ਮੰਡੀ ‘ਚ ਭਰਵੀਂ ਰੈਲੀ ਕਰਕੇ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਇਸ ਰਵਾਇਤੀ ਪੰਥਕ ਹਲਕੇ ‘ਚ ਅਕਾਲੀਆਂ ਨੂੰ ਪੰਥਕ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ।
ਰੈਲੀ ‘ਚ ਬੋਲਦਿਆਂ ਕੈਪਟਨ ਅਤੇ ਸ੍ਰੀ ਜਾਖੜ ਨੇ ਰਵਾਇਤੀ ਪੰਥਕ ਹਲਕਾ ਮੰਨੇ ਜਾਂਦੇ ਸ਼ਾਹਕੋਟ ‘ਚ  ਅਕਾਲੀ ਦਲ ਨੂੰ ਪੰਥਕ ਮੁੱਦਿਆਂ ‘ਤੇ ਘੇਰਦਿਆਂ ਤਿੱਖੇ ਸਵਾਲ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿਚਲੀ ਗ਼ਲਤੀ ਲਈ ਪੂਰੀ ਤਰ੍ਹਾਂ ਅਕਾਲੀ ਦਲ ਜ਼ਿੰਮੇਵਾਰ ਹੈ। ਨਵੀਂ ਕਿਤਾਬ ਲਿਖਣ ਦਾ ਕੰਮ ਅਕਾਲੀ ਸਰਕਾਰ ਵੇਲੇ ਹੀ ਸ਼ੁਰੂ ਹੋਇਆ ਸੀ ਅਤੇ ਹੁਣ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਮੁੱਦੇ ‘ਤੇ ਵੀ ਅਕਾਲੀ ਬਿਲਕੁਲ ਫੇਲ੍ਹ ਸਾਬਤ ਹੋਏ ਹਨ ਜਦਕਿ ਉਨ੍ਹਾਂ ਆਪਣੇ ਹਿੱਸੇ ਦਾ ਲੰਗਰ ਦਾ ਜੀਐਸਟੀ ਮੁਆਫ ਕਰ ਦਿੱਤਾ ਹੈ।
ਸ਼ਾਹਕੋਟੀਆਂ ਤੋਂ ਪੰਜਾਬ ਦੇ ਭਲੇ ਲਈ ਵੋਟਾਂ ਮੰਗਦਿਆਂ ਕੈਪਟਨ ਨੇ ਕਿਹਾ ਕਿ ਇਹ ਚੋਣ ਜਿੱਤਣ ਨਾਲ ਕਾਂਗਰਸੀ ਵਿਧਾਇਕਾਂ ਦੀ ਗਿਣਤੀ 78 ਹੋ ਜਾਵੇਗੀ ਅਤੇ ਪਾਰਟੀ ਦਾ ਵਿਧਾਨ ਸਭਾ ‘ਚ ਦੋ ਤਿਹਾਈ ਬਹੁਮਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ-ਤਿਹਾਈ ਬਹੁਮਤ ਨਾਲ ਉਨ੍ਹਾਂ ਨੂੰ ਕੰਮ ਕਰਨ ਅਤੇ ਪੰਜਾਬ ਦੇ ਭਲੇ ਲਈ ਕਾਨੂੰਨ ਪਾਸ ਕਰਨ ‘ਚ ਕੋਈ ਦਿੱਕਤ ਨਹੀਂ ਆਵੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਪਾਣੀ ਅਤੇ ਪੰਥ ਦੇ ਨਾਂ ‘ਤੇ ਸਿਆਸਤ ਹੀ ਕੀਤੀ ਹੈ। ਅਜਿਹੀ ਸਿਆਸਤ ਕਾਰਨ ਹੀ ਅੱਜ ‘ਆਪ’ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣੀ ਹੈ ਅਤੇ ਅਕਾਲੀ ਤੀਜੇ ਨੰਬਰ ‘ਤੇ ਬੈਠੇ ਹਨ। ਉਨ੍ਹਾਂ ਸਟੇਜ ‘ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਮਾਡਰਨ ਇਤਿਹਾਸ ਦੀ ਕਿਤਾਬ ‘ਚ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਅਕਾਲੀਆਂ ਦੇ ਕੰਮਾਂ ਦਾ ਪਤਾ ਲੱਗਦਾ ਰਹੇ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ, ਸਹਿ ਇੰਚਾਰਜ ਹਰੀਸ਼ ਚੌਧਰੀ, ਮੰਤਰੀਆਂ ‘ਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ, ਗੁਰਪ੍ਰੀਤ ਕਾਂਗੜ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਕਈ ਵਿਧਾਇਕ ਹਾਜ਼ਰ ਸਨ।

