ਮੋਦੀ ਸਰਕਾਰ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ‘ਅਸਿੱਧੇ ਤੌਰ ‘ਤੇ ਕੀਤਾ ਜ਼ਲੀਲ’

ਮੋਦੀ ਸਰਕਾਰ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ‘ਅਸਿੱਧੇ ਤੌਰ ‘ਤੇ ਕੀਤਾ ਜ਼ਲੀਲ’

ਟਰੂਡੋ ਦੇ ਪਰਿਵਾਰਕ ਦੌਰੇ ਨੂੰ ਭਾਰਤ ਸਰਕਾਰ ਨੇ ਨਹੀਂ ਦਿੱਤੀ ਬਹੁਤੀ ਮਹੱਤਤਾ  
ਕੈਨੇਡਾ ‘ਚ ਸਿੱਖਾਂ ਤੇ ਖਾਲਿਸਤਾਨੀਆਂ ਦੀ ਚੜ੍ਹਤ ਕਰਕੇ ਭਾਰਤ ਸਰਕਾਰ ਦਾ ਦੁਖਿਆ ਢਿੱਡ
ਜਲੰਧਰ/ਬਿਊਰੋ ਨਿਊਜ਼:
ਸਿੱਖਾਂ ਨਾਲ ਢਿਡੋਂ ਔਖੀ ਭਾਰਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂਤਵੀ ਸਰਕਾਰ ਵਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਣਦਾ ਮਾਣ ਸਤਿਕਾਰ ਨਾ ਦੇਣ ਅਤੇ ਅਸਿੱਧੇ ਢੰਗ ਨਾਲ ‘ਜ਼ਲੀਲ’ ਕਰਨ ਦਾ ਮਾਮਲਾ ਮੀਡੀਆ ਵਿੱਚ ਉਭਰਣ ਕਾਰਨ ਸਿੱਖ ਪੰਥ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਮੋਦੀ ਸਰਕਾਰ ਕਨੇਡੀਆਈ ਆਗੂ ਨਾਲ ਅਜਿਹੇ ਕਿਸੇ ਵਿਤਕਰੇ ਵਿਤਕਰੇ ਤੋਂ ਮੁਨਕਰ ਹੈ ਪਰ ਨਰਿੰਦਰ ਮੋਦੀ ਵਲੋਂ ਜਸਟਿਨ ਟਰੂਡੋ ਨਾਲ ਉਹ ਹੇਜ਼ ਨਹੀਂ ਜਤਾਇਆ ਜਾ ਰਿਹਾ ਜਿਹੜਾ ਜਿਹਦਾ ਹੋਰਨਾਂ ਵੱਡੇ ਮੁਲਕਾਂ ਨੇ ਭਾਰਤ ਦੌਰਿਆਂ ਮੌਕੇ ਜੱਫ਼ੀਆਂ ਪਾ ਪ੍ਰਗਟਾਵਾ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।
ਪਰ ਅਪਣੀ ਮਾਨਵੀ ਪਹੁੰਚ ਕਾਰਨ ਕਨੇਡਾ ਹੀ ਨਹੀਂ ਬਲਕਿ ਦੁਨੀਆ ਭਰ ‘ਚ ਸਿੱਖਾਂ ਦੇ ਹਰਮਨਪਿਆਰੇ ਤੇ ਸਤਿਕਾਰੇ ਜਸਟਿਨ ਟਰੂਡੋ ਜਿਹੜੇ ਆਪਣੇ ਪਰਿਵਾਰ, ਸਾਥੀ ਕੈਬਨਿਟ ਮੰਤਰੀਆਂ  ਨਵਦੀਪ ਸਿੰਘ  ਬੈਂਸ, ਅਮਰਜੀਤ ਸੋਹੀ, ਜਗਦੀਸ਼ ਚੱਗਰ ਅਤੇ ਕ੍ਰਿਸਟੀ ਡੰਕਨ ਅਤੇ ਉੱਚ ਅਧਿਕਾਰੀਆਂ ਸਮੇਤ ਇਨ੍ਹੀਂ ਦਿਨ੍ਹੀਂ ਭਾਰਤ ਦੇ ਸੱਤ ਰੋਜਾ ਦੌਰੇ ਉੱਤੇ ਹਨ, ਨੇ ਅਜਿਹੇ ਕਿਸੇ ਕੜੇ-ਵਿਤਕਰੇ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜ ਕੇ ਜਿਸ ਕਦਰ ਸਿੱਖ ਭਾਈਚਾਰੇ ਨਾਲ ਭਾਵਕ ਸਾਂਝ ਦਾ ਪ੍ਰਗਟਾਵਾ ਕੀਤਾ ਉਸਨੇ ਸਿੱਖਾਂ ਦੇ ਮਨ ਹੋਰ ਜਿੱਤ ਲਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਜਸਟਿਨ ਟਰੂਡੋ ਦੀ ਹਫ਼ਤਾ ਭਰ ਲੰਮੀ ਭਾਰਤ ਫੇਰੀ ਦੌਰਾਨ ਹੁਣ ਤੱਕ ਇਹੀ ਪ੍ਰਭਾਵ ਗਿਆ ਹੈ ਕਿ ਭਾਰਤ ਸਰਕਾਰ ਇਸ ਫੇਰੀ ਨੂੰ ਲੈ ਕੇ ਉਤਸ਼ਾਹ ਵਿੱਚ ਨਹੀਂ। ਤਾਜ ਮਹਿਲ ਸਣੇ ਹੋਰਨਾਂ ਥਾਵਾਂ ‘ਤੇ ਪਰਿਵਾਰ ਸਣੇ ਖਿੱਚੀਆਂ ਗਈਆਂ ਫੋਟੋਆਂ ਤਾਂ ਸਾਹਮਣੇ ਆਈਆਂ ਪਰ ਟਰੂਡੋ ਦੇ ਪਰਿਵਾਰਕ ਦੌਰੇ ਨੂੰ ਭਾਰਤ ਸਰਕਾਰ ਦੇ ਸੀਨੀਅਰ ਮੈਂਬਰਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਗਿਆ ਹੈ। ਜਦੋਂ ਟਰੂਡੋ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਏਅਰਪੋਰਟ ‘ਤੇ ਭਾਰਤ ਵੱਲੋਂ ਕੈਨੇਡਾ ਵਿਚ ਭਾਰਤ ਦੇ ਅੰਬੈਡਸਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਵੈਲਫੇਅਰ ਰਾਜ ਮੰਤਰੀ ਗਜ਼ਿੰਦਰ ਸਿੰਘ ਸ਼ੇਖਾਵਤ ਹਾਜ਼ਰ ਸਨ ਪਰ ਕੋਈ ਵੱਡਾ ਨੇਤਾ ਮੌਜੂਦ ਨਹੀਂ ਸੀ। ਇਸ ਨੂੰ ਕੈਨੇਡਾ ਮੀਡੀਆ ਤੇ ਕੈਨੇਡਾ ਦੇ ਸਿੱਖ ਹਲਕਿਆਂ ਨੇ ਕੈਨੇਡਾ ਦੀ ‘ਬੇਇੱਜ਼ਤੀ’ ਕਰਾਰ ਦਿੱਤਾ।

ਟਰੂਡੋ ਨਾਲ ਕਿਉਂ ਨਾਰਾਜ਼ ਦਾ ‘ਮੋਦੀਕਿਆਂ ਦਾ ਭਾਰਤ’
ਆਖਿਰ ਭਾਰਤ ਸਰਕਾਰ ਦੀ ਟਰੂਡੋ ਨਾਲ ਕੀ ਨਰਾਜ਼ਗੀ ਹੈ? ਕੈਨੇਡੀਅਨ ਸਰਕਾਰ ਦਾ ਨਜ਼ਰੀਆ ਹੈ ਕਿ ਜਦੋਂ ਤੱਕ ਖ਼ਾਲਿਸਤਾਨ ਦੀ ਮੰਗ ਦਾ ਹਿੰਸਾ ਜਾਂ ਹਿੰਸਕ ਢੰਗ-ਤਰੀਕਿਆਂ ਨਾਲ ਕੋਈ ਸਬੰਧ ਨਹੀਂ, ਉਦੋਂ ਤੱਕ ਇਹ ਮੰਗ ਜਾਇਜ਼ ਹੈ। ਦੂਜੇ ਬੰਨੇ, ਬਹੁਤੀ ਭਾਰਤੀ ਲੀਡਰਸ਼ਿਪ ਤਾਂ ‘ਖ਼ਾਲਿਸਤਾਨ’ ਸ਼ਬਦ ਦੀ ਵਰਤੋਂ ਨੂੰ ਹੀ ਖ਼ਤਰੇ ਦਾ ਸੰਕੇਤ ਮੰਨਦੀ ਹੈ। ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਸਿਖ ਕੌਮ ਦਾ ਸਭਿਆਚਾਰਕ, ਨੈਤਿਕ, ਰਾਜਨੀਤਕ ਤੇ ਆਰਥਿਕ ਪਖੋਂ ਵਿਕਸਤ ਹੋਣਾ, ਜੂਨ 84 ਤੇ ਨਵੰਬਰ 84 ਦੇ ਘੱਲੂਘਾਰਿਆਂ ਬਾਰੇ ਰਾਜਨੀਤਕ ਪੱਧਰ ‘ਤੇ ਕੌਮਾਂਤਰੀ ਆਵਾਜ਼ ਉੱਠਣਾ, ਸਿਖ ਨਸਲਕੁਸ਼ੀ ਦੇ ਵਿਰੋਧ ਵਿਚ ਸਿੱਖ ਲਹਿਰ ਦਾ ਉਸਰਨਾ, ਓਂਟਾਰਿਓ ਸੂਬੇ ਦੀ ਅਸੈਂਬਲੀ ਵਿੱਚ ਨਸਲਕੁਸ਼ੀ ਖ਼ਿਲਾਫ਼ ਮਤਾ ਪਾਸ ਕਰਨਾ ਤੇ ਇਸ ਕਾਰਨ ਵਿਸ਼ਵ ਪੱਧਰ ਤੇ ਭਾਰਤ ਦੇ ਅਕਸ ਨੂੰ ਖੌਰਾ ਲਗਣਾ ਇਸ ਦਾ ਪ੍ਰਮੁੱਖ ਕਾਰਨ ਹੈ। ‘ਖ਼ਾਲਿਸਤਾਨ’ ਦੇ ਕੈਨੇਡਾ ਵਿਚਲੇ ਹਮਾਇਤੀ ਭਾਰਤ ਸਰਕਾਰ ਲਈ ਸਿਰਦਰਦੀ ਬਣੇ ਹੋਏ ਹਨ। ਹੁਣੇ ਜਿਹੇ ਉਨ੍ਹਾਂ ਨੇ ਭਾਰਤੀ ਅਫ਼ਸਰਾਂ ਨੂੰ ਗੁਰਦੁਆਰੇ ਵਿਚ ਬੋਲਣ ਤੇ ਸਨਮਾਨਿਤ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ। ਇਹ ਗੱਲ ਭਾਰਤ ਸਰਕਾਰ ਨੂੰ ਬਹੁਤ ਚੁੱਭ ਰਹੀ ਹੈ ਤੇ ਕੈਨੇਡਾ ਸਿੱਖਾਂ ਲਈ ਇਸ ਸਮੇਂ ਰਾਜਨੀਤੀ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ, ਜਿਸ ਤੋਂ ਸਿੱਖ ਪੰਥ ਪ੍ਰਭਾਵਿਤ ਵੀ ਹੁੰਦਾ ਹੈ ਤੇ ਅਗਵਾਈ ਵੀ ਲੈਂਦਾ ਹੈ। ਇਸ ਸਿੱਖ ਉਭਾਰ ਕਾਰਣ ਮੋਦੀ ਸਰਕਾਰ  ਟਰੂਡੋ ਸਰਕਾਰ ਤੋਂ ਨਰਾਜ਼ ਹੈ ਕਿ ਟਰੂਡੋ ਸਰਕਾਰ ਨੇ ਖਾਲਿਸਤਾਨੀਆਂ ਤੇ ਪਾਬੰਦੀ ਕਿਉਂ ਨਹੀਂ ਲਗਾਈ? ਪਰ ਕੈਨੇਡੀਅਨ ਸਮਾਜ ਵਿੱਚ ਜਿਸ ਕਿਸਮ ਦਾ ਖੁੱਲ੍ਹਾਪਣ ਤੇ ਉਦਾਰਤਾ ਹੈ, ਉਸ ਦੇ ਮੱਦੇਨਜ਼ਰ ਕੋਈ ਵੀ ਰਾਜਨੇਤਾ ਜਾਂ ਸਰਕਾਰ ‘ਖ਼ਾਲਿਸਤਾਨੀਆਂ’ ਜਾਂ ਕਥਿਤ ਭਾਰਤ-ਵਿਰੋਧੀਆਂ ਦੀਆਂ ਸਰਗਰਮੀਆਂ ਉੱਤੇ ਰੋਕ ਨਹੀਂ ਲਾ ਸਕਦੀ। ਉਥੇ ਹਰੇਕ ਮਨੁੱਖ ਅਜ਼ਾਦ ਹੈ, ਮਨੁੱਖੀ ਅਧਿਕਾਰਾਂ ਤੇ ਜਮਹੂਰੀਅਤ ਪਖੋਂ ਵਿਸ਼ਵ ਪੱਧਰ ‘ਤੇ ਸਭ ਤੋਂ ਖੁਸ਼ਹਾਲ ਤੇ ਮੋਹਰੀ ਦੇਸ ਹੈ।

ਸਿੱਖਾਂ ਨਾਲ ਨਸਲੀ ਵਰਤਾਰਾ
ਪਹਿਲਾਂ ਵੀ ਕਨੇਡਾ ਦੇ ਰੱਖਿਆ ਮੰਤਰੀ ਸਿਰਦਾਰ ਹਰਜੀਤ ਸਿੰਘ ਸੱਜਣ ਭਾਰਤ ਆਏ ਸਨ ਅਤੇ ਉਹਨਾਂ ਦਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਆਪਣੇ ਜੱਦੀ ਪਿੰਡ ਆਉਣ ਦਾ ਪ੍ਰੋਗਰਾਮ ਸੀ। ਪਰ ਉਸ ਸਮੇਂ ਵੀ ਭਾਰਤ ਸਰਕਾਰ ਅਤੇ ਕੈਪਟਨ ਸਰਕਾਰ ਨੇ ਉਹਨਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਸੀ। ਆਖਿਰ ਸਿੱਖਾਂ ਨਾਲ ਇਹ ਨਸਲੀ ਵਰਤਾਰਾ ਕਿਉਂ ਹੋ ਰਿਹਾ ਹੈ?
