ਸੁਖਬੀਰ ਬਾਦਲ ਨੂੰ ਅਪਣੇ ਨੋਟਾਂ ਦੇ ਟਰੱਕ ਲੋਕਾਂ ‘ਚ ਵੰਡਣ ਲਈ ਤੁਰੰਤ ਚਾਹੀਦੀ ਹੈ ਕੁਰਸੀ

ਸੁਖਬੀਰ ਬਾਦਲ ਨੂੰ ਅਪਣੇ ਨੋਟਾਂ ਦੇ ਟਰੱਕ ਲੋਕਾਂ ‘ਚ ਵੰਡਣ ਲਈ ਤੁਰੰਤ ਚਾਹੀਦੀ ਹੈ ਕੁਰਸੀ
ਰੈਲੀ ਮੌਕੇ ਮੰਚ ‘ਤੇ ਬੈਠੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ।

ਸਮਾਣਾ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਿਆ ਹੈ, ਉੱਥੇ ਖ਼ਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਕੇ ਵਿਕਾਸ ਪੱਖੋਂ ਪਿਛਲੇ ਇੱਕ ਸਾਲ ਤੋਂ ਹੱਥ ਖਿੱਚ ਰਹੀ ਸਰਕਾਰ ਨੂੰ ਉਨ੍ਹਾਂ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ 2 ਮਹੀਨੇ ਲਈ ਸੱਤਾ ਦੀ ਵਾਗਡੋਰ ਉਨ੍ਹਾਂ ਹੱਥ ਦੇਣ ਤੇ ਦੇਖਣ ਕਿ ਉਹ ਕਿਵੇਂ ਹਰੇਕ ਹਲਕੇ ਵਿੱਚ ਨੋਟਾਂ ਦੇ ਟਰੱਕ ਭੇਜਦੇ ਹਨ। ਉਹ ਸਮਾਣਾ ਵਿੱਚ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਕੀਤੀ ‘ਪੋਲ ਖੋਲ੍ਹੋ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰੈਲੀ ਵਿੱਚ ਲੋਕਾਂ ਦੇ ਵਿਸ਼ਾਲ ਇੱਕਠ ਤੋਂ ਬਾਗ਼ੋਬਾਗ਼  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਦੇ ਆਪਣੇ ਜ਼ਿਲ੍ਹੇ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਕੈਪਟਨ ਸਰਕਾਰ ਤੋਂ ਕਿੰਨੀ ਦੁਖੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਗੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦਾ ਲਾਰਾ ਲਾ ਕੇ ਉਨ੍ਹਾਂ ਦੇ ਜਜ਼ਬਾਤ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਕੈਪਟਨ ਤੋਂ  ਸੱਤਾ ਨਹੀਂ ਸੰਭਲਦੀ ਤਾਂ ਉਹ ਦੋ ਮਹੀਨੇ ਲਈ ਸੱਤਾ ਦੀ ਵਾਗਡੋਰ ਉਨ੍ਹਾਂ ਹੱਥ ਦੇਣ, ਉਹ ਪੰਜਾਬ ਦੇ ਹਰੇਕ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਨੋਟਾਂ ਦੇ ਟਰੱਕ ਭੇਜ ਦੇਣਗੇ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਰਗੜੇ ਲਾਏ। ਰੈਲੀ ਨੂੰ ਬੀਬੀ ਜਗੀਰ ਕੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਵਨਿੰਦਰ ਕੌਰ ਲੂੰਬਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਵੀ ਸੰਬੋਧਨ ਕੀਤਾ।

ਸੁਖਬੀਰ ਤੇ ਮਜੀਠੀਆ ਦਾ ਜੁੱਤੀਆਂ ਨਾਲ ਸਵਾਗਤ
ਸਮਾਣਾ ਵਿੱਚ ਪੋਲ ਖੋਲ੍ਹੋ ਰੈਲੀ ਵਿੱਚ ਸ਼ਾਮਲ ਹੋਣ ਆ ਰਹੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿੱਥੇ ਮਾਨ ਦਲ ਦੇ ਕਾਰਕੁਨਾਂ ਨੇ ਇਨ੍ਹਾਂ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ, ਉੱਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਗੱਡੀਆਂ ‘ਤੇ ਅੰਡੇ ਅਤੇ ਜੁੱਤੀਆਂ ਵੀ ਸੁੱਟੀਆਂ ਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਦੋਸ਼ੀ ਆਖਿਆ।