ਅਫਗਾਨਿਸਤਾਨ ‘ਚ ਸਿੱਖਾਂ ਦੇ ਕਾਫਲੇ ‘ਤੇ ਆਤਮਘਾਤੀ ਹਮਲਾ

ਅਫਗਾਨਿਸਤਾਨ ‘ਚ ਸਿੱਖਾਂ ਦੇ ਕਾਫਲੇ ‘ਤੇ ਆਤਮਘਾਤੀ ਹਮਲਾ

ਜਲਾਲਾਬਾਦ (ਅਫ਼ਗਾਨਿਸਤਾਨ) ‘ਚ ਆਤਮਘਾਤੀ ਹਮਲੇ ਦੌਰਾਨ ਜ਼ਖ਼ਮੀ ਹੋਏ ਰਿਸ਼ਤੇਦਾਰ ਨੂੰ ਹਸਪਤਾਲ ‘ਚ ਇਲਾਜ ਦੌਰਾਨ ਸੰਭਾਲਦਾ ਹੋਇਆ ਇਕ ਸਿੱਖ।

ਜਲਾਲਾਬਾਦ (ਅਫ਼ਗ਼ਾਨਿਸਤਾਨ)/ਬਿਊਰੋ ਨਿਊਜ਼ :
ਮੁਲਕ ਦੇ ਪੂਰਬੀ ਹਿੱਸੇ ‘ਚ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ‘ਚ ਘੱਟੋ ਘੱਟ 19 ਵਿਅਕਤੀ ਹਲਾਕ ਅਤੇ 20 ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ ਦੇ ਇਸੇ ਹਿੱਸੇ ਦੀ ਫ਼ੇਰੀ ‘ਤੇ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਹਨ।
ਮਾਰੇ ਗਏ ਸਿੱਖ ਭਾਈਚਾਰੇ ਦੇ ਲੋਕਾਂ ‘ਚ ਸਥਾਨਕ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਸਨ, ਜੋ ਕਿ ਅਫ਼ਗਾਨਿਸਤਾਨ ‘ਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸਨ। ਅਧਿਕਾਰੀਆਂ ਨੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ, ਜਿਨ੍ਹਾਂ ਦੀ ਅਕਤੂਬਰ ‘ਚ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਯੋਜਨਾ ਸੀ, ਦੀ ਇਸ ਹਮਲੇ ‘ਚ ਮਾਰੇ ਜਾਣ ਦੀ ਪੁਸ਼ਟੀ ਕੀਤੀ। ਨਨਗਰਹਾਰ ਸੂਬੇ ਦੇ ਪੁਲਿਸ ਮੁਖੀ ਗੁਲਾਮ ਸਨ੍ਹਾਈ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਸਿੱਖ ਭਾਈਚਾਰੇ ਨੂੰ ਲੈ ਕੇ ਜਾਂਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਸਿੱਖ ਭਾਈਚਾਰੇ ਦੇ ਮੈਂਬਰ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸੀ।
ਸਰਕਾਰੀ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸੂਬਾਈ ਗਵਰਨਰ ਦੇ ਅਹਾਤੇ ਤੋਂ ਕੁਝ ਦੂਰੀ ‘ਤੇ ਬਾਜ਼ਾਰ ਨੇੜੇ ਖ਼ੁਦ ਨੂੰ ਉਡਾ ਲਿਆ। ਇਸ ਅਹਾਤੇ ਵਿਚ ਅਫ਼ਗ਼ਾਨ ਸਦਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਤਰਜਮਾਨ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 12 ਸਿੱਖ ਤੇ ਕੁਝ ਹਿੰਦੂ ਸ਼ਾਮਲ ਹਨ ਅਤੇ 20 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਹਸਪਤਾਲ ਦੇ ਬਾਹਰ ਧਮਾਕੇ ਦੇ ਪੀੜਤਾਂ ਦੇ ਸਕੇ-ਸਬੰਧੀਆਂ ਦਾ ਰੋ- ਰੋ ਕੇ ਬੁਰਾ ਹਾਲ ਸੀ। ਇਕ ਵਿਅਕਤੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਾਡੇ ਲਈ ਸਭ ਕੁਝ ਖ਼ਤਮ ਹੋ ਗਿਆ, ਉਨ੍ਹਾਂ ਸਾਡਾ ਘੱਟੋ ਘੱਟ ਦਸ ਲੋਕਾਂ ਦਾ ਕਤਲੇਆਮ ਕਰ ਦਿੱਤਾ। ਸੂਬਾਈ ਸਿਹਤ ਡਾਇਰੈਕਟਰ ਨਜੀਬੁੱਲ੍ਹਾ ਕਮਾਵਲ ਨੇ ਧਮਾਕੇ ‘ਚ 19 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ‘ਚ ਵੱਡੀ ਗਿਣਤੀ ਸਿੱਖਾਂ ਦੀ ਹੈ।