ਕੈਨੇਡਾ ਤੇ ਉਸ ਦੇ ਪ੍ਰਧਾਨ ਮੰਤਰੀ ਨਾਲ ਨਿੱਜੀ ਕਿੜ ਇਸ ਲਈ ਭਾਰਤ ਸਰਕਾਰ ਕੱਢ ਰਹੀ, ਕਿਉਂਕਿ ਉੱਥੇ ਸਿੱਖਾਂ ਨੂੰ ਹਰੇਕ ਪੱਖ ਤੋਂ ਅਜ਼ਾਦੀ ਤੇ ਜਮਹੂਰੀਅਤ ਦਾ ਅਨੰਦ ਮਾਨਣ ਦਾ ਅਧਿਕਾਰ ਹੈ।
ਜਦੋਂ ਵੀ ਕਿਸੇ ਅਜਿਹੇ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕਿਸੇ ਦੇਸ਼ ਜਾਂਦਾ ਹੈ ਤਾਂ ਉਥੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਵਾਗਤ ਕਰਦੇ ਹਨ। ਭਾਰਤ ਵਿਚ ਵੀ ਅਜਿਹੀ ਹੀ ਪ੍ਰਥਾ ਚੱਲੀ ਆਉਂਦੀ ਹੈ। ਹੁਣੇ ਗਣਤੰਤਰ ਦਿਵਸ ਮੌਕੇ ਦੇਖਿਆ ਗਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਸਰੇ ਦੇਸ਼ਾਂ ਤੋਂ ਆਏ ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਦੇ ਸਵਾਗਤ ਵਾਸਤੇ ਲੰਬਾ ਸਮਾਂ ਖੜੇ ਹੀ ਰਹੇ ਅਤੇ ਹਰ ਇੱਕ ਨੂੰ ਆਦਰ ਸਨਮਾਨ ਦੇ ਕੇ ਉਸ ਦੀ ਬੈਠਣ ਵਾਲੀ ਸੀਟ ਵੱਲ ਇਸ਼ਾਰਾ ਕਰਦੇ ਰਹੇ ਹਨ। ਜੇਕਰ ਬਾਕੀ ਦੇਸਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਦਾ ਸੁਆਗਤ ਹੋ ਸਕਦਾ ਹੈ ਤਾਂ ਟਰੂਡੋ ਦਾ ਕਿਉਂ ਨਹੀਂ?
