ਪੰਜਾਬ ਕੈਬਟਿਨ ‘ਚ ਉੱਠਿਆ ‘ਗੁੰਡਾ ਟੈਕਸ’ ਦਾ ਮਸਲਾ ਮੁੱਖ ਮੰਤਰੀ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ

ਪੰਜਾਬ ਕੈਬਟਿਨ ‘ਚ ਉੱਠਿਆ ‘ਗੁੰਡਾ ਟੈਕਸ’ ਦਾ ਮਸਲਾ ਮੁੱਖ ਮੰਤਰੀ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ

ਚੰਡੀਗੜ੍ਹ/ਬਿਊਰੋ ਨਿਊਜ਼:
ਹਾਕਮ ਧਿਰ ਨਾਲ ਸਬੰਧਤ ਜ਼ੋਰਾਵਰ ਹਸਤੀਆਂ ਵਲੋਂ ਬਠਿੰਡਾ ਵਿਚ ‘ਗੁੰਡਾ  ਟੈਕਸ’ ਵਸੂਲੀ ਅਤੇ ਦਰਿਆਵਾਂ ਸਣੇ ਹੋਰ ਥਾਵਾਂ ਤੋਂ ਸ਼ਰੇਆਮ ਰੇਤਾ-ਬਜਰੀ ਦੇ ਨਾਜਾਇਜ਼ ਖਣਨ ਦੀ ਗੂੰਜ ਵੀਰਵਾਰ ਨੂੰ ਪੰਜਾਬ ਵਜ਼ਾਰਤ ਵਿਚ ਸੁਣਾਈ ਦਿਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਨੂੰ ਭਰੋਸਾ ਦਿਤਾ ਕਿ ਉਹ ‘ਗੁੰਡਾ  ਟੈਕਸ’ ਅਤੇ ਨਾਜਾਇਜ਼ ਖਣਨ ਨੂੰ ਜੜ੍ਹੋਂ ਖਤਮ ਦੀ ਜ਼ਿੰਮੇਵਾਰੀ ਖੁਦ ਲੈਂਦੇ ਹਨ ਤੇ ਇਸ ਨੂੰ ਜਲਦੀ ਰੋਕ ਦਿਤਾ ਜਾਵੇਗਾ।
ਵਜ਼ਾਰਤ ਦੀ ਮੀਟਿੰਗ ਵਿਚ ਕੁਝ ਮੰਤਰੀਆਂ ਨੇ ਇਹ ਮਾਮਲੇ ਉਠਾਉਂਦਿਆਂ ਕਿਹਾ ਕਿ ਇਸ ਨਾਲ ਰਾਜ ਸਰਕਾਰ ਦੀ ਭਾਰੀ ਬਦਨਾਮੀ ਹੋ ਰਹੀ ਹੈ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਸਿਆ ਬਠਿੰਡਾ ਵਿਚ ‘ਗੁੰਡਾ  ਟੈਕਸ’ ਵਸੂਲਣ ਦਾ ਮਾਮਲਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਠਾਉਂਦਿਆਂ ਇਸ ਨੂੰ ਹਰ ਹਾਲ ਰੋਕਣ ‘ਤੇ ਜ਼ੋਰ ਦਿੱਤਾ। ਇਸ ‘ਤੇ ‘ਗੁੰਡਾ ਟੈਕਸ’ ਅਤੇ ਰੇਤੇ ਦਾ ਨਾਜਾਇਜ਼ ਖਣਨ ਰੋਕਣ ਲਈ ਮੁੱਖ ਮੰਤਰੀ ਜ਼ਿੰਮੇਵਾਰੀ ਲਈ ਹੈ। ਉਹ ਅਗਲੇ ਦਿਨੀਂ ਇਸ ਬਾਰੇ ਮੀਡੀਆ ਨੂੰ ਵੀ ਜਾਣਕਾਰੀ ਦੇਣਗੇ।
ਬਠਿੰਡਾ ਵਿਚ ‘ਗੁੰਡਾ ਟੈਕਸ’ ਵਸੂਲੀ ਦਾ ਮਾਮਲਾ ਸਭ ਤੋਂ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਨੇ ਉਭਾਰਿਆ ਸੀ। ਰੇਤੇ ਦੇ ਨਾਜਾਇਜ਼ ਖਣਨ ਦਾ ਮਾਮਲਾ ਵੀ ‘ਟ੍ਰਿਬਿਊਨ’ ਗਰੁੱਪ ਨੇ ਹੀ ਉਠਾਇਆ ਸੀ ਕਿ ਕਾਂਗਰਸੀ ਵਿਧਾਇਕ ਸ਼ਰੇਆਮ ਨਾਜਾਇਜ਼ ਖਣਨ ਕਰਵਾ ਰਹੇ ਹਨ। ਇਸ ਪਿਛੋਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਸੀ ਪਰ ਨਾਜਾਇਜ਼ ਖਣਨ ਰੁਕਿਆ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਪਾਰਟੀ ਦੀਆਂ ‘ਪੋਲ ਖੋਲ੍ਹ ਰੈਲੀਆਂ’ ਵਿੱਚ ਇਹ ਦੋਵੇਂ ਮਾਮਲੇ ਜ਼ੋਰ ਸ਼ੋਰ ਨਾਲ ਉਭਾਰਨ ਬਾਰੇ ਪੁੱਛੇ ਜਾਣ ‘ਤੇ ਸ੍ਰੀ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਖੁਦ ‘ਡਾਕੂ’ ਹੈ। ਉਹ ਦੱਸੇ ਕਿ ਉਹ ਕਿੰਨੇ ਪੈਸੇ ਲੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ‘ਤੇ ਬਾਦਲ ਨਾਲ ਕਿਤੇ ਵੀ ਬਹਿਸ ਲਈ ਤਿਆਰ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਲੋਂ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਦੀ ਤੁਲਨਾ ‘ਬੰਟੀ ਤੇ ਬਬਲੀ’ ਨਾਲ ਕੀਤੇ ਜਾਣ ਸਬੰਧੀ ਟਿੱਪਣੀ ਕਰਦਿਆਂ ਸ੍ਰੀ ਸਿੱਧੂ ਨੇ ਸ੍ਰੀ ਮਜੀਠਿਆ ਸੂਬੇ ‘ਤੇ ‘ਕਲੰਕ’ ਕਰਾਰ ਦਿੱਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੁੰਡਾ ਟੈਕਸ’ ਵਸੂਲੀ ਦਾ ਗੰਭੀਰ  ਨੋਟਿਸ ਲੈਂਦਿਆਂ ਡੀਜੀਪੀ ਸੁਰੇਸ਼ ਅਰੋੜਾ ਨੂੰ ‘ਗੁੰਡਾ ਟੈਕਸ’ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਡੀਜੀਪੀ ਨੂੰ ਟੈਕਸ ਉਗਰਾਹੁਣ ਵਾਲਿਆਂ ਦੇ ਸਿਆਸੀ ਪ੍ਰਭਾਵ ਜਾਂ ਅਹੁਦੇ ਦੀ ਪ੍ਰਵਾਹ ਕੀਤੇ ਬਿਨਾਂ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੰਦਿਆਂ ਕਿਹਾ ਕਿ ਇਸ ਮਸਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।