ਮੁੱਖ ਮੰਤਰੀ ਵਲੋਂ ਮਰਹੂਮ ਕੋਹਾੜ ਉੱਤੇ ਸ਼ਬਦੀ ਵਾਰ
ਮਰਹੂਮ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਕਾਂਗਰਸੀ ਆਗੂਆਂ ਨੇ ਸ੍ਰੀ ਕੋਹਾੜ ਅਤੇ ਉਨ੍ਹਾਂ ਦੇ ਪੁੱਤਰ ‘ਤੇ ਤਿੱਖੇ ਸ਼ਬਦੀ ਵਾਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੀਤ ਸਿੰਘ ਕੋਹਾੜ ਪੰਜ ਵਾਰ ਵਿਧਾਇਕ ਤੇ ਤਿੰਨ ਵਾਰ ਮੰਤਰੀ ਬਣੇ ਪਰ ਉਨ੍ਹਾਂ ਕੋਲ ਹਾਲੇ ਵੀ ਹਲਕੇ ਦੀਆਂ ਬੁਨਿਆਦੀ ਮੰਗਾਂ ਪਹੁੰਚ ਰਹੀਆਂ ਹਨ। ਕੈਪਟਨ ਨੇ ਕਿਹਾ ਕਿ ਚੋਣ ਜ਼ਾਬਤੇ ਕਾਰਨ ਉਹ ਐਲਾਨ ਨਹੀਂ ਕਰ ਸਕਦੇ ਪਰ ਉਹ ਵਾਅਦਾ ਕਰਦੇ ਹਨ ਕਿ ਚੋਣਾਂ ਤੋਂ ਬਾਅਦ ਸਾਰੀਆਂ ਮੰਗਾਂ ਪੂਰੀਆਂ ਕਰ ਦੇਣਗੇ।  ਲਾਡੀ ਸ਼ੇਰੋਵਾਲੀਆ ਨੇ ਵੀ ਸ੍ਰੀ ਕੋਹਾੜ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ ਅਤੇ ਗੁੰਡਾ ਟੈਕਸ ਤੱਕ ਵਸੂਲਣ ਦੇ ਦੋਸ਼ ਲਾਏ।
ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਵਲੋਂ
ਪਾਰਟੀ ਦੀ ਚੋਣ ਰੈਲੀ ਦਾ ਬਾਈਕਾਟ
ਜਲੰਧਰ: ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦੇਣ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਆਗੂ ਸ਼ਾਹਕੋਟ ਰੈਲੀ ਤੋਂ ਦੂਰ ਰਹੇ। ਟਿਕਟ ਦੇ ਦਾਅਵੇਦਾਰ ਬ੍ਰਿਜ ਭੁਪਿੰਦਰ ਸਿੰਘ ਲਾਲੀ, ਕੈਪਟਨ ਹਰਮਿੰਦਰ ਸਿੰਘ, ਡਾ. ਨਵਜੋਤ ਦਾਹੀਆ ਅਤੇ ਰਾਜਨਬੀਰ ਸਿੰਘ ਲਾਡੀ ਵੀਰਵਾਰ ਨੂੰ ਸ਼ੇਰੋਵਾਲੀਆ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਨਹੀਂ ਪਹੁੰਚੇ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਲਾਡੀ ਦੇ ਹੱਕ ‘ਚ ਚੋਣ ਪ੍ਰਚਾਰ ਵੀ ਨਹੀਂ ਕਰਨਗੇ। ਸ਼ਾਹਕੋਟ ਜ਼ਿਮਨੀ ਚੋਣ ਲਈ ਬਿਗਲ ਵਜਾਉਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਕੀਤੀ ਰੈਲੀ ਦੌਰਾਨ ਕਈ ਚਰਚਾਵਾਂ ਚੱਲਦੀਆਂ ਰਹੀਆਂ। ਲਾਡੀ ਸ਼ੇਰੋਵਾਲੀਆ ਦਾ ਤਿੱਖਾ ਸੰਬੋਧਨ ਅਤੇ ਰਾਣਾ ਗੁਰਜੀਤ ਸਿੰਘ ਦੀ ਸਰਗਰਮੀ ਚਰਚਾ ਵਿੱਚ ਰਹੀ ਹੈ। ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸ਼ਾਮੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਨੀਲ ਕੰਠ ਨੇ ਆਪਣੇ ਸਾਥੀਆਂ ਸਮੇਤ ਦੁਬਾਰਾ ਕਾਂਗਰਸ ‘ਚ ਵਾਪਸੀ ਕੀਤੀ।