ਡੇਰਾ ਸਿਰਸਾ ਕਤਲ ਕਾਂਡ : ਸੁਪਰੀਮ ਕੋਰਟ ਵੀ ਖੱਟਾ ਸਿੰਘ ਦਾ ਮੁੜ ਬਿਆਨ ਲੈਣ ਲਈ ਰਜ਼ਾਮੰਦ

ਡੇਰਾ ਸਿਰਸਾ ਕਤਲ ਕਾਂਡ : ਸੁਪਰੀਮ ਕੋਰਟ ਵੀ ਖੱਟਾ ਸਿੰਘ ਦਾ ਮੁੜ ਬਿਆਨ ਲੈਣ ਲਈ ਰਜ਼ਾਮੰਦ

ਨਵੀਂ ਦਿੱਲੀ, ਬਿਊਰੋ ਨਿਊਜ਼
: ਬਦਨਾਮ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਤਣੀਆਂ ਦਿਲ ਪ੍ਰਤੀ ਦਿਨ ਕਸਦੀਆਂ ਹੀ ਜਾ ਰਹੀਆਂ ਹਨ। ਹੁਣ ਸੁਪਰੀਮ ਕੋਰਟ ਨੇ ਵੀ ਡੇਰਾ ਸਿਰਸਾ ਮੁਖੀ ਖ਼ਿਲਾਫ਼ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸਾਂ ਵਿੱਚ ਡੇਰਾ ਮੁਖੀ ਦੇ ਹੀ ਕਿਸੇ ਵੇਲੇ ਡਰਾਈਵਰ ਰਹੇ ਖੱਟਾ ਸਿੰਘ ਨੂੰ ਮੁੜ ਤੋਂ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਗੌਰਤਲਬ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪਹਿਲਾਂ ਹੀ ਉਕਤ ਦੋਵਾਂ ਮਾਮਲਿਆ ਵਿਚ ਖੱਟਾ ਸਿੰਘ ਨੂੰ ਮੁੜ ਤੋਂ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਕਿਸੇ ਵੇਲੇ ਖੱਟਾ ਸਿੰਘ ਸੀਬੀਆਈ ਦੀ ਤਰਫੋਂ ਕਤਲ ਦੇ ਦੋਵਾਂ ਮਾਮਲਿਆਂ ਵਿਚ ਪ੍ਰਮੁੱਖ ਗਵਾਹ ਹੁੰਦਿਆਂ ਆਪਣੇ ਮੁਢਲੇ ਬਿਆਨਾਂ ਤੋਂ ਮੁੱਕਰ ਗਿਆ ਸੀ। ਬਾਅਦ ਚ ਡੇਰਾ ਮੁਖੀ ਦੇ ਬਲਾਤਕਾਰ ਦੇ ਕੇਸਾਂ ਵਿਚ ਫਸ ਕੇ ਸਜ਼ਾਯਾਫਤਾ ਹੋਣ ਤੋਂ ਬਾਅਦ ਖੱਟਾ ਸਿੰਘ ਮੁੜ ਪੰਜਾਬ-ਹਰਿਆਣਾ ਹਾਈਕੋਰਟ ਗਿਆ ਅਤੇ ਆਪਣੇ ਬਿਆਨ ਮੁੜ ਦਰਜ ਕਰਵਾਉਣ ਦੀ ਅਰਜ਼ੀ ਦਿਤੀ। ਹਾਈਕੋਰਟ ਦੁਆਰਾ ਖੱਟਾ ਸਿੰਘ ਦੀ ਅਰਜ਼ੀ ਮਨਜ਼ੂਰ ਕਰ ਲੈਣ ਤੋਂ ਬਾਅਦ ਡੇਰਾ ਮੁਖੀ ਨੇ ਆਪਣੇ ਵਕੀਲ ਰਾਹੀਂ ਸਿਖ਼ਰਲੀ ਅਦਾਲਤ ਵਿੱਚ ਅਪੀਲ ਕੀਤੀ ਸੀ ਜਿਸ ਨੂੰ ਹੁਣ ਸਰਵ ਉਚ ਅਦਾਲਤ ਨੇ ਵੀ ਖਾਰਜ ਕਰ ਦਿੱਤਾ ਹੈ। ਜਸਟਿਸ ਏਕੇ. ਸੀਕਰੀ ਤੇ ਅਸ਼ੋਕ ਭੂਸ਼ਣ ਦੇ ਇਕ ਬੈਂਚ ਨੇ ਕਿਹਾ, ”ਕਈ ਵਾਰ ਜਦੋਂ ਤੁਸੀਂ ਜ਼ਿੰਦਗੀ ਦਾ ਕੌੜਾ ਸੱਚ ਜਾਣਦੇ ਹੋ ਤਾਂ ਤੁਹਾਨੂੰ ਦਖ਼ਲ ਦੇਣ ਦੀ ਲੋੜ ਨਹੀਂ।”