ਪੰਜਾਬ ਦੇ ਲੋਕ ਕਾਂਗਰਸ ਨੂੰ ਜਿਤਾ ਕੇ ਕਰ ਰਹੇ ਨੇ ਪਛਤਾਵਾ –ਸੁਖਬੀਰ ਬਾਦਲ

ਪੰਜਾਬ ਦੇ ਲੋਕ ਕਾਂਗਰਸ ਨੂੰ ਜਿਤਾ ਕੇ ਕਰ ਰਹੇ ਨੇ ਪਛਤਾਵਾ –ਸੁਖਬੀਰ ਬਾਦਲ

ਗੁਰੂਹਰਸਹਾਏ ਵਿੱਚ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
ਫ਼ਿਰੋਜ਼ਪੁਰ, ਗੁਰੂ ਹਰ ਸਹਾਏ/ਬਿਊਰੋ ਨਿਊਜ਼:
ਗੁਰੂਹਰਸਹਾਏ ਵਿੱਚ ਪੋਲ ਖੋਲ੍ਹ ਰੈਲੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਆਉਣ ਮਗਰੋਂ ਲੋਕਾਂ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੋ ਰਿਹਾ ਹੈ। ਕਿਉਂਕਿ ਕਾਂਗਰਸ ਨੇ ਇੱਕ ਸਾਲ ਵਿੱਚ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ। ਹੋਰ ਤਾਂ ਹੋਰ ਗੁਟਕਾ ਹੱਥ ਵਿੱਚ ਲੈ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਕਿਸਾਨ ਦਾ ਪੂਰਾ ਕਰਜ਼ਾ ਮੁਆਫ਼ ਨਹੀਂ ਕੀਤਾ। ਇਸ ਤੋਂ ਇਲਾਵਾ ਮੋਟਰਾਂ ‘ਤੇ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਉਨ੍ਹਾਂ ਦੇ ਟਿਊਬਵੈੱਲਾਂ ‘ਤੇ ਬਿੱਲ ਜਾਂ ਹੋਰ ਟੈਕਸ ਲਾਵੇਗੀ ਤਾਂ ਅਕਾਲੀ ਦਲ ਅੱਗੇ ਹੋ ਕੇ ਇਹ ਲੜਾਈ ਲੜੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਾ ਸਰਕਾਰੀ ਨੌਕਰੀਆਂ ਮਿਲੀਆਂ ਤੇ ਨਾ ਫੋਨ। ਗ਼ਰੀਬਾਂ ਦੀਆਂ ਪੈਨਸ਼ਨਾਂ ਤੇ ਰਾਸ਼ਨ ਵੀ ਬੰਦ ਕਰ ਦਿੱਤਾ ਗਿਆ। ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਸੁਵਿਧਾ ਕੇਂਦਰ ਵੀ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਬਾਅਦ ਹੀ ਲੋਕ ਦੁਬਾਰਾ ਵਿਧਾਨ ਸਭਾ ਚੋਣਾਂ ਦੀ ਮੰਗ ਕਰਨ ਲੱਗ ਪਏ ਹਨ।
ਮਨਪ੍ਰੀਤ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਦਾ ਚੋਣ ਮੈਨੀਫ਼ੈਸਟੋ ਤਿਆਰ ਕਰਨ ਵਾਲੇ ਵਿੱਤ ਮੰਤਰੀ ਹੁਣ ਲੋਕਾਂ ਤੋਂ ਮੂੰਹ ਲੁਕਾਉਂਦੇ ਫਿਰਦੇ ਹਨ। ਬਠਿੰਡਾ ਦਾ ਥਰਮਲ ਪਲਾਂਟ ਬੰਦ ਹੋਣ ਕਰਕੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ। ਕਾਂਗਰਸੀਆਂ ਵੱਲੋਂ ਗੁੰਡਾ ਟੈਕਸ ਵਸੂਲਣ ਕਾਰਨ ਥਰਮਲ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਦੇ ਅਫ਼ਸਰਾਂ ਨੇ ਅੱਗੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੇ ਪੰਜਾਬ ਵਿੱਚ ਨਵੇਂ ਪ੍ਰਾਜੈਕਟ ਲਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਦੀ ਪਿੱਠ ਥਾਪੜਿਆਂ ਸ੍ਰੀ ਬਾਦਲ ਨੇ ਆਖਿਆ ਕਿ ਇਸ ਪਰਿਵਾਰ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਸਬੰਧ ਹੈ। ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲੀਸ ਅਫ਼ਸਰਾਂ ਨੂੰ ਤਾੜਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਸੱਤਾ ਬਦਲਣ ‘ਤੇ ਸਭ ਤੋਂ ਪਹਿਲਾਂ ਉਕਤ ਅਫ਼ਸਰਾਂ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਨਗਰ ਕੌਂਸਲ ਗੁਰੂਹਰਸਾਏ ਦੇ ਪ੍ਰਧਾਨ ਰੋਹਿਤ ਵੋਹਰਾ ਮੋਂਟੂ ਤੇ ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਤੇ ਹੋਰ ਆਗੂ ਹਾਜ਼ਰ ਸਨ।