ਅਕਾਲੀਆਂ ਵਿਰੁਧ ਕੇਸ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਸੁਖਬੀਰ ਬਾਦਲ ਦਾ ਲਲਕਾਰਾ

ਅਕਾਲੀਆਂ ਵਿਰੁਧ ਕੇਸ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਸੁਖਬੀਰ ਬਾਦਲ ਦਾ ਲਲਕਾਰਾ

ਮੁਕਤਸਰ ਵਿੱਚ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼:
ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਲੀਸ ਵੱਲੋਂ ਗਿੱਦੜਬਾਹਾ ਦੇ ਹਲਕਾ ਇੰਚਾਰਜ ਡਿੰਪੀ ਢਿੱਲੋਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰੀ ਲਈ ਛਾਪਾ ਮਾਰਨ ‘ਤੇ ਨਾਰਾਜ਼ਗੀ ਜਤਾਉਂਦਿਆਂ ਦਬਕਾ ਮਾਰਿਆ ਹੈ ਕਿ ਅਕਾਲੀ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਅਫ਼ਸਰਾਂ ਨਾਲ ਅਕਾਲੀ ਸਰਕਾਰ ਆਉਣ ‘ਤੇ ਹਿਸਾਬ ਕੀਤਾ ਜਾਵੇਗਾ। ਉਹ ਮੇਲਾ ਮਾਘੀ ਕਾਨਫ਼ਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਇੱਥੇ ਭਾਈ ਮਹਾਂ ਸਿੰਘ ਹਾਲ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ, ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਅਕਾਲੀ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ ਨੂੰ ਸਰਕਾਰ ਆਉਣ ‘ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਘਰਾਂ ਨੂੰ ਤੋਰ ਦਿੱਤਾ ਜਾਵੇਗਾ। ਇਸ ਕੰਮ ਲਈ ਅਕਾਲੀ ਦਲ ਹੁਣ ਤੋਂ ਹੀ ਹਰ ਪਿੰਡ ਵਿੱਚੋਂ ਦਸ ਵਰਕਰ ਲੈ ਕੇ ਟੀਮਾਂ ਤਿਆਰ ਕਰ ਰਿਹਾ ਹੈ, ਜੋ ਪਾਰਟੀ ਵਰਕਰਾਂ ਨਾਲ ਧੱਕੇਸ਼ਾਹੀਆਂ ਖ਼ਿਲਾਫ਼ ਕੰਮ ਕਰੇਗੀ। ਹਰ ਪਿੰਡ ਵਿੱਚੋਂ 10 ਅਕਾਲੀ ਵਰਕਰਾਂ ਨੂੰ ਗੁਰਦੁਆਰੇ ਲਿਜਾ ਕੇ ਸਹੁੰ ਖੁਆਈ ਜਾਵੇਗੀ ਕਿ ਉਹ ਪਾਰਟੀ ਦਾ ਸਾਥ ਨਾ ਛੱਡਣ।
ਸ੍ਰੀ ਬਾਦਲ ਨੇ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਠੱਗੀ ਮਾਰ ਕੇ ਸਰਕਾਰ ਬਣਾ ਲਈ ਹੈ। ਦੂਜੇ ਪਾਸੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਜਿਹੇ ਮੁੱਖ ਮੰਤਰੀ ਸਨ, ਜੋ ਹਰ ਸਮੇਂ ਲੋਕਾਂ ਵਿੱਚ ਵਿਚਰਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਾਸਤਕ ਹੈ, ਇਸੇ ਲਈ ਧਾਰਮਿਕ ਛੁੱਟੀਆਂ ‘ਤੇ ਕਾਟਾ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਇਹ ਛੁੱਟੀਆਂ ਖ਼ਤਮ ਕਰ ਦਿੱਤੀਆਂ ਹਨ। ਇਸ ਮੌਕੇ ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਐਸਓਆਈ ਦੇ ਪ੍ਰਧਾਨ ਰੌਬਿਨ ਭਾਗਸਰ, ਵੀਰਪਾਲ ਕੌਰ ਤਰਮਾਲਾ ਤੇ ਅਵਤਾਰ ਸਿੰਘ ਵਣਵਾਲਾ ਆਦਿ ਨੇ ਵੀ ਸੰਬੋਧਨ ਕੀਤਾ।