ਭਾਜਪਾ ਦੀ ਅੜੀ ਬਰਬਾਦ ਕਰ ਰਹੀ ਹੈ ਸੰਸਦ ਦਾ ਸਮਾਂ: ਜਾਖੜ

ਭਾਜਪਾ ਦੀ ਅੜੀ ਬਰਬਾਦ ਕਰ ਰਹੀ ਹੈ ਸੰਸਦ ਦਾ ਸਮਾਂ: ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਸੰਸਦ ਦੇ ਸੈਸ਼ਨ ਦਾ ਅੱਧਾ ਸਮਾਂ ਬਰਬਾਦ ਹੋ ਚੁੱਕਾ ਹੈ।
ਇੱਥੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜਾਣਬੁੱਝ ਕੇ ਕੇਂਦਰ ਸਰਕਾਰ ਨੇ ਸਰਦ ਰੁੱਤ ਇਜਲਾਸ ਦੇਰੀ ਨਾਲ ਬੁਲਾਇਆ ਤਾਂ ਜੋ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਸਕੇ ਅਤੇ ਹੁਣ ਜਦੋਂ ਸੈਸ਼ਨ ਬੁਲਾਇਆ ਗਿਆ ਹੈ ਤਾਂ ਸਰਕਾਰ ਵੱਲੋਂ ਗਤੀਰੋਧ ਦੂਰ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਲਈ ਕੋਈ ਸਬੂਤ ਹੀ ਨਹੀਂ ਹਨ ਤਾਂ ਉਨ੍ਹਾਂ ਨੂੰ ਨੈਤਿਕ ਆਧਾਰ ‘ਤੇ ਸੰਸਦ ਵਿੱਚ ਆ ਕੇ ਭੁੱਲ ਮੰਨ ਲੈਣੀ ਚਾਹੀਦੀ ਹੈ ਤਾਂ ਜੋ ਸੰਸਦ ਦੀ ਕਾਰਵਾਈ ਚਲਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸਬਜ਼ਬਾਗ਼ ਵਿਖਾਇਆ ਸੀ, ਪਰ ਭਾਜਪਾ ਦੇ ਹੁਣ ਤੱਕ ਦੇ ਸ਼ਾਸਨ ਦੌਰਾਨ ਕਿਸਾਨਾਂ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਦਨ ਚਲਾਵੇ ਤਾਂ ਹੀ ਅਜਿਹੇ ਮਸਲੇ ਵਿਚਾਰੇ ਜਾ ਸਕਦੇ ਹਨ, ਪਰ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਦੀਆਂ ਮੁਸ਼ਕਲਾਂ ਬਾਰੇ ਚਰਚਾ ਹੋ ਕੇ ਉਨ੍ਹਾਂ ਦਾ ਕੋਈ ਹੱਲ ਨਿਕਲੇ ਕਿਉਂਕਿ ਜੇਕਰ ਇਨ੍ਹਾਂ ਮੁੱਦਿਆਂ ‘ਤੇ ਚਰਚਾ ਹੋਈ ਤਾਂ ਸਰਕਾਰ ਤੋਂ ਉਸ ਦੀ ਪ੍ਰਾਪਤੀ ਪੁੱਛੀ ਜਾਵੇਗੀ ਅਤੇ ਸਰਕਾਰ ਜਾਣਦੀ ਹੈ ਕਿ ਉਸ ਕੋਲ ਦੱਸਣ ਲਈ ਕੁਝ ਵੀ ਨਹੀਂ ਹੈ।
ਸ੍ਰੀ ਜਾਖੜ ਨੇ ‘ਕੈਗ’ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁੱਧਤਾ ਸਬੰਧੀ ਨਿਯਮਾਂ ਦੀ ਘਾਟ ਹੈ ਅਤੇ ਕੇਂਦਰ ਸਰਕਾਰ ਇਸ ਸਬੰਧੀ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ‘ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006’ ਅਨੁਸਾਰ ਸਿਹਤ ਮੰਤਰਾਲੇ ਅਧੀਨ ਆਉਂਦੀ ਐਫ.ਐਸ.ਐਸ.ਏ. ਆਈ. ਨੇ ਖਾਣ ਵਾਲੇ ਪਦਾਰਥਾਂ ਦੀ ਸ਼ੁੱਧਤਾ ਸਬੰਧੀ ਪੂਰੇ ਨਿਯਮ ਨਹੀਂ ਬਣਾਏ ਹਨ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਦੋਸ਼ਪੂਰਨ ਹੈ ਕਿਉਂਕਿ ‘ਕੈਗ’ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਲਗਭਗ ਅੱਧੇ ਲਾਇਸੈਂਸ ਅਧੂਰੇ ਦਸਤਾਵੇਜ਼ਾਂ ‘ਤੇ ਹੀ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੀ ਬੋਲਬਾਣੀ ਲਈ ਤੁਰੰਤ ਮੁਆਫ਼ੀ ਮੰਗਣ ਤਾਂ ਜੋ ਸੰਸਦ ਦੀ ਕਾਰਵਾਈ ਸ਼ੁਰੂ ਹੋ ਸਕੇ।