ਬੀਬੀਆਂ ਨੂੰ ਪ੍ਰਚਾਰਕ ਬਣਾਉਣ ਵਾਸਤੇ ਗੰਭੀਰ ਯਤਨ ਕਰਾਂਗੇ-ਭਾਈ ਲੌਂਗੋਵਾਲ

ਬੀਬੀਆਂ ਨੂੰ ਪ੍ਰਚਾਰਕ ਬਣਾਉਣ ਵਾਸਤੇ ਗੰਭੀਰ ਯਤਨ ਕਰਾਂਗੇ-ਭਾਈ ਲੌਂਗੋਵਾਲ

ਗੁਰਮਤਿ ਪ੍ਰਚਾਰ ਲਹਿਰ ਦੀ ਸ਼ੁਰੂਆਤ ਵੇਲੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ।
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੀ ਪ੍ਰਚਾਰਕ ਸ਼੍ਰੇਣੀ ਵਿੱਚ ਬੀਬੀਆਂ ਦੀ ਸ਼ਮੂਲੀਅਤ ਲਈ ਸਿੱਖ ਸੰਸਥਾ ਵੱਲੋਂ ਗੰਭੀਰਤਾ ਨਾਲ ਯਤਨ ਕੀਤੇ ਜਾਣਗੇ। ਉਹ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਗੁਰਮਤਿ ਪ੍ਰਚਾਰ ਲਹਿਰ ਤਹਿਤ ਮਾਝਾ ਖੇਤਰ ਵਾਸਤੇ ਧਰਮ ਪ੍ਰਚਾਰ ਲਹਿਰ ਦੀ ਸ਼ੁਰੂਆਤ ਲਈ ਪੁੱਜੇ ਸਨ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਨਾਲ ਗੁਰਮਤਿ ਲਹਿਰ ਦੀ ਸ਼ੁਰੂਆਤ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਅੱਜ ਸਮਾਜ ਵਿੱਚ ਅੰਧ-ਵਿਸ਼ਵਾਸ, ਕਰਮ ਕਾਂਡ ਤੇ ਵਹਿਮ-ਭਰਮ ਵਧੇਰੇ ਤੇਜ਼ੀ ਨਾਲ ਘਰ ਕਰ ਰਹੇ ਹਨ। ਸਮਾਜਿਕ ਕੁਰੀਤੀਆਂ ਵਿੱਚੋਂ ਮਨੁੱਖਤਾ ਨੂੰ ਬਾਹਰ ਕੱਢਣ ਲਈ ਗੁਰਮਤਿ ਪ੍ਰਚਾਰ ਲਹਿਰ ਦੀ ਵੱਡੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਚਾਰਕ ਸ਼੍ਰੇਣੀ ਵਿੱਚ ਬੀਬੀਆਂ ਦੀ ਸ਼ਮੂਲੀਅਤ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕੀ ਵਡਾਲੀ ਵਿਖੇ ਬਣਾਏ ਗਏ ਗਿਆਨੀ ਸੋਹਨ ਸਿੰਘ ਸ਼ੀਤਲ ਢਾਡੀ ਕਾਲਜ ਨੂੰ ਇਸੇ ਸਾਲ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਨੇ ਵਿਚਾਰ ਪ੍ਰਗਟਾਏ।