ਐਸਜੀਪੀਸੀ ਦੇ ਅਧਿਕਾਰੀ ਨੇ ਪਾਠ ਗੋਦ ਲੈਣ ਦੇ ਮਾਮਲੇ ਬਾਰੇ ਕੀਤੀ ਜਾਂਚ

ਐਸਜੀਪੀਸੀ ਦੇ ਅਧਿਕਾਰੀ ਨੇ ਪਾਠ ਗੋਦ ਲੈਣ ਦੇ ਮਾਮਲੇ ਬਾਰੇ ਕੀਤੀ ਜਾਂਚ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼:
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਮੈਨੇਜਰ ਅਤੇ ਹੈੱਡ ਗ੍ਰੰਥੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਿਸੇ ਨਿੱਜੀ ਵਿਅਕਤੀ ਦੇ ਨਾਮ ਰਖਵਾਉਣ ਅਤੇ ਭੋਗ ਵਾਲੇ ਦਿਨ ਪਾਠ ਨੂੰ ਗੋਦ ਲੈਣ ਦਾ ਮੁੱਦਾ ਮੀਡੀਆ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੂੰ ਪੜਤਾਲ ਕਰਨ ਲਈ ਫਤਹਿਗੜ੍ਹ ਸਾਹਿਬ ਵਿਖੇ ਭੇਜਿਆ। ਉਨ੍ਹਾਂ ਨੇ ਇਸ ਮਾਮਲੇ ਨਾਲ ਸਬੰਧਤ ਵਿਅਕਤੀਆਂ ਦੇ ਬਿਆਨ ਕਲਮਬੱਧ ਕਰ ਕੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਪਰ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪ੍ਰੈੱਸ ਵਿੱਚ ਬਿਆਨ ਦੇਣ ਦੀ ਅਥਾਰਟੀ ਨਹੀਂ ਹੈ। ਇਸ ਲਈ ਉਹ ਇਸ ਮਾਮਲੇ ਉੱਪਰ ਕੁੱਝ ਵੀ ਨਹੀਂ ਬੋਲਣਗੇ।
ਉਨ੍ਹਾਂ ਬੱਸ ਇਨ੍ਹਾਂ ਹੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਸੀ, ਉਨ੍ਹਾਂ ਸਾਰਿਆਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਪਰ ਉਨ੍ਹਾਂ ਨੇ ਵਿਅਕਤੀਆਂ ਦੇ ਨਾਮ ਦੱਸਣ ਤੋਂ  ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਿਆਨੀ ਗੁਰਮੁੱਖ ਸਿੰਘ ਇਕੱਤਰਤਾ ਹਾਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨਾਲ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ।
ਬੀਰ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਬੀਰਦਵਿੰਦਰ ਸਿੰਘ ਦੇ ਬਿਆਨ ਵੀ ਕਲਮਬੱਧ ਕੀਤੇ ਹਨ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਐਸਜੀਪੀਸੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਕਦੇ ਵੀ ਸ਼ਹੀਦੀ ਸਭਾ ਦੇ ਤਿੰਨ ਦਿਨਾਂ ਦਰਮਿਆਨ ਐਸਜੀਪੀਸੀ ਤੋਂ ਇਲਾਵਾ ਕਿਸੇ ਬਾਹਰੀ ਵਿਅਕਤੀ ਦੇ ਨਾਮ ਅਖੰਡ ਪਾਠ ਬੁੱਕ ਨਹੀਂ ਕੀਤਾ ਜਾਂਦਾ ਪਰ 25 ਦਸੰਬਰ 2017 ਨੂੰ ਸ਼ੁਰੂ ਹੋਈ ਸ਼ਹੀਦੀ ਸਭਾ ਮੌਕੇ ਦਿੱਲੀ ਦੇ ਵਸਨੀਕ ਦਲਵਿੰਦਰ ਸਿੰਘ ਵੱਲੋਂ ਕੁੱਝ ਮਹੀਨੇ ਪਹਿਲਾਂ ਅਖੰਡ ਪਾਠ ਬੁੱਕ ਕੀਤਾ ਗਿਆ ਸੀ।
