ਬੈਂਕਾਂ ਦੇ ਪੈਸੇ ਨਾ ਮੋੜਣ ਵਾਲੇ ਸਰਦੇ ਪੁੱਜਦੇ ਕਿਸਾਨ ਕਰਜ਼ਈਆਂ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ

ਬੈਂਕਾਂ ਦੇ ਪੈਸੇ ਨਾ ਮੋੜਣ ਵਾਲੇ ਸਰਦੇ ਪੁੱਜਦੇ ਕਿਸਾਨ ਕਰਜ਼ਈਆਂ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ

ਬਠਿੰਡਾ/ਬਿਊਰੋ ਨਿਊਜ਼ :
ਖੇਤੀ ਵਿਕਾਸ ਬੈਂਕਾਂ ਨੇ ਅਮੀਰ ਕਰਜ਼ਈਆਂ ਡਿਫਾਲਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ, ਜਿਸ ਲਈ ਸਰਕਾਰੀ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ‘ਤੇ ਸਹਿਮਤੀ ਦੇ ਦਿੱਤੀ ਹੈ ਕਿ ਸਰਦੇ-ਪੁੱਜਦੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ, ਪਰ ਉਹ ਇਸ ਤੋਂ ਪਹਿਲਾਂ ਆਪਣੀ ਕਰਜ਼ਾ ਮੁਆਫ਼ੀ ਮੁਹਿੰਮ ਦਾ ਮੁੱਢ ਬੰਨ੍ਹੇਗੀ। ਖੇਤੀ ਵਿਕਾਸ ਬੈਂਕ ਵੱਡਿਆਂ ਦੇ ਘਰਾਂ ਅੱਗੇ ਸ਼ੁਰੂ ਕੀਤੀ ‘ਧਰਨਾ ਮੁਹਿੰਮ’ ਤੋਂ ਹੌਸਲੇ ਵਿੱਚ ਹੈ, ਜਿਸਦੇ ਸਿੱਟੇ ਵਜੋਂ ਹੁਣ ਵੱਡੇ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਦੀ ਤਿਆਰੀ ਖਿੱਚ ਲਈ ਗਈ ਹੈ।
ਖੇਤੀ ਵਿਕਾਸ ਬੈਂਕਾਂ ਨੂੰ ਹੁਣ ਤੱਕ 307 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ, ਜਿਸ ‘ਚੋਂ 180 ਕਰੋੜ ਰੁਪਏ ਇਕੱਲੇ ਡਿਫਾਲਟਰਾਂ ਤੋਂ ਮਿਲੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਖੇਤੀ ਕਰਜ਼ਿਆਂ ਵਾਲੇ ਡਿਫਾਲਟਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਝੰਜਟ ਮੁਕਾ ਦਿੱਤਾ ਹੈ ਪਰ ਗੈਰ-ਖੇਤੀ ਕਰਜ਼ਿਆਂ ਵਾਲੇ ਕਿਸਾਨਾਂ ‘ਤੇ ਤਲਵਾਰ ਲਟਕ ਰਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਵਿਰੋਧ ਤੋਂ ਬਚਣ ਲਈ ਮੁਢਲੇ ਪੜਾਅ ‘ਤੇ ਵੱਡੇ ਡਿਫਾਲਟਰਾਂ ਨੂੰ ਦੂਸਰਾ ਵੱਡਾ ਝਟਕਾ ਦੇਣ ਦੀ ਵਿਉਂਤ ਬਣਾਈ ਹੈ।
