ਆਸਟਰੇਲਿਆਈ ਹਾਈ ਕਮਿਸ਼ਨਰ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ

ਆਸਟਰੇਲਿਆਈ ਹਾਈ ਕਮਿਸ਼ਨਰ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਹਰਿੰਦਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ।

ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਆਸਟਰੇਲੀਆ ਵੱਲੋਂ ਪੰਜਾਬ ਨੂੰ ਖੇਡਾਂ,  ਸੈਰ ਸਪਾਟਾ, ਸਨਅਤ ਅਤੇ ਖੇਤੀਬਾੜੀ ਖੇਤਰ ਵਿੱਚ ਮੰਡੀਕਰਨ ਖੇਤਰਾਂ ‘ਚ ਸਹਿਯੋਗ ਲਈ ਹਾਮੀ ਭਰੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਵਫ਼ਦ ਆਸਟਰੇਲੀਆ ਭੇਜਿਆ ਜਾਵੇਗਾ, ਜੋ ਉੱਥੇ ਇਨ੍ਹਾਂ ਖੇਤਰਾਂ ਵਿੱਚ ਲੋੜੀਂਦੀਆਂ ਸੰਭਾਵਨਾਵਾਂ ਵੇਖੇਗਾ।
ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਚਾਰ ਦਿਨਾਂ ਪੰਜਾਬ ਦੌਰੇ ‘ਤੇ ਆਏ ਹੋਏ ਹਨ। ਵੀਰਵਾਰ ਨੂੰ ਉਨ੍ਹਾਂ ਇੱਥੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਸ੍ਰੀ ਸਿੱਧੂ ਨੇ ਕਿਹਾ ਕਿ ਆਸਟਰੇਲੀਆ ਖੇਡ ਤਕਨੀਕ ਅਤੇ ਖੇਤੀ ਉਤਪਾਦਾਂ ਦੀ ਵਿਸ਼ਵ ਪੱਧਰੀ ਮੰਡੀਕਰਨ ਲਈ ਆਪਣੀ ਪਛਾਣ ਬਣਾ ਚੁੱਕਾ ਹੈ। ਆਸਟਰੇਲੀਆ ਦੇ ਸਹਿਯੋਗ ਨਾਲ ਪੰਜਾਬ ਵੀ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਅਤੇ ਸੁਖਬੀਰ ਸਿੰਘ ਗਰੇਵਾਲ ਆਸਟਰੇਲਿਆਈ ਅਧਿਕਾਰੀਆਂ ਨਾਲ ਸੰਪਰਕ ਕਰਨਗੇ। ਆਸਟਰੇਲੀਆ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੁਹਾਲੀ ਤੋਂ ਇਲਾਵਾ ਪਟਿਆਲਾ ਵਿੱਚ ਬਣਨ ਵਾਲੀ ਨਵੀਂ ਖੇਡ ਯੂਨੀਵਰਸਿਟੀ ਨੂੰ ਖੇਡ ਤਕਨੀਕ, ਕੋਚਾਂ ਨੂੰ ਸਿਖਲਾਈ ਅਤੇ ਖਿਡਾਰੀਆਂ ਨੂੰ ਖੇਡ ਹੁਨਰ ਦੇਣ ਵਿੱਚ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ, ਮਿੱਟੀ ਤੇ ਪਾਣੀ ਵਰਗੇ ਕੁਦਰਤੀ ਸਰੋਤਾਂ ਦੀ ਸੰਭਾਲ ਤੇ ਖੇਤੀ ਉਤਪਾਦਾਂ ਲਈ ਵਿਸ਼ਵ ਪੱਧਰ ‘ਤੇ ਮੰਡੀਕਰਨ ਵਿੱਚ ਪੰਜਾਬ ਦਾ ਸਾਥ ਦੇਣ ਲਈ ਆਸਟਰੇਲੀਆ ਨੇ ਹਾਮੀ ਭਰੀ ਹੈ। ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਲੈਣ ਲਈ ਮੁੱਖ ਮੰਤਰੀ ਦੀ ਸਲਾਹ ਨਾਲ ਉੱਚ ਪੱਧਰੀ ਵਫ਼ਦ ਆਸਟਰੇਲੀਆ ਭੇਜਿਆ ਜਾਵੇਗਾ, ਜੋ ਇਨ੍ਹਾਂ ਖੇਤਰਾਂ ਵਿੱਚ ਸੰਭਾਵਨਾਵਾਂ ਦੀ ਤਲਾਸ਼ ਕਰ ਕੇ ਰਾਹ ਪੱਧਰਾ ਕਰੇਗਾ। ਇਸੇ ਤਰ੍ਹਾਂ ਆਸਟਰੇਲੀਆ ਦੇ ਸੈਰ ਸਪਾਟਾ ਵਿਭਾਗ ਵੱਲੋਂ ਪੰਜਾਬ ਦੇ ਸੈਰ ਸਪਾਟਾ ਸਨਅਤ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਵਿੱਚ ਮਦਦ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਵਿਸ਼ੇ ‘ਤੇ ਆਸਟਰੇਲਿਆਈ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਉਨ੍ਹਾਂ ਦੀ ਇਹ ਲਗਾਤਾਰ ਦੂਜੀ ਮੀਟਿੰਗ ਹੋਈ ਹੈ ਅਤੇ ਆਸ ਹੈ ਕਿ ਅੰਮ੍ਰਿਤਸਰ  ਨੂੰ ਆਸਟਰੇਲੀਆ ਦੇ ਸਹਿਯੋਗ ਨਾਲ ਵਿਸ਼ਵ ਪੱਧਰ ‘ਤੇ ਪ੍ਰਚਾਰਨ-ਪ੍ਰਸਾਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਅਸ਼ੀਸ ਸ਼ਰਮਾ ਡਾਇਰੈਕਟਰ ਆਸਟਰੇਲੀਆ ਵਪਾਰ ਅਤੇ ਨਿਵੇਸ਼ ਕਮਿਸ਼ਨ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਆਸਟਰੇਲੀਆ ਦੇ ਕਈ ਅਧਿਕਾਰੀ ਹਾਜ਼ਰ ਸਨ।