ਕਿਰਨ ਬਾਲਾ ਦੇ ਪਾਕਿ ਜਾਣ ਪਿੱਛੇ ਮੇਰੇ ਪਤੀ ਦਾ ਹੱਥ: ਕਿਸ਼ਨ ਕੌਰ

ਕਿਰਨ ਬਾਲਾ ਦੇ ਪਾਕਿ ਜਾਣ ਪਿੱਛੇ ਮੇਰੇ ਪਤੀ ਦਾ ਹੱਥ: ਕਿਸ਼ਨ ਕੌਰ

ਕਿਰਨ ਬਾਲਾ ਦੇ ਬੱਚਿਆਂ ਨਾਲ ਕਿਸ਼ਨ ਕੌਰ।  
ਗੜ੍ਹਸ਼ੰਕਰ/ਬਿਊਰੋ ਨਿਊਜ਼
ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਕੇ ਉਥੇ ਵਿਆਹ ਕਰਵਾਉਣ ਵਾਲੀ ਗੜ੍ਹਸ਼ੰਕਰ ਦੀ ਕਿਰਨ ਬਾਲਾ ਦੀ ਸੱਸ ਕਿਸ਼ਨ ਕੌਰ ਨੇ ਦੋਸ਼ ਲਾਇਆ ਹੈ ਕਿ ਕਿਰਨ ਬਾਲਾ ਦੇ ਆਪਣੇ ਸਹੁਰੇ ਨਾਲ ਸਬੰਧ ਹਨ ਤੇ ਕਿਰਨ ਬਾਲਾ ਨੂੰ ਪਾਕਿਸਤਾਨ ਪਹੁੰਚਾਉਣ ਪਿੱਛੇ ਤਰਸੇਮ ਸਿੰਘ ਦਾ ਹੀ ਹੱਥ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸ਼ਨ ਕੌਰ ਨੇ ਕਿਹਾ ਕਿ ਉਸ ਦੇ ਪਤੀ ਤਰਸੇਮ ਸਿੰਘ ਦੇ ਨੂੰਹ ਕਿਰਨ ਬਾਲਾ ਦੇ ਸਬੰਧ ਸਨ ਅਤੇ ਕਿਰਨ ਬਾਲਾ ਨੂੰ  ਪਾਕਿਸਤਾਨ ਭੇਜ ਕੇ ਧਰਮ ਪਰਿਵਰਤਨ ਕਰਵਾਉਣ ਪਿੱਛੇ ਉਸ ਦੇ ਪਤੀ ਤਰਸੇਮ ਸਿੰਘ ਦਾ ਹੱਥ ਹੈ। ਕਿਰਨ ਬਾਲਾ ਦੇ ਤਿੰਨ  ਬੱਚਿਆਂ ਦੀ ਹਾਜ਼ਰੀ ਵਿੱਚ ਕਿਸ਼ਨ ਕੌਰ ਨੇ ਦੱਸਿਆ ਕਿ ਕਿਰਨ ਬਾਲਾ ਦਾ ਉਸ ਦੇ ਪੁੱਤ  ਨਰਿੰਦਰ ਸਿੰਘ ਨਾਲ 2005 ਵਿੱਚ ਪ੍ਰੇਮ ਵਿਆਹ ਹੋਇਆ ਸੀ ਅਤੇ 19 ਅਪਰੈਲ 2013 ਨੂੰ ਉਸ ਦੇ ਪੁੱਤ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਕਿਸ਼ਨ ਕੌਰ ਨੇ ਉਸ ਹਾਦਸੇ ਪਿੱਛੇ ਵੀ ਕਿਰਨ ਬਾਲਾ ਦਾ ਹੱਥ ਦੱਸਦਿਆਂ ਕਿਹਾ ਕਿ ਕਿਰਨ ਬਾਲਾ ਦੇ ਕਥਿਤ ਮਾੜੇ ਚਰਿੱਤਰ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਕਿਸ਼ਨ ਕੌਰ ਨੇ ਕਿਹਾ ਕਿ ਨਰਿੰਦਰ ਸਿੰਘ ਦੀ ਮੌਤ ਪਿੱਛੋਂ ਕਿਰਨ ਬਾਲਾ ਦਿੱਲੀ ਵਿੱਚ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਸੀ, ਪਰ ਇਸ ਪਿੱਛੋਂ ਉਸ ਦਾ ਪਤੀ ਤਰਸੇਮ ਸਿੰਘ ਆਪਣੀ ਜ਼ਿੰਮੇਵਾਰੀ ‘ਤੇ ਉਸ ਨੂੰ ਘਰ ਲੈ ਆਇਆ ਸੀ। ਉਸ ਨੇ ਦੱਸਿਆ ਕਿ ਇਸ ਪਿੱਛੋਂ ਕਿਰਨ ਬਾਲਾ ਦੇ ਆਪਣੇ ਤਰਸੇਮ ਸਿੰਘ ਨਾਲ ਕਥਿਤ ਸਬੰਧ ਬਣ ਗਏ ਅਤੇ ਤਰਸੇਮ ਸਿੰਘ ਨੇ ਕਿਰਨ ਬਾਲਾ ਦੇ ਕਹੇ ਅਨੁਸਾਰ ਆਪਣੇ ਛੋਟੇ ਪੁੱਤਰ ਅਤੇ ਧੀ ਨੂੰ ਵੀ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ। ਉਧਰ, ਤਰਸੇਮ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਰਨ ਬਾਲਾ ‘ਤੇ ਆਈਐਸਆਈ ਦੇ ਹੱਥੇ ਚੜ੍ਹਨ ਦਾ ਦੋਸ਼ ਦੁਹਰਾਇਆ।