ਇਨਸਾਫ਼ ਲਈ ਸੜਕਾਂ ‘ਤੇ ਆਇਆ ਬਾਲੀਵੁੱਡ ਭਾਈਚਾਰਾ

ਇਨਸਾਫ਼ ਲਈ ਸੜਕਾਂ ‘ਤੇ ਆਇਆ ਬਾਲੀਵੁੱਡ ਭਾਈਚਾਰਾ
ਕਠੂਆ ਅਤੇ ਉਨਾਓ ਕਾਂਡ ਦੀਆਂ ਪੀੜਤਾਂ ਲਈ ਇਨਸਾਫ਼ ਦੀ ਮੰਗ ਸਬੰਧੀ ਕੀਤੇ ਗਏ ਰੋਸ ਪ੍ਰਦਰਸ਼ਨ ‘ਚ ਹਿੱਸਾ ਲੈਂਦੀ ਹੋਈ ਆਮਿਰ ਖਾਨ ਦੀ ਪਤਨੀ ਕਿਰਨ ਰਾਓ।

ਮੁੰਬਈ/ਬਿਊਰੋ ਨਿਊਜ਼:
ਕਠੂਆ ਅਤੇ ਉਨਾਓ ਬਲਾਤਕਾਰ ਕੇਸਾਂ ਵਿੱਚ ਕੌਮੀ ਪੱਧਰ ‘ਤੇ ਦੇਸ਼ ਦਾ ਅਪਮਾਨ ਹੋਣ ‘ਤੇ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਰਾਜਕੁਮਾਰ ਰਾਓ, ਟਵਿੰਕਲ ਖੰਨਾ ਅਤੇ ਕਾਲਕੀ ਕੋਇਚਲਿਨ ਸਮੇਤ ਹੋਰ ਬਹੁਤ ਸਾਰੀਆਂ ਬਾਲੀਵੁੱਡ ਹਸਤੀਆਂ ਨੇ ਖੁੱਲ੍ਹ ਕੇ ਸ਼ਮੂਲੀਅਤ ਕੀਤੀ। ਸੈਂਕੜੇ ਲੋਕ ਤਖ਼ਤੀਆਂ ਲੈ ਕੇ ਇਥੇ ਕਾਰਟਰ ਰੋਡ ‘ਤੇ ਇਕੱਠੇ ਹੋਏ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਦੇਸ਼ ਭਰ ਵਿੱਚ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ।
ਸਾਬਕਾ ਅਦਾਕਾਰਾ ਹੈਲਨ ਜੋ ਇਸ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸੀ, ਨੇ ਪੱਤਰਕਾਰਾਂ ਨੂੰ ਕਿਹਾ, ”ਮੈਂ ਬਹੁਤ ਨਮੋਸ਼ੀ ਮਹਿਸੂਸ ਕਰ ਰਹੀ ਹਾਂ, ਮੇਰੇ ਕੋਲ ਤੁਹਾਨੂੰ ਕਹਿਣ ਲਈ ਸ਼ਬਦ ਨਹੀਂ ਹਨ। ਇਹ ਬਹੁਤ ਦਿਲ ਕੰਬਾਊ ਹੈ, ਇਸ ਜੁਰਮ ਦੀ ਕੀ ਸਜ਼ਾ ਹੋਵੇਗੀ ? ਇਸ ਰੋਸ ਪ੍ਰਦਰਸ਼ਨ ਵਿੱਚ ਅਦਾਕਾਰ ਆਦਿਤੀ ਰਾਓ ਹੈਦਰੀ, ਪੱਤਰਲੇਖਾ, ਸਮੀਰਾ ਰੈਡੀ, ਗਾਇਕ ਤੋਨਾ ਮੋਹਾਪਾਤਰਾ, ਅਨੁਸ਼ਕਾ ਮਨਚੰਦਾ ਅਤੇ ਮਿਊਜ਼ਿਕ ਕੰਪੋਜ਼ਰ ਵਿਸ਼ਾਲ ਡਡਲਾਨੀ ਵੀ ਮੌਜੂਦ ਸਨ। ਅਦਾਕਾਰਾ ਪ੍ਰਿਅੰਕਾ ਚੋਪੜਾ, ਜੋ ਇਸ ਵੇਲੇ ਆਇਰਲੈਂਡ ਵਿੱਚ ਸੀ, ਨੇ ਟਵੀਟ ਕਰਕੇ ਲੋਕਾਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਹੋਣ ਲਈ ਪ੍ਰੇਰਿਤ ਕੀਤਾ। ਵਿਸ਼ਾਲ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਆਦਿਤੀ, ਜਿਸ ਨੇ ਹੱਥ ਵਿੱਚ ਤਖ਼ਤੀ ਫੜੀ ਹੋਈ ਸੀ, ਵਿੱਚ ਲਿਖਿਆ ਸੀ ਕਿ ਸਿਆਸਤਦਾਨ, ਪੁਲੀਸ ਅਤੇ ਅਦਾਲਤ ਪੀੜਤਾਂ ਦੀ ਮਦਦ ਕਰੇ ਨਾ ਕਿ ਬਲਾਤਕਾਰੀਆਂ ਦੀ। ਉਸ ਦਾ ਕਹਿਣਾ ਸੀ ਕਿ ਸਾਨੂੰ ਕੁਝ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ।

ਬਲਾਤਕਾਰ ਰੋਕਣ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣ
ਨਵੀਂ ਦਿੱਲੀ: ਬਾਲੀਵੁੱਡ ਐਕਟਰ ਮੰਜਰੀ ਫੜਨੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੀਆਂ ਘਿਨਾਉਣੀਆਂ ਅਪਰਾਧਕ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਲਈ ਕਿਹਾ। ਉਨ੍ਹਾਂ ਆਪਣੇ ਵਿਚਾਰ ਪ੍ਰਧਾਨ ਮੰਤਰੀ ਦੇ ਨਾਂ ਲਿਖੇ ਖੁੱਲ੍ਹੇ ਪੱਤਰ ਵਿੱਚ ਦਰਜ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ ਇਹ ਘਟਨਾਵਾਂ ਰੁਕ ਨਹੀਂ ਸਕਦੀਆਂ।