ਰਾਹੁਲ ਗਾਂਧੀ ਦੀ ਝੰਡੀ ਮਗਰੋਂ ਕੈਪਟਨ ਨੇ ਰਾਣਾ ਦਾ ਅਸਤੀਫ਼ਾ ਮਨਜ਼ੂਰ ਕੀਤਾ

ਰਾਹੁਲ ਗਾਂਧੀ ਦੀ ਝੰਡੀ ਮਗਰੋਂ ਕੈਪਟਨ ਨੇ ਰਾਣਾ ਦਾ ਅਸਤੀਫ਼ਾ ਮਨਜ਼ੂਰ ਕੀਤਾ

ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।
ਨਵੀਂ ਦਿੱਲੀ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕੈਬਨਿਟ ਵਿਚਲੇ ਆਪਣੇ ਸਾਥੀ ਤੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਮੁੱਖ ਮੰਤਰੀ ਨੇ ਅਸਤੀਫ਼ੇ ਨੂੰ ਹੁਣ ਰਸਮੀ ਕਾਰਵਾਈ ਲਈ ਰਾਜਪਾਲ ਕੋਲ ਭੇਜ ਦਿੱਤਾ ਹੈ। ਪੰਜਾਬ ਕੈਬਨਿਟ ਵਿੱਚ ਅਗਲੇ ਫੇਰਬਦਲ ਤਕ ਮੁੱਖ ਮੰਤਰੀ ਨੇ ਦੋਵੇਂ ਮਹਿਕਮੇ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਂਜ ਮੁੱਖ ਮੰਤਰੀ ਮੁਤਾਬਕ ਵਜ਼ਾਰਤੀ ਫੇਰਬਦਲ ਫਰਵਰੀ ਵਿੱਚ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਮਗਰੋਂ ਹੋਵੇਗਾ।  ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਹੋਈ ਇਸ ਮੁਲਾਕਾਤ ਦੌਰਾਨ ਰਾਣਾ ਗੁਰਜੀਤ ਦੇ ਅਸਤੀਫ਼ੇ ਸਮੇਤ ਪੰਜਾਬ ਨਾਲ ਸਬੰਧਤ ਹੋਰ ਕਈ ਮਾਮਲਿਆਂ ‘ਤੇ ਚਰਚਾ ਹੋਈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨੇ ਕੈਪਟਨ ਨੂੰ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਮੰਤਰੀ (ਰਾਣਾ ਗੁਰਜੀਤ) ਜਾਂ ਤਾਂ ਖੁ?ਦ ਅਸਤੀਫ਼ਾ ਦੇ ਦੇਵੇ ਜਾਂ ਫ਼ਿਰ ਬਾਹਰ ਜਾਣ ਲਈ ਤਿਆਰ ਕਰ ਲਏ। ਰਾਣਾ ਗੁਰਜੀਤ ਦੀ ਰੇਤ ਖੱਡਾਂ ਦੀ ਨਿਲਾਮੀ ਵਿੱਚ ਕਥਿਤ ਸ਼ਮੂਲੀਅਤ ਕਰਕੇ ਪਾਰਟੀ ਨੂੰ ਖਾਸਾ ਸ਼ਰਮਿੰਦਾ ਹੋਣਾ ਪੈ ਰਿਹਾ ਸੀ। ਮੁੱਖ ਮੰਤਰੀ ਵੱਲੋਂ ਸਾਰੇ ਮਾਮਲੇ ਦੀ ਜਾਂਚ ਲਈ ਕਾਇਮ ਨਾਰੰਗ ਕਮਿਸ਼ਨ ਦੀ ਜਾਂਚ ‘ਚ ਕਲੀਨ ਚਿੱਟ ਦੇ ਬਾਵਜੂਦ ਇਸ ਮਾਮਲੇ ਨੇ ਮੰਤਰੀ ਦਾ ਪਿੱਛਾ ਨਹੀਂ ਛੱਡਿਆ। ਈਡੀ ਵੱਲੋਂ ਰਾਣਾ ਗੁਰਜੀਤ ਦੇ ਪੁੱਤਰ ਨੂੰ ਫੇਮਾ ਐਕਟ ਦੀ ਉਲੰਘਣਾ ਤਹਿਤ ਦਿੱਤੇ ਸੱਜਰੇ ਸੰਮਨਾਂ ਨੇ ਮੰਤਰੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਕਾਬਿਲੇਗੌਰ ਹੈ ਕਿ ‘ਦਿ ਟ੍ਰਿਬਿਊਨ’ ਨੇ ਅੱਠ ਮਹੀਨੇ ਪਹਿਲਾਂ ਇਨ੍ਹਾਂ ਕਾਲਮਾਂ ‘ਚ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਕੀਤੀ ਸੀ ਕਿਵੇਂ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਦੇ ਸਾਬਕਾ ਮੁਲਾਜ਼ਮਾਂ ਨੇ ਮਾਮੂਲੀ ਮਾਇਕ ਸਾਧਨ ਹੋਣ ਦੇ ਬਾਵਜੂਦ ਕਰੋੜਾਂ ਰੁਪਏ ‘ਚ ਅਲਾਟ ਹੋਈਆਂ ਰੇਤ ਖੱਡਾਂ ਹਾਸਲ ਕਰ ਲਈਆਂ।  