ਸ਼੍ਰੋਮਣੀ ਗੁਰਦੁਆਰਾ ਕਮੇਟੀ ਕਰੇਗੀ ਟਰੂਡੋ ਦਾ ਸ਼ਾਨਦਾਰ ਸਵਾਗਤ

ਸ਼੍ਰੋਮਣੀ ਗੁਰਦੁਆਰਾ ਕਮੇਟੀ ਕਰੇਗੀ ਟਰੂਡੋ ਦਾ ਸ਼ਾਨਦਾਰ ਸਵਾਗਤ
ਟਰੂਡੋ ਦੀ ਆਮਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਝਲਕ।

ਅੰਮ੍ਰਿਤਸਰ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਆਮਦ ਅਤੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਫੇਰੀ ਦੀ ਸ਼੍ਰੋਮਣੀ ਕਮੇਟੀ ਨੂੰ ਬੇਸਬਰੀ ਨਾਲ ਉਡੀਕ ਹੈ। ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਸੰਸਥਾ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਇਜ਼ਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਹਰਿਮੰਦਰ ਸਾਹਿਬ ਨਤਮਸਤਕ ਹੋਣ ਅਤੇ ਪਾਰਟੀਸ਼ਨ ਮਿਊਜ਼ੀਅਮ ਵੇਖਣ ਲਈ ਜਾਣਗੇ।
ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਉਹ ਲਗਪਗ ਤਿੰਨ ਘੰਟੇ ਸ਼ਹਿਰ ਵਿੱਚ ਠਹਿਰਾਅ ਕਰਨਗੇ। ਉਹ 21 ਫਰਵਰੀ ਨੂੰ ਪਰਿਵਾਰ ਸਮੇਤ ਸਵੇਰੇ ਲਗਪਗ 10.30 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜਣਗੇ। ਲਗਪਗ 11.30 ਵਜੇ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਣਗੇ ਤੇ ਲਗਪਗ ਇੱਕ ਘੰਟਾ ਇੱਥੇ ਰੁਕਣਗੇ। ਇਸ ਦੌਰਾਨ ਮੱਥਾ ਟੇਕਣ ਤੋਂ ਇਲਾਵਾ ਉਹ ਲੰਗਰ ਘਰ ਵਿੱਚ ਸੇਵਾ ਕਰਨ ਲਈ ਵੀ ਜਾਣਗੇ, ਜਿੱਥੇ ਉਹ ਪ੍ਰਸ਼ਾਦਾ ਵੀ ਛਕਣਗੇ। ਇਸ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪੰਥਕ ਰਵਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ੇਸ਼ ਸੁਨਹਿਰੀ ਮਾਡਲ ਅਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਸ੍ਰੀ ਸਾਹਿਬ ਯਾਦਗਾਰ ਵਜੋਂ ਭੇਟ ਕਰੇਗੀ। ਅੱਜ ਸੰਸਥਾ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਆਮਦ ਸਮੇਂ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣੀ ਚਾਹੀਦੀ।
ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਵਾਈ ਅੱਡੇ ‘ਤੇ ਪੁੱਜਣ ਦਾ ਪ੍ਰੋਗਰਾਮ ਹੈ ਪਰ ਅੱਜਕੱਲ੍ਹ ਉਨ੍ਹਾਂ ਦੀ ਤਬੀਅਤ ਖਰਾਬ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਸਵਾਗਤ ਲਈ ਪੁੱਜਣ ਦੀ ਸੰਭਾਵਨਾ ਹੈ।