ਕਾਂਗਰਸ ਨੇ ਕਰਨਾਟਕ ਦਾ ਮੁੱਖ ਮੰਤਰੀ ਰੁਆਇਆ

ਕਾਂਗਰਸ ਨੇ ਕਰਨਾਟਕ ਦਾ ਮੁੱਖ ਮੰਤਰੀ ਰੁਆਇਆ

ਕੁਮਾਰਸਵਾਮੀ ਮੀਟਿੰਗ ਦੌਰਾਨ ਹੰਝੂ ਵਹਾਉਂਦੇ ਹੋਏ।
ਬੰਗਲੌਰ/ਬਿਊਰੋ ਨਿਊਜ਼ :
ਕਰਨਾਟਕ ਦੀ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਵਿਚਾਲੇ ਦਰਾੜ ਦੇ ਸੰਕੇਤ ਦਿੰਦਿਆਂ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਉੱਚ ਅਹੁਦੇ ‘ਤੇ ‘ਖੁਸ਼ ਨਹੀਂ’ ਹਨ ਅਤੇ ‘ਭਗਵਾਨ ਸ਼ਿਵ’ ਵਾਂਗ ਜ਼ਹਿਰ ਪੀ ਰਹੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਨੇ 12 ਮਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਇਕ ਦੂਜੇ ਦੇ ਕੱਟੜ ਵਿਰੋਧੀ ਵਜੋਂ ਲੜੀਆਂ ਸਨ ਪਰ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਸਰਕਾਰ ਬਣਾਉਣ ਲਈ ਇਕ ਦੂਜੇ ਨਾਲ ਹੱਥ ਮਿਲਾ ਲਿਆ ਸੀ।
ਪਾਰਟੀ ਵੱਲੋਂ ਸ੍ਰੀ ਕੁਮਾਰਸਵਾਮੀ ਦੇ ਸਨਮਾਨ ਵਿਚ ਰੱਖੇ ਸਮਾਗਮ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ, ”ਤੁਸੀਂ ਸਾਰੇ ਖੁਸ਼ ਹੋਵੋਗੇ ਕਿ ਤੁਹਾਡਾ ਵੱਡਾ ਜਾਂ ਛੋਟਾ ਭਰਾ ਮੁੱਖ ਮੰਤਰੀ ਬਣ ਗਿਆ ਹੈ, ਪਰ ਮੈਂ ਇਸ ਤੋਂ ਖੁਸ਼ ਨਹੀਂ ਹਾਂ।” ਉਨ੍ਹਾਂ ਕਿਹਾ ਕਿ ਉਹ ਵਿਸ਼ਕੰਠ (ਭਗਵਾਨ ਸ਼ਿਵ ਜਿਨ੍ਹਾਂ ਨੇ ਸੰਸਾਰ ਨੂੰ ਬਚਾਉਣ ਲਈ ਜ਼ਹਿਰ ਨਿਗਲਿਆ) ਵਾਂਗ ਦਰਦ ਨਿਗਲ ਰਹੇ ਹਨ। ਮੁੱਖ ਮੰਤਰੀ ਨੂੰ ਅੱਖਾਂ ਪੂੰਝਦਿਆਂ ਦੇਖਣ ਤੋਂ ਬਾਅਦ ਭੀੜ ਨੇ ਇਕ ਸੁਰ ‘ਚ ‘ਹਮ ਤੁਮਹਾਰੇ ਸਾਥ ਹੈਂ’ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਵਿਚ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਉਹ ਲੋਕਾਂ ਦੀ ਸਰਕਾਰ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦੇਣ ਜੋ ਕਿਸਾਨਾਂ, ਗਰੀਬਾਂ ਅਤੇ ਲੋੜਵੰਦ ਦੀਆਂ ਸਮੱਸਿਆਵਾਂ ਨੂੰ ਸੁਲਝਾ ਦੇਵੇਗਾ ਪਰ ਉਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਨਹੀਂ ਜਤਾਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਦੌਰੇ ਦੌਰਾਨ ਲੋਕਾਂ ਨੇ ਉਨ੍ਹਾਂ ‘ਤੇ ਵਾਧੂ ਪਿਆਰ ਦਿਖਾਇਆ ਪਰ ਵੋਟਾਂ ਪਾਉਣ ਵੇਲੇ ਉਹ ਪਾਰਟੀ ਤੇ ਉਮੀਦਵਾਰਾਂ ਨੂੰ ਭੁੱਲ ਗਏ। ਦੂਜੇ ਪਾਸੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਜੀ ਪਰਮੇਸ਼ਵਰਾ ਨੇ ਕੁਮਾਰਸਵਾਮੀ ਦੇ ਬਿਆਨ ‘ਤੇ ਕਿਹਾ, ”ਉਹ ਇਹ ਕਿਵੇਂ ਕਹਿ ਸਕਦੇ ਹਨ ਕਿ ਉਹ ਖੁਸ਼ ਨਹੀਂ ਹਨ। ਉਹ ਅਵੱਸ਼ ਖੁਸ਼ ਹਨ। ਮੁੱਖ ਮੰਤਰੀ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਜੇ ਉਹ ਖੁਸ਼ ਹਨ ਤਾਂ ਅਸੀਂ ਸਾਰੇ ਖੁਸ਼ ਹਾਂ।”