ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਦੇ ਹਮਾਇਤੀਆਂ ਵਿਚਾਲੇ ਲੜਾਈ

ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਦੇ ਹਮਾਇਤੀਆਂ ਵਿਚਾਲੇ ਲੜਾਈ
ਲੁਧਿਆਣਾ ‘ਚ ਪਾਰਟੀ ਦਫ਼ਤਰ ਬਾਹਰ ਆਪਣੇ ਹਮਾਇਤੀਆਂ ਨਾਲ ਕਾਂਗਰਸ ਆਗੂ ਕਮਲਜੀਤ ਕੜਵਲ।

ਲੁਧਿਆਣਾ/ਬਿਊਰੋ ਨਿਊਜ਼
ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਨੂੰ ਵਕਾਰ ਦਾ ਸਵਾਲ ਬਣਾ ਕੇ ਚੋਣ ਪ੍ਰਚਾਰ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਹਮਾਇਤੀਆਂ ਵਿਚਾਲੇ ਐਤਵਾਰ ਬਾਅਦ ਦੁਪਹਿਰ ਮਾਡਲ ਟਾਊਨ ਇਲਾਕੇ ਵਿੱਚ ਝੜੱਪ ਹੋ ਗਈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਮਲਜੀਤ ਸਿੰਘ ਕੜਵਲ ਦੇ ਸਾਥੀਆਂ ‘ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਗਾਏ। ਉਧਰ ਪੁਲੀਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਮਾਡਲ ਟਾਊਨ ਇਲਾਕੇ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲੀਸ ਨੇ ਜੇਕਰ ਕਾਂਗਰਸੀ ਆਗੂ ਤੇ ਉਸ ਦੇ ਸਾਥੀਆਂ ਖ਼ਿਲਾਫ਼ ਐਫਆਈਆਰ ਦਰਜ ਨਾ ਕੀਤੀ ਤਾਂ ਉਹ ਪਾਰਟੀ ਵਰਕਰਾਂ ਨਾਲ ਮਿਲ ਕੇ ਧਰਨਾ ਦੇਣਗੇ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਵਾਰਡ ਨੰ. 49 ਅਧੀਨ ਆਉਂਦੇ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ‘ਚ ਪਾਰਟੀ ਉਮੀਦਵਾਰ ਅਨੀਤਾ ਗਰਗ ਦੀ ਹਮਾਇਤ ‘ਚ ਅਸ਼ੋਕ ਸਿੰਗਲਾ ਦੀ ਕੋਠੀ ਨੰਬਰ 245 ਵਿੱਚ ਮੀਟਿੰਗ ਕਰ ਰਹੇ ਸਨ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਦਾ ਲੜਕਾ ਗੁਰਪ੍ਰੀਤ ਗ਼ੋਪੀ ਤੇ ਕਮਲਜੀਤ ਸਿੰਘ ਕੜਵਲ ਉਥੇ ਆਏ ਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ। ਅਸ਼ੋਕ ਸਿੰਗਲਾ ਨੇ ਹਾਲਾਂਕਿ ਕਾਂਗਰਸੀ ਆਗੂ ਕੜਵਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਥਿਆਰਾਂ ਨਾਲ ਲੈਸ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਕੋਠੀ ਅੰਦਰ ਦਾਖ਼ਲ ਹੋ ਗਿਆ ਤੇ ਤੋੜ ਫੋੜ ਸ਼ੁਰੂ ਕਰ ਦਿੱਤੀ। ਬੈਂਸ ਤੇ ਕੜਵਲ ਦੇ ਹਮਾਇਤੀਆਂ ‘ਚ ਝੜੱਪ ਦੀ ਖ਼ਬਰ ਪੂਰੇ ਸ਼ਹਿਰ ‘ਚ ਫੈਲਦਿਆਂ ਹੀ ਕਾਂਗਰਸ ਤੇ ਲੋਕ ਇਨਸਾਫ਼ ਪਾਰਟੀ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਸਮਰਥਕ ਇਕੱਠੇ ਹੋ ਗਏ ਤੇ ਪੂਰਾ ਇਲਾਕਾ ਛਾਉਣੀ ‘ਚ ਤਬਦੀਲ ਹੋ ਗਿਆ।  ਬੈਂਸ ਨੇ ਦਾਅਵਾ ਕੀਤਾ ਕਿ ਹਮਲੇ ‘ਚ ਉਨ੍ਹਾਂ ਦੇ ਵੀ ਹਲਕੀ ਸੱਟ ਲੱਗੀ, ਜਦੋਂ ਕਿ ਉਨ੍ਹਾਂ ਦਾ ਪੀਏ ਧਰਮਿੰਦਰ ਗੰਭੀਰ ਜ਼ਖ਼ਮੀ ਹੋ ਗਿਆ।  ਉਨ੍ਹਾਂ ਤੁਰੰਤ ਡੀਜੀਪੀ ਸੁਰੇਸ਼ ਅਰੋੜਾ ਤੇ ਚੋਣ ਕਮਿਸ਼ਨਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸ੍ਰੀ ਬੈਂਸ ਨੇ ਮਗਰੋਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਚੋਣ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਤੋਂ ਇਲਾਵਾ ਹਾਈ ਕੋਰਟ ‘ਚ ਰਿੱਟ ਦਾਇਰ ਕਰਕੇ ਨਗਰ ਨਿਗਮ ਚੋਣਾਂ ‘ਚ ਚੋਣ ਅਬਜ਼ਰਵਰ ਚੰਡੀਗੜ੍ਹ ਜਾਂ ਹਰਿਆਣਾ ਤੋਂ ਲਾਏ ਜਾਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜੇਕਰ ਹਮਲਾਵਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਪ੍ਰਦਰਸ਼ਨ ਵੀ ਕਰਨਗੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੁਧਿਆਣਾ ਵਿੱਚ ਜੇਕਰ ਕੋਈ ਵਿਧਾਇਕ ਸੁਰੱਖਿਅਤ ਨਹੀਂ ਹੈ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।  ਉਧਰ ਆਤਮ ਨਗਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਦੱਸਿਆ ਕਿ ਮਾਡਲ ਟਾਊਨ ਐਕਸਟੈਨਸ਼ਨ ‘ਚ ਉਪਰੋਕਤ ਸਥਾਨ ‘ਤੇ ਕਾਂਗਰਸ ਪਾਰਟੀ ਦੀ ਉਮੀਦਬਾਰ ਬੀਬੀ ਰਾਜਿੰਦਰ ਕੌਰ ਦੀ ਮੀਟਿੰਗ ਚੱਲ ਰਹੀ ਸੀ। ਇਸੇ ਦੌਰਾਨ ਵਿਧਾਇਕ ਬੈਂਸ ਆਪਣੇ ਹਮਾਇਤੀਆਂ ਸਮੇਤ ਮੌਕੇ ‘ਤੇ ਪੁੱਜਿਆ, ਪਰ ਉਥੇ ਕੋਈ ਲੜਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੈਂਸ ਭਰਾ ਨਿਗਮ ਚੋਣਾਂ ਹਾਰ ਰਹੇ ਹਨ, ਜਿਸ ਕਾਰਨ ਉਹ ਅਜਿਹੇ ਦੋਸ਼ ਲਾ ਰਹੇ ਹਨ।