ਇਸ ਮੌਕੇ ਮੱਧ ਦੀ ਅਰਦਾਸ ਦਲਵਿੰਦਰ ਸਿੰਘ ਦੇ ਨਾਮ ਦੀ ਕੀਤੀ ਗਈ। ਇਸ ਦਾ ਰੌਲ਼ਾ ਪੈਣ ‘ਤੇ  ਸਮਾਪਤੀ ਦੀ ਅਰਦਾਸ ਐਸਜੀਪੀਸੀ ਅਤੇ ਸਮੂਹ ਸੰਗਤ ਦੀ ਕੀਤੀ ਗਈ। ਇਸ ਸਬੰਧੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਾ ਤਾਂ ਉਸ ਸਿੱਖ ਸ਼ਰਧਾਲੂ ਦਾ ਨਾਮ ਅਰਦਾਸ ਵਿੱਚ ਬੋਲਿਆ ਗਿਆ ਅਤੇ ਨਾ ਹੀ ਉਸ ਨੂੰ ਸਿਰੋਪਾ ਦਿੱਤਾ ਗਿਆ ਪਰ ਉਸ ਕੋਲੋਂ 6100 ਰੁਪਏ ਦੀ ਭੇਟਾ ਵਸੂਲ ਕਰ ਲਈ ਗਈ।ਜੇਕਰ ਗੁਰਦੁਆਰਾ ਪ੍ਰਬੰਧਕਾਂ ਨੇ ਇਸ ਪਾਠ ਨੂੰ ਆਪਣੇ ਨਾਮ ਹੀ ਕਰਨਾ ਸੀ ਤਾਂ ਉਸ ਸਿੱਖ ਦੀ ਭੇਟਾ ਉਸ ਨੂੰ ਵਾਪਸ ਕਰਦੇ।

ਚੰਦੂਮਾਜਰਾ ਨੂੰ ਅਕਾਲ ਤਖਤ ‘ਤੇ ਤਲਬ
ਕੀਤਾ ਜਾਵੇ-ਬੀਰ ਦਵਿੰਦਰ ਸਿੰਘ
ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਸਿਆਸੀ ਕਾਨਫਰੰਸਾਂ ਬੰਦ ਕਰਨ ਦੇ ਦਿੱਤੇ ਹੁਕਮ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗਲਤ ਕਰਾਰ ਦਿੱਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸ੍ਰੀ ਚੰਦੂਮਾਜਰਾ ਨੂੰ ਅਕਾਲ ਤਖਤ ਵਿਖੇ ਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੰਦੂਮਾਜਰਾ ਨੇ ਬਤੌਰ ਸਿੱਖ ਅਕਾਲ ਤਖਤ ਦੇ ਹੁਕਮ ਨੂੰ ਚੁਣੌਤੀ ਦੇ ਕੇ ਗੁਸਤਾਖ਼ੀ ਕੀਤੀ ਹੈ, ਜੋ ਮੁਆਫ਼ੀ-ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਗੁਰਦੁਆਰਾ ਮੈਨੇਜਰ ਜਸਵੀਰ ਸਿੰਘ ਨੇ ਆਪਣੀ ਨਿੱਜੀ ਪਛਾਣ ਬਣਾਉਣ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਗੁਰਦੁਆਰੇ ਦੇ ਸੁੰਦਰੀਕਰਨ ਦੀ ਮੰਗ ਕੀਤੀ ਗਈ ਹੈ, ਜੋ ਕਿ ਨਿੰਦਣਯੋਗ ਹੈ। ਇਸ ਸਬੰਧੀ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਇਸ ਆਗੂ ਨੇ ਅਕਾਲੀ ਦਲ ਛੱਡ ਕੇ ਲੰਬਾ ਸਮਾਂ ਕਾਂਗਰਸ ਦੀ ਸੇਵਾ ਕੀਤੀ ਹੈ। ਇਸ ਸਬੰਧੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਮਰਿਆਦਾ ਭੰਗ ਨਹੀਂ ਕੀਤੀ ਗਈ।