ਪੰਜਾਬ ਨੂੰ ਜਗ-ਮਗ ਕਰਨ ਵਾਲੇ ਬਠਿੰਡਾ ਥਰਮਲ ਨੂੰ ਹਮੇਸ਼ਾ ਲਈ ਹਨੇਰੇ ਦੀ ਗੋਦ ‘ਚ ਸੁਆਇਆ

ਪੰਜਾਬ ਨੂੰ ਜਗ-ਮਗ ਕਰਨ ਵਾਲੇ ਬਠਿੰਡਾ ਥਰਮਲ ਨੂੰ ਹਮੇਸ਼ਾ ਲਈ ਹਨੇਰੇ ਦੀ ਗੋਦ ‘ਚ ਸੁਆਇਆ

ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਦਾ ਥਰਮਲ ਪਲਾਂਟ ਸਵਾ 43 ਵਰ੍ਹਿਆਂ ਮਗਰੋਂ ਸੋਮਵਾਰ ਨੂੰ ਰਸਮੀ ਤੌਰ ‘ਤੇ ਬੰਦ ਹੋ ਗਿਆ ਹੈ। ਥਰਮਲ ਪਲਾਂਟ ਦਾ ਪਹਿਲਾ ਯੂਨਿਟ 22 ਸਤੰਬਰ 1974 ਨੂੰ ਚਾਲੂ ਹੋਇਆ ਸੀ। ਨਵੇਂ ਸਾਲ ਦੇ ਪਹਿਲੇ ਦਿਨ ਭਾਵੇਂ ਥਰਮਲ ਮੁਲਾਜ਼ਮਾਂ ਨੇ ਦੋ ਸ਼ਿਫ਼ਟਾਂ ‘ਚ ਡਿਊਟੀ ਤਾਂ ਨਿਭਾਈ ਪਰ ਇਨ੍ਹਾਂ ਮੁਲਾਜ਼ਮਾਂ ਨੂੰ ਆਉਂਦੇ ਦਿਨਾਂ ਅੰਦਰ ਨੇੜਲੀਆਂ ਥਾਵਾਂ ‘ਤੇ ਬਦਲਿਆ ਜਾਣਾ ਹੈ। ਇਸੇ ਦੌਰਾਨ ਠੇਕਾ ਮੁਲਾਜ਼ਮਾਂ ਨੇ ਮਿਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਲਾ ਦਿੱਤਾ ਹੈ।
ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਵੀਕੇ ਗਰਗ ਨੇ ਕਿਹਾ ਕਿ ਸਰਕਾਰੀ ਫ਼ੈਸਲੇ ਅਨੁਸਾਰ ਥਰਮਲ ਬੰਦ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਥਰਮਲ ‘ਨੋ ਡਿਮਾਂਡ’ ਕਾਰਨ ਬੰਦ ਸੀ ਅਤੇ ਹੁਣ ਇਸ ਦੇ ਮੁੜ ਚੱਲਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਫਿਲਹਾਲ ਥਰਮਲ ‘ਚ ਹੀ ਤਾਇਨਾਤ ਰਹਿਣਗੇ ਜਿਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਨੇੜਲੀਆਂ ਥਾਵਾਂ ‘ਤੇ ਤਬਦੀਲ ਕਰਨ ਦਾ ਪੱਤਰ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਥਰਮਲ ਲਈ ਰੈਗੂਲਰ ਖਰੀਦਿਆ ਜਾਣ ਵਾਲਾ ਸਾਜ਼ੋ-ਸਾਮਾਨ ਬੰਦ ਕਰ ਦਿੱਤਾ ਗਿਆ ਹੈ ਅਤੇ ਰੇਲਵੇ ਦੇ ਜੋ ਬਕਾਏ ਹਨ, ਉਨ੍ਹਾਂ ਦਾ ਕੇਸ ਟ੍ਰਿਬਿਊਨਲ ‘ਚ ਚਲਾ ਗਿਆ ਹੈ।
