ਲੋਕ ਸਭਾ ਦੇ ਚਾਲੂ ਸੈਸ਼ਨ ‘ਚ ਕਰਜ਼ਾ ਮੁਆਫ਼ੀ ਬਿੱਲ ਨਾ ਲਿਆਉਣ ਵਿਰੁੱਧ ਰੋਸ ਵਜੋਂ ਕਿਸਾਨਾਂ ਨੂੰ ਦੇਸ ਵਿਆਪੀ ਸੰਘਰਸ਼ ਦਾ ਸੱਦਾ

ਲੋਕ ਸਭਾ ਦੇ ਚਾਲੂ ਸੈਸ਼ਨ ‘ਚ ਕਰਜ਼ਾ ਮੁਆਫ਼ੀ ਬਿੱਲ ਨਾ ਲਿਆਉਣ ਵਿਰੁੱਧ ਰੋਸ ਵਜੋਂ ਕਿਸਾਨਾਂ ਨੂੰ ਦੇਸ ਵਿਆਪੀ ਸੰਘਰਸ਼ ਦਾ ਸੱਦਾ

ਕਾਨਫਰੰਸ ਵਿੱਚ ਹਿੱਸਾ ਲੈਣ ਪੁੱਜੇ ਕਿਸਾਨ।

ਜਲੰਧਰ/ਨਿਊਜ਼ ਬਿਊਰੋ:

ਕਿਸਾਨ ਮਜ਼ਦੂਰਾਂ ਦੀਆਂ ਕਰੀਬ 200 ਜਥੇਬੰਦੀਆਂ ਨੇ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕਰਜ਼ਾ ਮੁਆਫੀ ਦਾ ਬਿੱਲ ਨਾ ਲਿਆਉਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕੀਤੇ ਜਾਣ ‘ਤੇ ਦੇਸ਼ ਭਰ ਵਿੱਚ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੋਖਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਮਹਾਰਾਸ਼ਟਰ ਤੋਂ ਲੋਕ ਸਭਾ ਮੈਂਬਰ ਰਾਜੂ ਸ਼ੈਟੀ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਤੇ ਯੂ.ਪੀ. ਦੇ ਸਾਬਕਾ ਵਿਧਾਇਕ ਵੀ.ਐਮ. ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਗਈ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਦੇ ਹੱਥਾਂ ਵਿੱਚ ਖੇਡ ਰਹੀ ਹੈ ਤੇ ਕਿਸਾਨਾਂ ਦੀਆਂ ਸਬਸਿਡੀਆਂ ਖੋਹੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਰਜ਼ਾ ਮੁਆਫੀ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਦਮਗਜ਼ੇ ਮਾਰਨ ਵਾਲੀ ਮੋਦੀ ਸਰਕਾਰ ਵੀ ਖੇਤੀ ਧੰਦੇ ਨੂੰ ਬਚਾਉਣ ਵਾਲੇ ਪਾਸੇ ਕੰਮ ਨਹੀਂ ਕਰ ਰਹੀ। ਸਰਕਾਰਾਂ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੇਵਾ ‘ਚ ਲੱਗੀਆਂ ਹੋਈਆਂ ਹਨ। ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਸਿੱਟਾ ਖੇਤੀ ਦੀਆਂ ਲਾਗਤ ਕੀਮਤਾਂ ਵਧ ਰਹੀਆਂ ਹਨ ਤੇ ਫ਼ਸਲਾਂ ਦਾ ਸਹੀ ਭਾਅ ਕਿਸਾਨਾਂ ਨੂੰ ਮਿਲਦਾ ਨਹੀਂ ਤੇ ਉਪਰੋਂ ਕਈ ਵਾਰ ਕੁਦਰਤੀ ਕਰੋਪੀ ਵੀ ਕਿਸਾਨਾਂ-ਮਜ਼ਦੂਰਾਂ ਨੂੰ ਮਾਰ ਲੈਂਦੀ ਹੈ। ਸਿੱਟੇ ਵਜੋਂ ਕਿਸਾਨ ਕਰਜ਼ੇ ‘ਚ ਵਿੰਨ੍ਹੇ ਹੋਏ ਹਨ।
ਕਾਨਫਰੰਸ ਨੂੰ ਕੇਂਦਰੀ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੇਂਦਰੀ ਕਮੇਟੀ ਦੇ ਸਕੱਤਰ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਨਜੀਤ ਸਿੰਘ ਧਨੇਰ, ਜੈ ਕਿਸਾਨ ਅੰਦੋਲਨ ਦੇ ਤਰਸੇਮ ਜੋਧਾਂ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ ਦੇ ਹਰਜਿੰਦਰ ਸਿੰਘ ਟਾਂਡਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਰਾਜ ਸਿੰਘ ਮੱਲੋਕੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਰੰਧਾਵਾ ਆਦਿ ਨੇ ਸੰਬੋਧਨ ਕੀਤਾ।