ਸਿੱਖਾਂ ਨੂੰ ਅਜਿਹਾ ਜਾਪਦਾ ਹੈ ਕਿ ਭਾਰਤ ਸਰਕਾਰ ਦਾ ਇਹ ਸਿੱਖਾਂ ਪ੍ਰਤੀ ਨਸਲੀ ਵਰਤਾਰਾ ਹੈ। ਜਸਟਿਨ ਟਰੂਡੋ ਆਗਰਾ ਗਏ ਹਨ। ਚਾਹੀਦਾ ਤਾਂ ਇਹ ਸੀ ਕਿ ਨਰਿੰਦਰ ਮੋਦੀ ਵੀ ਨਾਲ ਜਾਂਦੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦਾ ਭਗਵਾ ਮੁਖ ਮੰਤਰੀ ਯੋਗੀ ਆਦਿਤਿਆ ਨਾਥ ਵੀ ਉੱਥੇ ਨਹੀਂ ਆਇਆ। ਇਸ ਗੱਲ ਨੂੰ ਕਨੇਡਾ ਅਹਿਮ ਸਖਸ਼ੀਅਤਾਂ ਤੇ ਕੌਮਾਂਤਰੀ ਅਖ਼ਬਾਰਾਂ ਨੇ ਵੀ ਇਸ ਗੱਲ ਦੀ ਆਲੋਚਨਾ ਕੀਤੀ ਹੈ।

ਟਰੂਡੋ ਦੀ ਪੰਜਾਬ ਫੇਰੀ ਤੇ ਸਿੱਖ
ਅੰਮ੍ਰਿਤਸਰ ਜਾਣ ਦਾ ਉਨ੍ਹਾਂ ਦਾ ਮਕਸਦ ਹੈ ਕੈਨੇਡਾ, ਖ਼ਾਸ ਕਰਕੇ ਓਂਟਾਰਿਓ, ਦੇ ਸਿੱਖ ਭਾਈਚਾਰੇ ਨੂੰ ਖੁਸ਼ ਰੱਖਣਾ ਹੈ, ਕਿਉਂਕਿ ਕੈਨੇਡਾ ਵਿੱਚ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਸਿੱਖ ਨੇਤਾ ਜਗਮੀਤ ਸਿੰਘ ਨੂੰ ਆਪਣਾ ਕੌਮੀ ਨੇਤਾ ਬਣਾ ਕੇ ਟਰੂਡੋ ਨੂੰ ਚੁਣੌਤੀ ਦਿੱਤੀ ਹੈ। ਟਰੂਡੋ ਨੂੰ ਡਰ ਹੈ ਕਿ ਸਿੱਖ ਵੋਟਾਂ ਜੋ ਕਿ ਆਮ ਤੌਰ ‘ਤੇ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਜਾਂਦੀਆਂ ਹਨ ਉਹ ਇਸ ਵਾਰ ਜਗਮੀਤ ਸਿੰਘ ਦੀ ਐੱਨਡੀਪੀ ਨੂੰ ਨਾ ਪੈ ਜਾਣ। ਇਸ ਦੀ ਪਹਿਲੀ ਪਰਖ ਓਂਟਾਰਿਓ ਦੇ ਸੂਬਾਈ ਚੋਣਾਂ ਹਨ ਜੋ ਕਿ ਜੂਨ ਵਿੱਚ ਹੋ ਰਹੀਆਂ ਹਨ। ਅੰਮ੍ਰਿਤਸਰ ਜਾ ਕੇ ਟਰੂਡੋ ਸ਼ਾਇਦ ਆਪਣੀ ਪਾਰਟੀ ਦੀਆਂ ਸਿੱਖ ਵੋਟਾਂ ਬਚਾ ਸਕਣ।

ਮੋਦੀ ਸਰਕਾਰ ਦਾ ਘਟੀਆ ਵਰਤਾਰਾ
ਪੱਛਮੀ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਪ੍ਰਤੀ ਮੋਦੀ ਸਰਕਾਰ ਦਾ ਵਰਤਾਰਾ ਬਹੁਤ ਨਿੱਘ ਵਾਲਾ ਰਹਿੰਦਾ ਹੈ। ਕੈਨੇਡਾ ਤਾਂ, ਉਂਜ ਵੀ, ਵਿੱਤੀ ਸਾਧਨਾਂ ਪੱਖੋਂ ਧਨਾਢ ਮੁਲਕ ਹੈ। ਉਸ ਕੋਲ ਕੁਦਰਤੀ ਸਰੋਤਾਂ ਦੀ ਭਰਮਾਰ ਹੈ ਅਤੇ ਪੰਜਾਬੀ ਭਾਈਚਾਰੇ ਦਾ ਉਹ ਵੱਡਾ ਗੜ੍ਹ ਵੀ ਹੈ। ਅਜਿਹੀ ਸਥਿਤੀ ਵਿਚ ਮੋਦੀ ਸਰਕਾਰ ਦਾ ਅਜਿਹਾ ਵਿਹਾਰ ਫਾਸ਼ੀਵਾਦ ਵਾਲਾ ਵਰਤਾਰਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਭਾਰਤ ਯਾਤਰਾ ਦੌਰਾਨ ਸੋਮਵਾਰ ਨੂੰ ਗੁਜਰਾਤ ਵਿਚ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਉਥੇ ਮੌਜੂਦ ਨਹੀਂ ਸਨ, ਜਿਸ ਤਰ੍ਹਾਂ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਦੀ ਗੁਜਰਾਤ ਯਾਤਰਾ ਸਮੇਂ ਮੌਜੂਦ ਰਹੇ ਸਨ।