ਦੂਜੇ ਪਾਸੇ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਥਰਮਲ ਮੁਲਾਜ਼ਮਾਂ, ਔਰਤਾਂ, ਕਿਸਾਨਾਂ ਤੇ ਮਜ਼ਦੂਰਾਂ ਨੇ ਸਥਾਨਕ ਮਿੰਨੀ ਸਕੱਤਰੇਤ ਅੱਗੇ ‘ਥਰਮਲ ਬਚਾਓ ਮੋਰਚਾ’ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਨੇੜਲੇ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਐਂਪਲਾਈਜ਼ ਤਾਲਮੇਲ ਕਮੇਟੀ ਅਤੇ ਠੇਕਾ ਮੁਲਾਜ਼ਮਾਂ ਦੀ ਕਮੇਟੀ ਦੀ ਅਗਵਾਈ ਵਿੱਚ ਅੱਜ ਥਰਮਲ ਗੇਟ ਤੋਂ ਮੁਲਾਜ਼ਮਾਂ ਦਾ ਪੈਦਲ ਮਾਰਚ ਸ਼ੁਰੂ ਹੋਇਆ ਸੀ। ਇਸੇ ਦੌਰਾਨ ਰੈਗੂਲਰ ਮੁਲਾਜ਼ਮਾਂ ਨੇ ਸ਼ਹਿਰ ‘ਚ ਵੱਖ ਵੱਖ ਵਪਾਰੀ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਆਉਂਦੇ ਦਿਨਾਂ ‘ਚ ਰੋਸ ਵਜੋਂ ਬਾਜ਼ਾਰ ਬੰਦ ਕੀਤੇ ਜਾ ਸਕਣ।
ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਰਜਿੰਦਰ ਸਿੰਘ ਢਿੱਲੋਂ ਅਤੇ ਵਿਜੇ ਕੁਮਾਰ ਨੇ ਆਖਿਆ ਮਨਪ੍ਰੀਤ ਬਾਦਲ ਹੁਣ ਥਰਮਲ ਨੂੰ ਬੰਦ ਕਰਨ ਦੀ ਹਮਾਇਤ ਕਰ ਰਹੇ ਹਨ ਅਤੇ ਮੁਲਾਜ਼ਮਾਂ ਨੇ ਮਨਪ੍ਰੀਤ ‘ਤੇ ਭਰੋਸਾ ਕਰਕੇ ਵੱਡਾ ਧੋਖਾ ਖਾ ਲਿਆ ਹੈ। ਤਾਲਮੇਲ ਕਮੇਟੀ ਦੇ ਕਨਵੀਨਰ ਪ੍ਰਕਾਸ਼ ਸਿੰਘ ਅਤੇ ਅਸ਼ਵਨੀ ਕੁਮਾਰ ਨੇ ਆਖਿਆ ਕਿ ਸਰਕਾਰ ਨੇ ਥਰਮਲ ਬੰਦ ਕਰਕੇ ਮੁਲਾਜ਼ਮਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।
ਪੱਕੇ ਮੋਰਚੇ ‘ਚ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਤਾਲਮੇਲ ਕਮੇਟੀ ਦੇ ਗੁਰਸੇਵਕ ਸਿੰਘ ਸੰਧੂ, ਪਾਵਰਕੌਮ ਟਰਾਂਸਕੋ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਲਹਿਰਾ ਥਰਮਲ ਕੰਟਰੈਕਟ ਵਰਕਰਜ਼ ਆਗੂ ਬਲਜਿੰਦਰ ਸਿੰਘ ਮਾਨ ਅਤੇ ਮੁਲਾਜ਼ਮ ਆਗੂ ਹੰਸ ਰਾਜ ਹਾਜ਼ਰ ਸਨ। ਇਸ ਮੌਕੇ ਕਮੇਟੀ ਮੈਂਬਰ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪਨੂੰ ਅਤੇ ਜਗਸੀਰ ਸਿੰਘ ਭੰਗੂ ਤੋਂ ਇਲਾਵਾ ਵਿਦਿਆਰਥੀ ਆਗੂਆਂ ਨੇ ਵੀ ਸੰਬੋਧਨ ਕੀਤਾ। ਪੁਲੀਸ ਵੱਲੋਂ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।