ਇਸ ਤੋਂ ਪਹਿਲਾਂ ਕੈਪਟਨ ਨੇ ਰਾਹੁਲ ਨਾਲ ਲਗਪਗ ਦੋ ਘੰਟੇ ਤਕ ਮੀਟਿੰਗ ਕੀਤੀ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਸਕੱਤਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਵੱੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਜਾਇਜ਼ਾ ਲਿਆ ਗਿਆ। ਸੂਤਰਾਂ ਮੁਤਾਬਕ ਕੈਪਟਨ ਨੇ ਸ੍ਰੀ ਗਾਂਧੀ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਮਹਿਲ ਸਸ਼ਕਤੀਕਰਨ ਸਕੀਮਾਂ, ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤੇ ਨਸ਼ਿਆਂ ਦੀ ਸਪਲਾਈ ਨੂੰ ਡੱਕਣ ਲਈ ਚੁੱਕੇ ਕਦਮਾਂ ਬਾਰੇ ਦੱਸਿਆ। ਕਾਂਗਰਸ ਪ੍ਰਧਾਨ    ਬਣਨ ਮਗਰੋਂ ਰਾਹੁਲ ਦੀ ਪੰਜਾਬ ਦੇ ਪਾਰਟੀ ਆਗੂਆਂ ਨਾਲ ਇਹ ਪਹਿਲੀ ਮੀਟਿੰਗ ਸੀ।
ਕੈਪਟਨ ਸਾਹਿਬ ਤੋਂ ਸੌ ਅਹੁਦੇ ਕੁਰਬਾਨ: ਰਾਣਾ ਗੁਰਜੀਤ
ਕਪੂਰਥਲਾ:ਬਿਜਲੀ ਤੇ ਸਿੰਜਾਈ ਮੰਤਰੀ ਵਜੋਂ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਰਾਣਾ ਗੁਰਜੀਤ ਸਿੰਘ ਨੇ ਅੱੱਜ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਲਈ ਅਜਿਹੇ ਸੌ ਅਹੁਦੇ ਛੱਡਣ ਲਈ ਤਿਆਰ ਹਨ। ਰਾਣਾ ਨੇ ਕਿਹਾ ਕਿ ਉਹ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਲਈ ਕਾਂਗਰਸ ਹਾਈ ਕਮਾਂਡ ਅਤੇ ਮੁੱਖ ਮੰਤਰੀ ਦੇ ਸ਼ੁਕਰਗੁਜ਼ਾਰ ਹਨ। ਰਾਣਾ ਨੇ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਤੇ ਉਨ੍ਹਾਂ ਨੈਤਿਕਤਾ ਦੇ ਅਧਾਰ ‘ਤੇ ਅਸਤੀਫ਼ਾ ਦਿੱਤਾ ਹੈ।

ਰਾਣੇ ਦੀ ਛੁੱਟੀ ਕੀਤੇ ਜਾਣ ਤੋਂ ‘ਆਪ’ ਵਾਲੇ ਬਾਗੋ-ਬਾਗ
ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਵੱਲੋਂ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਗ਼ੋਬਾਗ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸ੍ਰੀ ਰਾਣਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਰੰਤਰ ਆਪਣੇ ਚਹੇਤੇ ਮੰਤਰੀ ਰਾਣਾ ਨੂੰ ਬਚਾਉਂਦੇ ਆ ਰਹੇ ਸਨ, ਪਰ ਅਖ਼ੀਰ ਸੱਚ ਦੀ ਜਿੱਤ ਹੋਈ ਹੈ। ਸ੍ਰੀ ਖਹਿਰਾ ਨੇ ਮੰਗ ਕੀਤੀ ਕਿ ਹੁਣ ਜਸਟਿਸ ਨਾਰੰਗ ਨੂੰ ਇਸ ਮੁੱਦੇ ਉਪਰ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।