ਸੁਖਬੀਰ ਬਾਦਲ ਦੇ ਭਾਸ਼ਨ ਮੌਕੇ ਭਾਜਪਾ ਦਾ ਪੰਡਾਲ ਖਾਲੀ

ਸੁਖਬੀਰ ਬਾਦਲ ਦੇ ਭਾਸ਼ਨ ਮੌਕੇ ਭਾਜਪਾ ਦਾ ਪੰਡਾਲ ਖਾਲੀ
ਰੈਲੀ ਦੌਰਾਨ ਖਾਲੀ ਪਈਆਂ ਕੁਰਸੀਆਂ।

ਜਲੰਧਰ/ਬਿਊਰੋ ਨਿਊਜ਼:
ਪੰਜਾਬ ਭਾਜਪਾ ਵੱਲੋਂ ਕੀਤੀ ਗਈ ‘ਵਜਾਓ ਢੋਲ-ਖੋਲ੍ਹੋ ਪੋਲ’ ਰੈਲੀ ਵਿੱਚ ਭਾਜਪਾ ਦੀ ਆਪਣੀ ਹੀ ਪੋਲ ਖੁੱਲ੍ਹ ਗਈ। ਰੈਲੀ ਦੇ ਅਖੀਰ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਦਾ ਪਿਛਲਾ ਸਾਰਾ ਪਾਸਾ ਖਾਲੀ ਸੀ। ਭਾਜਪਾ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਜ਼ੋਰ ਲਗਾਉਣ ‘ਤੇ ਵੀ ਕੁਰਸੀਆਂ ਨਹੀਂ ਸੀ ਭਰ ਰਹੀਆਂ। ਪੰਡਾਲ ਤੋਂ ਬਾਹਰ ਵਰਤਾਏ ਜਾ ਰਹੇ ਲੰਗਰ ਨੂੰ ਵੀ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਪੰਡਾਲ ਭਰ ਜਾਵੇ ਪਰ ਰੈਲੀ ਦੇ ਪ੍ਰਬੰਧਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਉਂਜ ਸੁਖਬੀਰ ਬਾਦਲ ਦੇ ਬੋਲਣ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਮਿਹਣਾ ਮਾਰਿਆ ਸੀ ਕਿ ਰੈਲੀ ਦਾ ਇਕੱਠ ਦੇਖ ਲਵੋ, ਫਿਰ ਨਾ ਕਹਿਣਾ ਕਿ ਭਾਜਪਾ ਦੇ ਪੱਲੇ ਕੁਝ ਨਹੀਂ ਹੈ। ਸ੍ਰੀ ਸਾਂਪਲਾ ਦੇ ਵਿਰੋਧੀਆਂ ਨੂੰ ਵੀ ਸਟੇਜ ਦੇ ਨੇੜੇ ਤੱਕ ਨਹੀਂ ਫਟਕਣ ਦਿੱਤਾ ਗਿਆ। ਪੰਜ ਸਾਲ ਤੱਕ ਸ਼ਹਿਰ ਦੇ ਮੇਅਰ ਰਹੇ ਸੁਨੀਲ ਜੋਤੀ ਨੂੰ ਮੁੱਖ ਸਟੇਜ ‘ਤੇ ਨਹੀਂ ਜਾਣ ਦਿੱਤਾ ਗਿਆ ਅਤੇ ਉਹ ਆਮ ਇਕੱਠ ਵਿੱਚ ਹੀ ਬੈਠੇ ਰਹੇ ਤੇ ਬਾਅਦ ਵਿੱਚ ਰੈਲੀ ਵਿਚਾਲੇ ਛੱਡ ਕੇ ਚਲੇ ਗਏ।
ਇਸੇ ਤਰ੍ਹਾਂ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੂੰ ਮੁੱਖ ਸਟੇਜ ‘ਤੇ ਥਾਂ ਨਹੀਂ ਮਿਲੀ ਅਤੇ ਉਹ ਆਮ ਲੋਕਾਂ ਵਿੱਚ ਬੈਠ ਕੇ ਸੁੱਤੇ ਹੀ ਰਹੇ। ਪੰਜਾਬ ਸਰਕਾਰ ਦੇ ਸੂਹੀਆ ਤੰਤਰ ਨੇ ਭਾਜਪਾ ਵੱਲੋਂ ਕੀਤੇ ਗਏ ਇਕੱਠ ਨੂੰ 2 ਹਜ਼ਾਰ ਤੱਕ ਦੱਸਿਆ ਜਦਕਿ ਭਾਜਪਾ ਵਾਲੇ ਇਹ ਦਾਅਵਾ ਕਰ ਰਹੇ ਸਨ ਕਿ ਇਹ ਇਕੱਠ 35 ਤੋਂ 40 ਹਜ਼ਾਰ ਦੇ ਵਿਚਕਾਰ ਸੀ। ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਪੰਡਾਲ ਵਿੱਚ ਜਿਸ ਥਾਂ ‘ਤੇ ਧੁੱਪ ਸੀ ਉਥੋਂ ਲੋਕ ਜ਼ਰੂਰ ਉਠੇ ਸਨ ਪਰ ਵੱਡੀ ਗਿਣਤੀ ਵਿੱਚ ਲੋਕ ਬਾਹਰ ਹੀ ਘੁੰਮਦੇ ਰਹੇ।