ਕਨਸਾਸ ਸਿਟੀ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਕਨਸਾਸ ਸਿਟੀ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :

ਇਥੇ ਕਨਸਾਸ ਸਿਟੀ ਦੇ ਇਕ ਹੋਟਲ ਵਿਚ ਕੰਮ ਕਰਦੇ ਭਾਰਤੀ ਲੜਕੇ ਨੂੰ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਹਮਲਾਵਰ ਲੁੱਟ ਦੀ ਨੀਅਤ ਨਾਲ ਹੋਟਲ ਵਿਚ ਆਏ ਸਨ। ਕਨਸਾਸ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਲੜਕੇ ਦੀ ਪਛਾਣ ਮਿਜ਼ੂਰੀ-ਕਨਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਤ ਕੋਪੂ (25ਸਾਲ) ਵਜੋਂ ਹੋਈ ਹੈ ਜਿਸ ਨੂੰ ਜੇਐਸ ਫਿਸ਼ ਅਤੇ ਚਿਕਨ ਮਾਰਕਨ ਨੇੜੇ ਹੋਟਲ ਵਿਚ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ। ਉਹ ਇਥੇ ਵਾਧੂ ਸਮੇਂ ਵਿਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਤਿਲੰਗਾਨਾ ਦਾ ਰਹਿਣ ਵਾਲਾ ਕੋਪੂ ਸਾਫ਼ਟਵੇਅਰ ਇੰਜਨੀਅਰ ਸੀ ਜੋ ਜਨਵਰੀ ਵਿੱਚ ਮਾਸਟਰਜ਼ ਡਿਗਰੀ ਕਰਨ ਲਈ ਯੂਐਸ ਆਇਆ ਸੀ। ਸ਼ਿਕਾਗੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ, ”ਅਸੀਂ ਇਸ ਵਿਦਿਆਰਥੀ ਦੇ ਪਰਿਵਾਰ ਅਤੇ ਪੁਲੀਸ ਨਾਲ ਸੰਪਰਕ ਕੀਤਾ ਹੈ। ਵਿਦਿਆਰਥੀ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।” ਕਨਸਾਸ ਪੁਲੀਸ ਨੇ ਘਟਨਾ ਸਬੰਧੀ ਇਕ ਵੀਡੀਓ ਜਾਰੀ ਕਰਦਿਆਂ ਹਮਲਾਵਰ ਦੀ ਪਛਾਣ ਦੱਸਣ ਵਾਲੇ ਲਈ 10 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ।
ਹੈਦਰਾਬਾਦ ਤੋਂ ਦਮਲੀ ਜਾਣਕਾਰੀ ਮੁਤਾਬਕ ਤਿਲੰਗਾਨਾ ਸਰਕਾਰ ਨੇ ਅਮਰੀਕਾ ਵਿਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਲਈ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਵਿਦਿਆਰਥੀ ਦੀ ਦੇਹ ਭਾਰਤ ਲਿਆਉਣ ਸਮੇਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਏਗੀ। ਕੋਪੂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਭਾਰਤ ਦੀ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤਾਂ ਜੋ ਘਟਨਾ ਲਈ ਜ਼ਿੰਮੇਵਾਰ ਦੋਸ਼ੀ ਨੂੰ ਗ੍ਫ਼ਿਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸੇ ਦੌਰਾਨ ਤਿਲੰਗਾਨਾ ਦੇ ਡਿਪਟੀ ਮੁੱਖ ਮੰਤਰੀ ਕੇ. ਸ੍ਰੀਹਰੀ, ਆਈਟੀ ਮੰਤਰੀ ਕੇਟੀ ਰਾਮਾਰਾਓ ਅਤੇ ਸਾਬਕਾ ਕੇਂਦਰੀ ਮੰਤਰੀ ਬੀ ਦੱਤਾਤਰਿਆ ਪੀੜਤ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ।
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਕਨਸਾਸ ਦੀ ਪੁਲੀਸ ਨਾਲ ਰਾਬਤਾ ਬਣਾਇਆ ਹੈ ਅਤੇ ਜੋ ਕੁਝ ਵੀ ਸੰਭਵ ਹੋਵੇਗਾ, ਇਸ ਪਰਿਵਾਰ ਲਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਰਥ ਦੇ ਪਿਤਾ ਰਾਮ ਮੋਹਨ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਹੈ ਤੇ ਇਸ ਘਟਨਾ ਸਬੰਧੀ ਸ਼ੋਕ ਜਤਾਇਆ ਹੈ।