ਸਿੱਖਾਂ ਦੇ ਕਾਤਲ ਕਾਂਗਸਰੀ ਆਗੂ ਟਾਈਟਲਰ ਖ਼ਿਲਾਫ਼ ਪੰਜ ਨਵੇਂ ਵੀਡੀਓਜ਼ ਹੋਣ ਦਾ ਦਾਅਵਾ

ਸਿੱਖਾਂ ਦੇ ਕਾਤਲ ਕਾਂਗਸਰੀ ਆਗੂ ਟਾਈਟਲਰ ਖ਼ਿਲਾਫ਼ ਪੰਜ ਨਵੇਂ ਵੀਡੀਓਜ਼ ਹੋਣ ਦਾ ਦਾਅਵਾ

ਨਵੀਂ ਦਿਲੀ/ਬਿਊਰੋ ਨਿਊਜ਼:
ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਵਿਅਕਤੀ ਨੇ ਹੁਣ ਦਾਅਵਾ ਕੀਤਾ ਹੈ ਕਿ ਟਾਈਟਲਰ ਨਾਲ ਸਬੰਧਤ ਇਹ ਵੀਡੀਓ ਪੂਰੀ ਤਰ੍ਹਾਂ ਸੱਚੀਆਂ ਹਨ ਅਤੇ ਪੈਨ ਡਰਾਈਵ ਵਿੱਚ ਇਸ ਵਾਰ ਆਈਆਂ 5 ਵੀਡੀਓਜ਼ ਵਿੱਚ ਟਾਈਟਲਰ ਦੇ ਨਾਲ ਗੱਲਬਾਤ ਕਰ ਰਿਹਾ ਵਿਅਕਤੀ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ। ਇਹ ਦਿੱਲੀ ਦਾ ਵਪਾਰੀ ਰਵਿੰਦਰ ਸਿੰਘ ਚੌਹਾਨ ਦੱਸਿਆ ਜਾਂਦਾ ਹੈ। ਅੱਜ ਇਸ ਮਸਲੇ ਨੂੰ ਲੈ ਕੇ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਉਹ ਵਿਅਕਤੀ ਠੀਕ ਸਮਾਂ ਆਉਣ ਉੱਤੇ ਇਸ ਵੀਡੀਓ ਦੀ ਲਗਪਗ ਇਕ ਘੰਟੇ ਦੀ ਅਸਲੀ ਫੁਟੇਜ ਨੂੰ ਲੈ ਕੇ ਮੀਡੀਆ ਅਤੇ ਅਦਾਲਤ ਦੇ ਸਾਹਮਣੇ ਵੀ ਪੇਸ਼ ਹੋ ਜਾਵੇਗਾ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਘਰ ਸਪੀਡ ਪੋਸਟ ਰਾਹੀਂ 23 ਮਾਰਚ 2018 ਨੂੰ ਭੇਜੇ ਇਸ ਲਿਫ਼ਾਫੇ ਵਿੱਚ ਇੱਕ ਪੱਤਰ ਦੇ ਨਾਲ ਪੈਨ ਡਰਾਈਵ ਨੱਥੀ ਹੈ। ਇਸ ਵਿੱਚ ਪੁਰਾਣੇ 5 ਵੀਡੀਓ ਦੀਆਂ ਅਸਲੀ ਕਾਪੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 5 ਫਰਵਰੀ 2018 ਨੂੰ  ਸ੍ਰੀ ਜੀਕੇ ਨੇ ਟਾਈਟਲਰ ਦੇ 5 ਵੀਡੀਓ ਜਾਰੀ ਕੀਤੇ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੰਗ ਕੀਤੀ ਕਿ ਜਾਂਚ ਏਜੰਸੀਆਂ ਨੂੰ ਚੌਹਾਨ ਦੇ ਬਿਆਨ ਧਾਰਾ 164 ਦੇ ਤਹਿਤ ਰਿਕਾਰਡ ਕਰਨੇ ਚਾਹੀਦੇ ਹਨ ਤੇ ਕਾਂਗਰਸ ਪਾਰਟੀ ਨੂੰ ਟਾਈਟਲਰ ਨੂੰ ਪਾਰਟੀ ਚੋਂ ਤੁਰੰਤ ਕੱਢ ਦੇਣਾ ਚਾਹੀਦਾ ਹੈ।