ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਲਈ ਨਿਯਮ ਸਖ਼ਤ ਕਰੇਗੀ ਸ਼੍ਰੋਮਣੀ ਕਮੇਟੀ

ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਲਈ ਨਿਯਮ ਸਖ਼ਤ ਕਰੇਗੀ ਸ਼੍ਰੋਮਣੀ ਕਮੇਟੀ

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਫਾਈਲ ਫੋਟੋ।
ਅੰਮ੍ਰਿਤਸਰ/ਬਿਊਰੋ ਨਿਊਜ਼:
ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਸਬੰਧੀ ਨਿਯਮਾਂ ‘ਚ ਸੋਧ ਕਰਕੇ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਸਖਤੀ ਵਰਤਣ ਦੇ ਰੌਂਅ ਵਿੱਚ ਹੈ ਤਾਂ ਜੋ ਭਵਿੱਖ ਵਿੱਚ ਸ਼ਰਧਾਲੂਆਂ ਦੇ ਲਾਪਤਾ ਹੋਣ ਜਿਹੀ ਕੋਈ ਘਟਨਾ ਨਾ ਵਾਪਰੇ। ਇਸ ਤਹਿਤ ਭਵਿੱਖ ਵਿਚ ਇਕੱਲੀ ਯਾਤਰਾ ਕਰਨ ਵਾਲੀ ਔਰਤ ਅਤੇ ਗ਼ੈਰ ਦਸਤਾਰਧਾਰੀ ਵਿਅਕਤੀਆਂ ਨੂੰ ਜਥੇ ਨਾਲ ਭੇਜਣ ਤੋਂ ਗੁਰੇਜ਼ ਕੀਤਾ ਜਾ  ਸਕਦਾ ਹੈ।
ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ 1796 ਵਿਅਕਤੀਆਂ ਦਾ ਜਥਾ ਗਿਆ ਸੀ, ਜਿਸ ‘ਚੋਂ 2 ਯਾਤਰੂ ਕਿਰਨ ਬਾਲਾ ਤੇ ਅਮਰਜੀਤ ਸਿੰਘ ਲਾਪਤਾ ਹੋ ਗਏ ਸਨ। ਕਿਰਨ ਬਾਲਾ ਨੇ ਤਾਂ ਧਰਮ ਤਬਦੀਲ ਕਰਕੇ ਉੱਥੋਂ ਦੇ ਮੁਸਲਿਮ ਨਾਗਰਿਕ ਨਾਲ ਨਿਕਾਹ ਕਰ ਲਿਆ ਸੀ ਜਦਕਿ ਅਮਰਜੀਤ ਸਿੰਘ ਨੂੰ ਸ਼ੇਖੂਪੁਰਾ ਇਲਾਕੇ ‘ਚੋਂ ਕਾਬੂ ਕਰਕੇ ਵਤਨ ਵਾਪਸ ਭੇਜ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਯਾਤਰੂਆਂ ਨੂੰ ਜਥੇ ਨਾਲ ਭੇਜਣ ਦੀ ਪ੍ਰਕਿਰਿਆ ‘ਤੇ ਵੀ ਸਵਾਲ ਉੱਠੇ
ਸਨ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਪੁਰਾਣੇ ਨਿਯਮ ਨੂੰ ਮੁੜ ਲਾਗੂ ਕਰਦਿਆਂ ਜਥੇ ਨਾਲ ਇਕੱਲੀ ਔਰਤ ਨੂੰ ਭੇਜਣ ਤੋਂ ਗੁਰੇਜ਼ ਕੀਤਾ ਜਾਵੇਗਾ। ਔਰਤਾਂ ਹੁਣ ਆਪਣੇ ਰਿਸ਼ਤੇਦਾਰਾਂ ਨਾਲ ਹੀ ਜਥੇ ਵਿੱਚ ਸ਼ਾਮਲ ਹੋ ਸਕਣਗੀਆਂ। ਇਸੇ ਤਰ੍ਹਾਂ ਦਸਤਾਰਧਾਰੀ ਤੇ ਗੁਰਸਿੱਖ ਵਿਅਕਤੀਆਂ ਨੂੰ ਹੀ ਜਥੇ ਨਾਲ ਜਾਣ ਵਾਸਤੇ ਯਾਤਰੂ ਵਜੋਂ ਪ੍ਰਵਾਨਗੀ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਸ ਸਮੁੱਚੀ ਪ੍ਰਕਿਰਿਆ ਨੂੰ ਵਿਚਾਰਨ ਤੇ ਵਾਪਰੇ ਘਟਨਾਕ੍ਰਮ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਰਿਪੋਰਟ ਸੌਂਪੇਗੀ। ਇਸ ਮਗਰੋਂ ਰਿਪੋਰਟ ਨੂੰ ਅੰਤ੍ਰਿੰਗ ਕਮੇਟੀ ‘ਚ ਵਿਚਾਰਿਆ ਜਾਵੇਗਾ ਅਤੇ ਸਹਿਮਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਬਣਾਈ ਚਾਰ ਮੈਂਬਰੀ ਕਮੇਟੀ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਰਵਿੰਦਰ ਸਿੰਘ ਚੱਕ, ਗੁਰਤੇਜ ਸਿੰਘ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ ਜਦੋਂਕਿ ਕਮੇਟੀ ਦੇ ਕੋਆਰਡੀਨੇਟਰ ਵਜੋਂ ਜਸਵਿੰਦਰ ਸਿੰਘ ਦੀਨਪੁਰ ਵਧੀਕ ਸਕੱਤਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿਸਤਾਨੀ ਓਕਾਫ ਬੋਰਡ ਨੇ ਵੀ ਸੁਨੇਹਾ ਦਿੱਤਾ ਹੈ ਕਿ ਹੁਣ ਸਿੱਖ ਯਾਤਰੂਆਂ ਦੇ ਜਥੇ ਵਿੱਚ ਸਿਰਫ ਦਸਤਾਰਧਾਰੀ ਸਿੱਖਾਂ ਨੂੰ ਹੀ ਓਕਾਫ ਬੋਰਡ ਵੱਲੋਂ ਵੀਜ਼ੇ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਜਥੇਬੰਦੀ ਵੀ ਹੁਣ ਇਸੇ ਨਿਯਮਾਂ ਮੁਤਾਬਕ ਸ਼ਰਧਾਲੂਆਂ ਦੀ ਸਿਫਾਰਸ਼ ਕਰੇਗੀ। ਉਨ੍ਹਾਂ ਆਖਿਆ ਕਿ ਇਸ ਸ਼ਰਤ ਤਹਿਤ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ, ਪਰ ਸ਼ਰਧਾਲੂ ਦਸਤਾਰਧਾਰੀ ਤੇ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇਕੱਲੀਆਂ ਔਰਤਾਂ ਨੂੰ ਵੀਜ਼ੇ ਵਾਸਤੇ ਸਿਫਾਰਸ਼ ਨਹੀਂ ਕੀਤੀ ਜਾਵੇਗੀ।