ਕੇਂਦਰ ਸਰਕਾਰ ਦੇ ਸੂਤਰਾਂ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ, ਜਿਹੜੀਆਂ ਜ਼ਿਆਦਾਤਰ ਕੈਨੇਡੀਆਈ ਮੀਡੀਆ ਵਿਚ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਵਿਚ ਟਰੂਡੋ ਦੇ ਨਾਲ ਮੌਜੂਦ ਨਾ ਹੋਣਾ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਹੈ, ਕਿਉਂਕਿ ਭਾਰਤ ਦਰਅਸਲ ਕੈਨੇਡਾ ਵਿਚ ਖਾਲਿਸਤਾਨ ਰਾਜ ਦੀ ਮੰਗ ਦੇ ਸਮਰਥਨ ਨੂੰ ਲੈ ਕੇ ਚਿੰਤਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਈ ਇੰਡੀਆ ਆਏ ਹਰੇਕ ਸਿਆਸੀ ਨੇਤਾ ਨਾਲ ਹਰ ਥਾਂ ਘੁੰਮਣਾ ਜ਼ਰੂਰੀ ਨਹੀਂ ਹੈ ਅਤੇ ਉਹ ਉਥੋਂ ਵੀ ਮੌਜੂਦ ਨਹੀਂ ਸਨ, ਜਦੋਂ ਸ਼ੁੱਕਰਵਾਰ ਨੂੰ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਹੈਦਰਾਬਾਦ ਗਏ ਸਨ। ਆਮ ਤੌਰ ‘ਤੇ ਜਦੋਂ ਵੀ ਕੋਈ ਮੰਨੀ-ਪ੍ਰਮੰਨੀ ਹਸਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਦਾ ਦੌਰਾ ਕਰਦੇ ਹਨ ਤਾਂ ਉਥੋਂ ਪ੍ਰਧਾਨ ਮੰਤਰੀ ਅਕਸਰ ਉਨ੍ਹਾਂ ਦੇ ਨਾਲ ਮੌਜੂਦ ਰਹਿੰਦੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਮਹੀਨੇ ਇਜ਼ਰਾਇਲੀ ਬੇਂਜਾਮਿਨ ਨੇਤੰਯਾਹੂ, ਪਿਛਲੇ ਸਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਅਤੇ ਸਾਲ 2014 ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਨਾਲ ਗੁਜਰਾਤ ਦੌਰੇ ਦੇ ਸਮੇਂ ਮੌਜੂਦ ਰਹੇ ਸਨ।

ਕੈਨੇਡਾ ‘ਚ ਸਿੱਖਾਂ ਦੇ ਹਰਮਨਪਿਆਰੇ ਹਨ ਟਰੂਡੋ
ਕਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਜਿਥੇ ਕਨੇਡਾ ਦੇ ਗੁਰਦਵਾਰਿਆਂ ਵਿਚ ਜਾ ਕੇ ਸਿੱਖ ਵਿਚਾਰਧਾਰਾ ਨੂੰ ਸਮਝਿਆ ਹੈ, ਸਿੱਖ ਇਤਿਹਾਸ ਨੂੰ ਘੋਖਿਆ ਹੈ, ਸਿੱਖਾਂ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਜਾਣਿਆ ਹੈ। ਉਥੇ ਖੁਦ ਜਸਟਿਨ ਟਰੂਡੋ ਨੇ ਆਪਣੇ ਸਿਰ ਉੱਤੇ ਦਸਤਾਰ ਸਜਾਕੇ ਵਿਦੇਸ਼ੀ ਧਰਤੀ ਉੱਤੇ ਪੱਗ ਨੂੰ ਮਾਨਤਾ ਦੇ ਦਿੱਤੀ ਹੈ।  