ਪੰਜਾਬੀ ਦੇ ਪੌਪ ਗਾਇਕ ਦਲੇਰ ਮਹਿੰਦੀ ਨੇ ਕਬੂਤਰਬਾਜ਼ੀ ਦੇ ਦੋਸ਼ ਹੇਠ ਦੋ ਸਾਲ ਦੀ ਸਜ਼ਾ ਬਾਅਦ ਜਮਾਨਤ ਕਰਵਾਈ

ਪੰਜਾਬੀ ਦੇ ਪੌਪ ਗਾਇਕ ਦਲੇਰ ਮਹਿੰਦੀ ਨੇ ਕਬੂਤਰਬਾਜ਼ੀ ਦੇ ਦੋਸ਼ ਹੇਠ ਦੋ ਸਾਲ ਦੀ ਸਜ਼ਾ ਬਾਅਦ ਜਮਾਨਤ ਕਰਵਾਈ

ਫੈਸਲੇ ਉਪਰੰਤ ਆਪਣੇ ਵਕੀਲ ਬਰਜਿੰਦਰ ਸੋਢੀ ਨਾਲ਼ ਅਦਾਲਤ ‘ਚੋਂ ਬਾਹਰ ਆਉਂਦੇ ਹੋਏ ਦਲੇਰ ਮਹਿੰਦੀ।
ਪਟਿਆਲਾ/ਨਿਊਜ਼ ਬਿਊਰੋ:
‘ਕਬੂਤਰਬਾਜ਼ੀ’ ਦੇ ਡੇਢ ਦਹਾਕਾ ਪੁਰਾਣੇ ਇੱਕ ਕੇਸ ਦੇ ਸ਼ੁਕਰਵਾ ਨੂੰ ਆਏ ਅਦਾਲਤੀ ਫੈਸਲੇ ਦੌਰਾਨ ਉੱਘੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ਤੇ ਬੁਲਬੁਲ ਮਹਿਤਾ ਨਾਮ ਦਾ ਇੱਕ ਮੁਲਜ਼ਮ ਬਰੀ ਹੋ ਗਿਆ ਜਦਕਿ ਸ਼ਮਸ਼ੇਰ ਮਹਿੰਦੀ ਅਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਕੇਸ ਦੇ ਦੋ ਮੁਲਜ਼ਮ ਪਹਿਲਾਂ ਹੀ ਅਦਾਲਤ ਨੇ ਭਗੌੜੇ ਕਰਾਰ ਦਿੱਤੇ ਹੋਏ ਹਨ। ਇਹ ਫੈਸਲਾ ਜੁਡੀਸ਼ਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਨੇ ਸੁਣਾਇਆ।
ਨੇੜਲੇ ਪਿੰਡ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਧਾਰਾ 420, 465, 467, 468, 471 ਅਤੇ 120ਬੀ ਤਹਿਤ ਇਹ ਕੇਸ 19 ਸਤੰਬਰ 2003 ਨੂੰ ਥਾਣਾ ਸਦਰ ਪਟਿਆਲਾ ਵਿਖੇ ਦਰਜ ਹੋਇਆ ਸੀ। ਸ਼ਿਕਾਇਤਕਰਤਾ ਨੇ ਉਨ੍ਹਾਂ ‘ਤੇ ਵਿਦੇਸ਼ ਭੇਜਣ ਦੇ ਨਾਮ ‘ਤੇ 13 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਲਾਏ ਸਨ। ਪਰ ਮਗਰੋਂ ਸਾਹਮਣੇ ਆਏ ਤੀਹ ਹੋਰ ਪੀੜਤਾਂ ਵੱਲੋਂ ਦਿੱਤੀਆਂ ਗਈਆਂ ਅਜਿਹੀਆਂ ਹੀ ਸ਼ਿਕਾਇਤਾਂ ਦੇ ਹਵਾਲੇ ਨਾਲ਼ ਇਨ੍ਹਾਂ ‘ਤੇ ਪੌਣੇ ਦੋ ਕਰੋੜ ਤੋਂ ਵੱਧ ਰਾਸ਼ੀ ਦੀ ਧੋਖਾਧੜੀ ਦੇ ਦੋਸ਼ ਲੱਗੇ। ਪਰ ਸਾਢੇ ਚੌਦਾਂ ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੇ ਦਲੇਰ ਮਹਿੰਦੀ ਨੂੰ ਧਾਰਾ 420 ਅਤੇ 120ਬੀ ਦਾ ਦੋਸ਼ੀ ਮੰਨਦਿਆਂ ਦੋ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਕਾਨੂੰਨ ‘ਚ ਰੱਖੀ ਗਈ ਜ਼ਮਾਨਤ ਦੀ ਵਿਵਸਥਾ ਤਹਿਤ ਦਲੇਰ ਮਹਿੰਦੀ ਵੱਲੋਂ ਆਪਣੇ ਵਕੀਲ ਬਰਜਿੰਦਰ ਸਿੰਘ ਸੋਢੀ ਰਾਹੀਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ‘ਤੇ ਉਸ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। 2003 ‘ਚ ਹੋਈ ਗ੍ਰਿਫਤਾਰੀ ਮੌਕੇ ਵੀ ਪੁਲੀਸ ਰਿਮਾਂਡ ਉਪਰੰਤ ਦਲੇਰ ਮਹਿੰਦੀ ਨੂੰ ਮੌਕੇ ‘ਤੇ ਹੀ ਜ਼ਮਾਨਤ ਮਿਲ ਗਈ ਸੀ।
ਦਲੇਰ ਮਹਿੰਦੀ ਦਾ ਕਹਿਣਾ ਹੈ, ”ਮੁੱਖ ਕੇਸ ਉਸ ਦੇ ਭਰਾ ਦੇ ਖਿਲਾਫ਼ ਸੀ, ਜਿਸ ਦੀ ਮੌਤ ਹੋ ਚੁੱਕੀ ਹੈ।” ਦਲੇਰ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਅਨੁਸਾਰ ਫੈਸਲੇ ਨੂੰ ਉੱਪਰਲੀ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ। ਸਰਕਾਰੀ ਤੌਰ ‘ਤੇ ਕੇਸ ਦੀ ਪੈਰਵੀ  ਐਡਵੋਕੇਟ ਰਮਨ ਮਾਨ ਤੇ ਸ਼ਿਕਾਇਤਕਰਤਾ ਵੱਲੋਂ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਤੇ ਮਹਿੰਦੀ ਭਰਾਵਾਂ ਵੱਲੋਂ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਕੀਤੀ।
ਹੋਰ ਕਦਮਾਂ ਤੋਂ ਇਲਾਵਾ ਪਟਿਆਲਾ ਅਤੇ ਨਾਲ ਲਗਦੇ ਜ਼ਿਲ੍ਹਿਆਂ ‘ਚ ਦਫ਼ਾ 144 ਲਾਗੂ ਕੀਤੀ ਜਾਵੇ। ਹਾਈ ਕੋਰਟ ਨੇ ਉਸ ਸਮੇਂ ਕਿਹਾ ਸੀ ਕਿ ਲੋੜੀਂਦੀ ਇਜਾਜ਼ਤ ਤੋਂ ਬਿਨਾਂ ਇਹ ਕਾਨੂੰਨ ਦੇ ਦਾਇਰੇ ‘ਚ ਨਹੀਂ ਆਉਂਦਾ। ਬੈਂਚ ਨੇ ਡੀਜੀਪੀ ਨੂੰ ਵੀ ਕਿਹਾ ਸੀ ਕਿ ਉਹ ਪਟਿਆਲਾ ‘ਚ ਪੰਚਕੂਲਾ ਵਰਗੇ ਹਾਲਾਤ ਬਣਨਾ ਨਹੀਂ ਦੇਣਾ ਚਾਹੁੰਦੇ। ਵਕੀਲਾਂ ਆਰ ਐਸ ਬੈਂਸ ਅਤੇ ਐਚ ਪੀ ਐਸ ਈਸ਼ਰ ਵੱਲੋਂ ਕਰਜ਼ੇ ਮੁਆਫ਼ ਨਾ ਹੋਣ ਕਰਕੇ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਉਠਾਇਆ ਗਿਆ ਜਿਸ ‘ਤੇ ਬੈਂਚ ਨੇ ਅਗਲੀ ਸੁਣਵਾਈ ਦੌਰਾਨ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਦੀ ਹਾਮੀ ਭਰੀ ਹੈ।