ਪੰਜਾਬ ਦੀ ਯਾਦ ਦਿਵਾ ਗਿਆ ਆਸਟਰੇਲੀਆ ‘ਚ ਲੱਗਿਆ ਖੇਤੀ ਮੇਲਾ

ਪੰਜਾਬ ਦੀ ਯਾਦ ਦਿਵਾ ਗਿਆ ਆਸਟਰੇਲੀਆ ‘ਚ ਲੱਗਿਆ ਖੇਤੀ ਮੇਲਾ

ਮੇਲੇ ਵਿਚ ਖਿੱਚ ਦਾ ਕੇਂਦਰ ਰਿਹਾ ਸਾਲ 1911 ਵਿਚ ਬਣਿਆ, ‘ਟਾਈਪ-ਡੀ ਟਾਈਟਨ ਟਰੈਕਟਰ’।
ਸਿਡਨੀ/ਬਿਊਰੋ ਨਿਊਜ਼ :
ਆਸਟਰੇਲੀਆ ਤੇ ਕਰੀਬ ਤਿੰਨ ਹਜ਼ਾਰ ਕਿਸਾਨ ਅਤੇ ਕਾਰੋਬਾਰੀ ਖੇਤੀ ਨਾਲ ਸਬੰਧਤ ਪੁਰਾਣੀ ਮਸ਼ੀਨਰੀ ਖ਼ਰੀਦਣ ਅਤੇ ਵੇਚਣ ਲਈ ਇਕੱਠੇ ਹੋਏ। ਇਸ ਮੇਲੇ ਦੀ ਸ਼ੁਰੂਆਤ ਰਵਾਇਤੀ ਟਰੈਕਟਰ ਅਤੇ ਖੇਤੀ ਸੰਦਾਂ ਦੀ ਵਿੱਕਰੀ ਲਈ ਲੱਖਾਂ ਡਾਲਰਾਂ ਦੀ ਬੋਲੀ ਨਾਲ ਹੋਈ। ਆਸਟਰੇਲੀਆ ਵਿਚ ਆਪਣੀ ਕਿਸਮ ਦਾ ਇਹ ਅਨੋਖਾ ਖ਼ਰੀਦੋ-ਫਰੋਖ਼ਤ ਮੇਲਾ ਹੈ, ਜੋ ਪੰਜਾਬ ਦੇ ਕਿਸੇ ਪੇਂਡੂ ਮੇਲੇ ਦੀ ਝਾਤ ਪਾਉਂਦਾ ਹੈ।
ਇਹ ਮੇਲਾ ਨਿਊ ਸਾਊਥ ਵੇਲਜ਼, ਪੱਛਮੀ ਆਸਟਰੇਲੀਆ, ਕੁਈਨਜ਼ਲੈਂਡ ਤੇ ਨਿਊਜ਼ੀਲੈਂਡ ਤੋਂ ਖੇਤੀ ਸੰਦਾਂ ਦੇ ਇਤਿਹਾਸ ਦਾ ਵਿਲੱਖਣ ਨਮੂਨਾ ਹੈ। ਬੋਲੀ ਲਾਉਣ ਲਈ ਟਿਊਮਬਾ ਵਿਚ ਵਿੰਟੇਜ ਟਰੈਕਟਰ ‘ਸੇਲ ਆਫ਼ ਦਿ ਕੰਟਰੀ’ ਮਨਾਇਆ ਜਾਂਦਾ ਹੈ, ਜਿਸ ਵਿਚ ਸੈਂਕੜੇ ਤੋਂ ਵੱਧ ਪੁਰਾਣੇ ਟਰੈਕਟਰ ਮੇਲੇ ਦਾ ਸ਼ਿੰਗਾਰ ਬਣਦੇ ਹਨ। ਇਸ ਮੇਲੇ ਵਿਚ ਕਾਸ਼ਤ ਕਰਨ ਲਈ ਪੁਰਾਤਨ ਹਲ, ਤਵੀਆਂ ਤੇ ਹੋਰ ਖੇਤੀ ਮਸ਼ੀਨਰੀ ਨਿਲਾਮੀ ਦਾ ਹਿੱਸਾ ਬਣਦੇ ਹਨ। ਮੇਲੇ ਦੌਰਾਨ ਬਹੁਤੇ ਟਰੈਕਟਰ 50,000 ਡਾਲਰ ਤੋਂ ਵੱਧ ਦੀ ਬੋਲੀ ਨਾਲ ਵਿਕੇ।
ਇੱਕ ਗੰਨਾ ਕਾਸ਼ਤਕਾਰ ਜੈੱਫ ਨੇ ਕਿਹਾ ਕਿ ਪੁਰਾਣੀ ਮਸ਼ੀਨਰੀ ਨਾਲ ਕਿਸਾਨ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। ਕਿਸਾਨ ਸ਼ੈਨਨ ਬੈਸਟਮੈਨ ਆਪਣੇ ਦੋ ਪੋਤਰਿਆਂ ਨੂੰ ਮੇਲੇ ਵਿਚ ਲੈ ਕੇ ਆਇਆ। ਸ਼ੈਨਨ ਅਨੁਸਾਰ ਇਹ ਚੰਗਾ ਮੌਕਾ ਹੈ ਕਿ ਨਵੀਂ ਪੀੜ੍ਹੀ ਨੂੰ ਪੁਰਾਣੀ ਮਸ਼ੀਨਰੀ ਦੇਖਣ ਤੇ ਜਾਣਨ ਦਾ ਮੌਕਾ ਮਿਲਦਾ ਹੈ। ਮੇਲੇ ਵਿਚ ਸਾਲ 1911 ਵਿਚ ਬਣਿਆ ‘ਟਾਈਪ-ਡੀ ਟਾਈਟਨ ਟਰੈਕਟਰ’ ਖਿੱਚ ਦਾ ਕੇਂਦਰ ਰਿਹਾ, ਜਿਸ ਦੀ ਬੋਲੀ 1,90,000 ਡਾਲਰ ਵਿਚ ਲੱਗੀ।