ਸੂਤਰਾਂ ਮੁਤਾਬਕ ਖੇਤੀ ਵਿਕਾਸ ਬੈਂਕਾਂ ਨੇ ਵੱਡਿਆਂ ਨੂੰ ਜੇਲ੍ਹ ਵਿਖਾਉਣ ਲਈ ਤਿਆਰੀ ਕਰ ਲਈ ਹੈ, ਸਿਰਫ਼ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਰਜ਼ਾ ਮੁਆਫ਼ੀ ਮੁਹਿੰਮ ਦੀ ਸ਼ੁਰੂਆਤ ਮਾਨਸਾ ਤੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੇਂ ਵਰ੍ਹੇ ਦੇ ਦੂਸਰੇ ਹਫ਼ਤੇ ਤੋਂ ਵੱਡੇ ਡਿਫਾਲਟਰਾਂ ਖ਼ਿਲਾਫ਼ ਸ਼ਿਕੰਜਾ ਹੋਰ ਕਸੇ ਜਾਣ ਦੀ ਸੰਭਾਵਨਾ ਹੈ। ਦੋ ਬੈਂਕਾਂ ਦੇ ਮੈਨੇਜਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਜ਼ਬਾਨੀ ਹੁਕਮ ਆ ਗਏ ਹਨ ਕਿ ਉਹ ਵੱਡਿਆਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਲਈ ਮੁੱਢਲਾ ਕੰਮ ਤਿਆਰ ਰੱਖਣ। ਗ੍ਰਿਫ਼ਤਾਰੀ ਵਾਰੰਟ ਲੈਣ ਲਈ ਕੋਈ ਅੜਿੱਕਾ ਨਾ ਪਿਆ ਤਾਂ ਕਈ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਪੰਜਾਬ ਵਿੱਚ ਵੱਡੇ ਡਿਫਾਲਟਰਾਂ ਵੱਲ 233 ਕਰੋੜ ਰੁਪਏ ਫਸੇ ਹੋਏ ਹਨ। ਪਿਛਲੇ ਦਿਨੀਂ ਖੇਤੀ ਵਿਕਾਸ ਬੈਂਕ ਗੁਰੂਹਰਸਹਾਏ ਨੇ ਦੋ ਕਿਸਾਨ ਜੇਲ੍ਹੇ ਭੇਜੇ ਹਨ ਜਿਸਦਾ ਕਿਸਾਨ ਧਿਰਾਂ ਨੇ ਵੀ ਸਖ਼ਤ ਨੋਟਿਸ ਲਿਆ ਹੈ। ਪਤਾ ਲੱਗਾ ਹੈ ਕਿ ਬੈਂਕ ਇਨ੍ਹਾਂ ਗ੍ਰਿਫ਼ਤਾਰੀਆਂ ਮਗਰੋਂ ਪਿੱਛੇ ਹਟ ਗਏ ਹਨ। ਉਲਟਾ, ਮੁੜ ਵੱਡਿਆਂ ਦੇ ਘਰਾਂ ਵੱਲ ਮੂੰਹ ਕਰ ਲਏ ਹਨ। ਪੰਜਾਬ ਭਰ ਵਿੱਚ 89 ਖੇਤੀ ਵਿਕਾਸ ਬੈਂਕ ਹਨ, ਜਿਨ੍ਹਾਂ ਐਤਕੀਂ 1800 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ ਅਤੇ ਕਰਜ਼ਾ ਵਸੂਲੀ ਮੁਹਿੰਮ 31 ਜਨਵਰੀ 2018 ਤੱਕ ਚੱਲਣੀ ਹੈ।
ਮਾਨਸਾ ਦੇ ਬੈਂਕ ਇਸ ਮਾਮਲੇ ਵਿੱਚ ਕਾਫ਼ੀ ਪਿੱਛੇ ਚੱਲ ਰਹੇ ਹਨ ਜਦਕਿ ਗੁਰਦਾਸਪੁਰ ਦੇ ਖੇਤੀ ਵਿਕਾਸ ਬੈਂਕ ਵੀ ਵਸੂਲੀ ਪੱਖੋਂ ਮਾਰ ਖਾ ਗਏ ਹਨ।
ਕਮਜ਼ੋਰ ਕਿਸਾਨਾਂ ਖ਼ਿਲਾਫ਼ ਸਖ਼ਤੀ ਨਹੀਂ: ਐੱਮ ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਕੀਂ ਕਰੀਬ 450 ਕਰੋੜ ਦੀ ਵਸੂਲੀ ਹੋਣ ਦੀ ਉਮੀਦ ਹੈ ਅਤੇ ਧਰਨਾ ਮੁਹਿੰਮ ਦੇ ਸਾਰਥਕ ਨਤੀਜੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਰਜ਼ਾ ਲੈਣ ਵਾਲੇ ਮਾਲੀ ਤੌਰ ‘ਤੇ ਕਮਜ਼ੋਰ ਕਿਸਾਨਾਂ ਖ਼ਿਲਾਫ਼ ਕੋਈ ਸਖ਼ਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਹੀ ਵਸੂਲੀ ਲਈ ਜਾਵੇਗੀ।