ਉਸ ਨੇ ਸਿਖਾਂ ਦੀ ਹਰ ਪੱਖੋਂ ਅਜਾਦੀ ਨੂੰ ਤਰਜੀਹ ਦਿੱਤੀ ਹੈ ਅੱਜ ਉਥੇ ਸਿੱਖ ਪੱਗ ਬੰਨਕੇ ਸਰਕਾਰੀ ਸੰਸਥਾਵਾਂ ਵਿਚ ਸੇਵਾ ਕਰ ਰਹੇ ਹਨ। ਟਰੂਡੋ ਦੇ ਰਾਜ ਵਿਚ ਉਨਟਾਰੀਓ ਦੀ ਵਿਧਾਨ ਸਭਾ ਵਿਚ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਹੁੰਦਾ ਹੈ। ਕਨੇਡਾ ਕਾਮਗਾਟਾ ਮਾਰੂ ਜਹਾਜ ਦੇ ਸ਼ਹੀਦਾਂ ਨੂੰ ਸਿਜਦਾ ਕਰਦਾ ਹੈ। ਯਾਦਗਾਰਾਂ ਬਣਾ ਰਿਹਾ ਹੈ। ਸਭ ਤੋਂ ਚੁਭਵੀਂ ਗੱਲ ਇਹ ਕਿ ਜਸਟਿਨ ਟਰੂਡੋ ਨੇ ਸਰਕਾਰ ਸੰਭਾਲਦਿਆਂ ਕਿਹਾ ਸੀ ਕਿ ਮੋਦੀ ਸਰਕਾਰ ਨਾਲੋਂ ਵਧੇਰੇ ਸਿੱਖ ਮੰਤਰੀ ਮੇਰੀ ਸਰਕਾਰ ਵਿਚ ਸ਼ਾਮਲ ਹਨ। ਬਸ ਇਹ ਹੀ ਕਾਰਨ ਹੈ ਕਿ ਭਾਰਤੀ ਨਿਜ਼ਾਮ ਟਰੂਡੋ ਨਾਲ ਕਿੜ ਕੱਢ ਰਿਹਾ ਹੈ।

ਕੌਣ ਨੇ ਹਰਜੀਤ ਸਿੰਘ ਸੱਜਣ
ਜੰਡਿਆਲਾ ਗੁਰੂ/ਪਰਗਟ ਸਿੰਘ:
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਦਾ ਹੋਏ 45 ਸਾਲਾ ਹਰਜੀਤ ਸਿੰਘ ਸੱਜਣ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਪੁਲੀਸ ਵਿਚ ਹਵਾਲਦਾਰ ਸਨ। ਸਾਲ 1976 ਵਿਚ ਉਨ੍ਹਾਂ ਦਾ ਪਰਿਵਾਰ ‘ਬ੍ਰਿਟਿਸ਼ ਕੋਲੰਬੀਆ’ ਚਲਾ ਗਿਆ ਸੀ। ਉਸ ਵਕਤ ਹਰਜੀਤ ਸਿੰਘ ਸਿਰਫ਼ ਪੰਜ ਸਾਲ ਦੇ ਸਨ। ਉਹ ਵੈਨਕੂਵਰ ਵਿਚ ਵੱਡਾ ਹੋਇਆ। ਉਸ ਨੇ ਇਕ ਫੈਮਿਲੀ ਡਾਕਟਰ ਕੁਲਜੀਤ ਕੌਰ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਵਿੱਚ ਪੁਲੀਸ ਅਧਿਕਾਰੀ ਸਨ ਤੇ ਹੁਣ ਸਰੀ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਨ। ਹਰਜੀਤ ਸਿੰਘ ਸੱਜਣ ਵੀ ਅੰਮ੍ਰਿਤਧਾਰੀ ਸਿੱਖ ਹੈ। ਸੱਜਣ ਨੇ 11 ਸਾਲ ਦੇ ਲਈ ਵੈਨਕੂਵਰ ਪੁਲਿਸ ਵਿਭਾਗ ਦੇ ‘ਚ ਅਧਿਕਾਰੀ ਦੇ ਤੌਰ ਤੇ ਸੇਵਾ ਕੀਤੀ। ਉਸ ਨੇ ਵਿਭਾਗ ਦੇ ਗਰੋਹ ਅਪਰਾਧ ਯੂਨਿਟ ਦੇ ਨਾਲ ਇੱਕ ਜਾਸੂਸ ਤੌਰ ਉੱਤੇ ਆਪਣੇ ਕੈਰੀਅਰ ਦੀ ਸਮਾਪਤੀ ਕੀਤੀ। ਸੱਜਣ ਸੰਨ 1989 ਵਿਚ ਫ਼ੌਜ ਵਿਚ ਭਰਤੀ ਹੋਇਆ ਅਤੇ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਉਪ-ਕਰਨਲ ਦੇ ਤੌਰ ਤੇ ਸੇਵਾ ਕੀਤੀ। ਫ਼ੌਜ ਦੀ ਸੇਵਾ ਦੌਰਾਨ ਉਹ ਕੰਧਾਰ ਵਿਚ ਰਾਇਲ ਕੈਨੇਡੀਅਨ ਰਜਮੈਂਟ ਦੀ 1 ਬਟਾਲੀਅਨ ਸ਼ਾਮਲ ਹੋ ਗਏ। ਉਸ ਨੇ ਆਪਣੇ ਕੈਰੀਅਰ ਦੇ ਕੋਰਸ ਦੌਰਾਨ ਚਾਰ ਵਾਰ ਵਿਦੇਸ਼ਾਂ ਵਿੱਚ ਤਾਇਨਾਤ ਕੀਤਾ ਗਿਆ ਸੀ: ਇਕ ਵਾਰ ਬੋਸਨੀਆ ਅਤੇ ਹਰਜ਼ੇਗੋਵੀਨਾ ਤੇ ਤਿੰਨ ਵਾਰ ਅਫਗਾਨਿਸਤਾਨ ਵਿੱਚ।