ਹਸਪਤਾਲ ਵਿਖੇ ਦਰਦ ਭਰੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਸਨ ਜਿੱਥੇ ਮ੍ਰਿਤਕਾਂ ਦੇ ਰਿਸ਼ਤੇਦਾਰ ਇਕ ਦੂਸਰੇ ਦੇ ਗਲੇ ਲੱਗ ਕੇ ਵਿਰਲਾਪ ਕਰ ਰਹੇ ਸਨ। ਹਮਲੇ ‘ਚ ਮਰੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਨੇ ਹਸਪਤਾਲ ਤੋਂ ਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਰਾਸ਼ਟਰਪਤੀ ਗਨੀ ਦੇ ਦੌਰੇ ਕਾਰਨ ਸ਼ਹਿਰ ‘ਚ ਰਸਤੇ ਬੰਦ ਨਾ ਕੀਤੇ ਹੁੰਦੇ ਤਾਂ ਮੌਤਾਂ ਦੀ ਗਿਣਤੀ ਜ਼ਿਆਦਾ ਵਧ ਸਕਦੀ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਆਪਣੀ ਆਨ-ਲਾਈਨ ਅਮਾਕ ਏਜੰਸੀ ‘ਤੇ ਇਕ ਬਿਆਨ ਜਾਰੀ ਕਰਕੇ ਲਈ ਹੈ ਪਰ ਹਮਲੇ ਸਬੰਧੀ ਆਪਣੇ ਦਾਅਵੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਦਿੱਤਾ। ਯਾਦ ਰਹੇ ਕਿ ਮੁਸਲਿਮ ਬਹੁਗਿਣਤੀ ਵਾਲੇ ਇਸ ਮੁਲਕ ਵਿਚ ਸਿੱਖ ਤੇ ਹਿੰਦੂ ਨਿੱਕੇ ਭਾਈਚਾਰਿਆਂ ਦੇ ਰੂਪ ਵਿਚ ਰਹਿੰਦੇ ਹਨ। ਉਂਜ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਕੀ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਗ੍ਰਹਿ ਮੰਤਰੀ ਦੇ ਬੁਲਾਰੇ ਨਜੀਬ ਦਾਨਿਸ਼ ਨੇ ਵੀ ਆਤਮਘਾਤੀ ਬੰਬਾਰ ਵੱਲੋਂ ਕੀਤੇ ਹਮਲੇ ਦੀ ਪੁਸ਼ਟੀ ਕੀਤੀ ਹੈ।
ਉਧਰ ਅਫ਼ਗਾਨ ਸਦਰ ਦੇ ਤਰਜਮਾਨ ਨੇ ਕਿਹਾ ਕਿ ਸ੍ਰੀ ਗਨੀ ਅਜੇ ਵੀ ਨੰਗਰਹਾਰ ਸੂਬੇ ‘ਚ ਹਨ ਤੇ ਪੂਰੀ ਤਰ੍ਹਾਂ ‘ਖ਼ਤਰੇ ਤੋਂ ਬਾਹਰ’ ਹਨ। ਸਰਹੱਦੀ ਸੂਬੇ ਦੀ ਆਪਣੀ ਇਸ ਦੋ ਰੋਜ਼ਾ ਫ਼ੇਰੀ ਦੌਰਾਨ ਸ੍ਰੀ ਗਨੀ ਜਲਾਲਾਬਾਦ ਵਿਚ ਇਕ ਹਸਪਤਾਲ ਦੇ ਉਦਘਾਟਨ ਲਈ ਆਏ ਸਨ।
ਕਾਬਿਲੇਗੌਰ ਹੈ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਅਫ਼ਗ਼ਾਨ ਸਦਰ ਨੇ ਸਲਾਮਤੀ ਦਸਤਿਆਂ ਨੂੰ 18 ਦਿਨਾਂ ਦੀ ਗੋਲੀਬੰਦੀ ਮਗਰੋਂ ਤਾਲਿਬਾਨ ਖ਼ਿਲਾਫ਼ ਹਮਲੇ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਅਫ਼ਗਾਨਿਸਤਾਨ ‘ਚ ਰਹਿਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਹੈ। ਅਫ਼ਗਾਨਿਸਤਾਨ ਦੀ ਸੰਸਦ ‘ਚ ਇਕ ਸੀਟ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਰਾਖਵੀਂ ਹੈ। ਦੱਸਣਯੋਗ ਹੈ ਕਿ ਕਈ ਵਾਰ ਧਮਕੀਆਂ ਮਿਲਣ ਤੋਂ ਬਾਅਦ ਵੱਡੀ ਗਿਣਤੀ ‘ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਭਾਰਤ ‘ਚ ਸ਼ਰਨ ਲੈ ਰਹੇ ਹਨ। ਕਾਬੁਲ ‘ਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਹਮਲੇ ‘ਚ 10 ਸਿੱਖਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਭਾਰਤੀ ਦੂਤਾਵਾਸ ਨੇ ਟਵਿੱਟਰ ‘ਤੇ ਲਿਖੇ ਸੰਦੇਸ਼ ‘ਚ ਕਿਹਾ ਕਿ ਕੌਮਾਂਤਰੀ ਅੱਤਵਾਦ ਿਖ਼ਲਾਫ਼ ਸਭ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।