ਉਨ੍ਹਾਂ ਨੂੰ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜਰ ਨੇ ‘ਸਮੁੱਚੇ ਜੰਗੀ ਮੁਹਾਜ ਉੱਤੇ ਕੈਨੇਡੀਅਨ ਖੁਫ਼ੀਆ ਤੰਤਰ ਦਾ ਬਿਹਤਰੀਨ ਸਰੋਤ’ ਕਰਾਰ ਦਿੱਤਾ। ਦੋ ਮੁਹਿੰਮਾਂ ਤੋਂ ਬਾਅਦ ਉਸ ਨੇ ਪੁਲਿਸ ਵਿੱਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਮਰੀਕੀ ਮੇਜਰ ਜਰਨਲ ਜੇਮਸ ਟੈਰੀ ਦੇ ਵਿਸ਼ੇਸ਼ ਸਹਾਇਕ ਵਜੋਂ ਅਫ਼ਗ਼ਾਨਿਸਤਾਨ ਗਿਆ। ਸਿਖਲਾਈ ਦੌਰਾਨ ਉਸ ਨੇ ਬਾਕੀਆਂ ਤੋਂ ਵੱਧ ਰਗੜਾ ਬਰਦਾਸ਼ਤ ਕੀਤਾ, ”ਉਸ ਵੇਲੇ ਕੈਨੇਡੀਅਨ ਫ਼ੌਜ ਵਿੱਚ ਨਸਲੀ ਵਿਤਕਰਾ ਹੁੰਦਾ ਸੀ। ਉਹ ਨਸਲੀ ਵੰਨ-ਸਵੰਨਤਾ ਨੂੰ ਪ੍ਰਵਾਨ ਤੋਂ ਪਹਿਲਾਂ ਤਬਦੀਲੀ ਦਾ ਦੌਰ ਸੀ।” ਇਸ ਰਗੜੇ ਦੇ ਸਤਾਏ ਹਰਜੀਤ ਨੇ ਫ਼ੌਜ ਛੱਡਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਬਾਪੂ ਨਾਲ ਗੱਲ ਤੋਰੀ। ਉਸ ਨੂੰ ਬਾਪੂ ਦੀ ਸਲਾਹ ਹੁਣ ਵੀ ਯਾਦ ਹੈ, ”ਆ ਜਾ ਘਰ ਪਰ ਯਾਦ ਰੱਖੀ ਕਿ ਪੱਗ ਬੰਨ੍ਹਣ ਵਾਲਾ ਹਰ ਜਣਾ ਜਾਂ ਹਰ ਦੂਜਾ ਜੀਅ ਘੱਟ-ਗਿਣਤੀਆਂ ਵਿੱਚ ਸ਼ੁਮਾਰ ਹੈ। ਤੇਰੇ ਮੁੜ ਆਉਣ ਨਾਲ ਸਾਰਿਆਂ ਉੱਤੇ ਨਾਕਾਮਯਾਬੀ ਦਾ ਦਾਗ਼ ਲੱਗ ਜਾਣੈ।”
ਸੱਜਣ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਕਾਰਨ ਸੰਨ 2013 ਵਿੱਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਐਵਾਰਡ ਸਮੇਤ ਅਨੇਕਾਂ ਮੈਡਲ ਅਤੇ ਮਾਣ ਸਨਮਾਨ ਪ੍ਰਾਪਤ ਚੁੱਕਾ ਹੈ। ਉਹ ਤਾਲਿਬਾਨ ਖ਼ਿਲਾਫ਼ ਗੁਪਤ ਸੂਚਨਾ ਇਕੱਠੀ ਕਰਨ ਦਾ ਬਹੁਤ ਮਾਹਿਰ ਸੀ। ਉਸ ਨੂੰ ਨਾਟੋ ਦੇ ਇੰਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇਟੈਲੀਜੈਂਸ ਅਫ਼ਸਰ ਦਾ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਦਾ ਏਡੀਸੀ ਵੀ ਰਹਿ ਚੁੱਕਾ ਹੈ। ਹਰਜੀਤ ਸਿੰਘ ਸੱਜਣ ਕੈਨੇਡਾ ਦੇ 42ਵੇਂ ਰੱਖਿਆ ਮੰਤਰੀ ਹਨ। ਲਿਬਰਲ ਪਾਰਟੀ ਦੀ ਟਿਕਟ ਉੱਤੇ ਦੱਖਣੀ ਵੈਨਕੂਵਰ ਤੋਂ ਜਿੱਤ ਕੇ ਉਹ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਬਣੇ ਹਨ।